
ਸੰਗਰੂਰ/ ਲੌਂਗੋਵਾਲ/ ਸੁਨਾਮ, 15 ਨਵੰਬਰ- ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਪਿੰਡ ਚੱਠਾ ਸੇਖਵਾਂ ਵਿਖੇ 01 ਕਰੋੜ 29 ਲੱਖ ਅਤੇ ਪਿੰਡ ਰੱਤੋਕੇ ਵਿਖੇ 01 ਕਰੋੜ 11 ਲੱਖ ਨਾਲ ਸਿੰਜਾਈ ਪਾਈਪ ਲਾਈਨ ਪਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ, ਜਿਸ ਸਬੰਧੀ ਲੋਕਾਂ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਦੱਸਿਆ ਕਿ ਪਿੰਡ ਚੱਠਾ ਸੇਖਵਾਂ ਵਿਖੇ ਪਾਈ ਜਾਣ ਵਾਲੀ 7750 ਮੀਟਰ ਲੰਬੀ ਪਾਈਪ ਲਾਈਨ ਨਾਲ 369.60 ਹੈਕਟੇਅਰ ਰਕਬੇ ਦੀ ਸਿੰਜਾਈ ਹੋਵੇਗੀ, ਜਿਸ ਨਾਲ 100 ਪਰਿਵਾਰਾਂ ਨੂੰ ਲਾਭ ਹੋਵੇਗਾ। ਇਸੇ ਤਰ੍ਹਾਂ ਪਿੰਡ ਰੱਤੋਕੇ ਵਿਖੇ ਪਾਈ ਜਾਣ ਵਾਲੀ 10645 ਮੀਟਰ ਲੰਬੀ ਸਿੰਜਾਈ ਪਾਈਪ ਲਾਈਨ ਨਾਲ 246.145 ਹੈਕਟੇਅਰ ਰਕਬੇ ਦੀ ਸਿੰਜਾਈ ਹੋਵੇਗੀ, ਜਿਸ ਨਾਲ 99 ਪਰਿਵਾਰਾਂ ਨੂੰ ਲਾਭ ਹੋਵੇਗਾ।
ਸ਼੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਖੇਤ ਤਕ ਨਹਿਰੀ ਪਾਣੀ ਪੁੱਜਦਾ ਕੀਤੇ ਜਾਣ ਦੇ ਕੀਤੇ ਵਾਅਦੇ ਮੁਤਾਬਕ ਕੀਤੇ ਕੰਮ ਨਾਲ
ਕਈ ਖੇਤਾਂ ਨੂੰ ਕਰੀਬ 30 ਸਾਲ ਬਾਅਦ ਨਹਿਰੀ ਪਾਣੀ ਮਿਲਿਆ ਹੈ। ਉਹਨਾਂ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਸਰਕਾਰ ਬਣਨ ਤਕ ਪੰਜਾਬ ਦੇ ਹਿੱਸੇ ਦਾ ਤੀਜਾ ਹਿੱਸਾ ਪਾਣੀ ਵਰਤਿਆ ਹੀ ਨਹੀਂ ਜਾ ਰਿਹਾ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਨਹਿਰੀ ਪ੍ਰਬੰਧ ਨੂੰ ਠੀਕ ਕਰਨ ਵੱਲ ਧਿਆਨ ਨਹੀਂ ਦਿੱਤਾ ਸੀ। ਪਰ ਮੌਜੂਦਾ ਸਰਕਾਰ ਦੇ ਯਤਨਾਂ ਸਦਕਾ ਨਹਿਰੀ ਪਾਣੀ ਦੀ ਵਰਤੋਂ ਵੱਡੇ ਪੱਧਰ ਉੱਤੇ ਵਧੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਨਹਿਰੀ ਪਾਣੀ ਦੀਆਂ ਪਾਈਪ ਲਾਈਨਾਂ ਪਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ, ਜਿਸ ਨਾਲ ਹਲਕੇ ਦੇ ਵੱਡੇ ਖੇਤਰ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ ਅਤੇ ਧਰਤੀ ਹੇਠਲੇ ਪਾਣੀ ਉੱਤੇ ਨਿਰਭਰਤਾ ਘਟੇਗੀ।
ਇਸ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ ਵੱਖ ਅਹੁਦੇਦਾਰ, ਪਿੰਡਾਂ ਦੇ ਪੰਚ ਤੇ ਸਰਪੰਚ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।