Friday, November 14Malwa News
Shadow

ਕੈਬਨਿਟ ਮੰਤਰੀ ਅਮਨ ਅਰੋੜਾ ਨੇ 06 ਪਿੰਡਾਂ ਵਿੱਚ ਕਰੀਬ 01 ਕਰੋੜ 83 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਉਣ ਦੇ ਕੰਮਾਂ ਦੀ ਕਰਵਾਈ ਸ਼ੁਰੂਆਤ

ਸੰਗਰੂਰ, 14 ਨਵੰਬਰ- ਰੰਗਲੇ ਪੰਜਾਬ ਦੇ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਦੂਰ ਕਰ ਕੇ ਖੇਡਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਪਿੰਡਾਂ ਵਿੱਚ ਆਧੁਨਿਕ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਇਸੇ ਕੜੀ ਤਹਿਤ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ 06 ਪਿੰਡਾਂ ਵਿੱਚ ਕਰੀਬ 01 ਕਰੋੜ 83 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਇਹਨਾਂ ਵਿੱਚ ਚੱਠੇ ਸੇਖਵਾਂ ਵਿਖੇ 16.06 ਲੱਖ ਰੁਪਏ, ਉਭਾਵਾਲ ਵਿਖੇ 34.33 ਲੱਖ ਰੁਪਏ, ਬਡਰੁੱਖਾਂ ਵਿਖੇ 35.23 ਲੱਖ ਰੁਪਏ, ਭੰਮਾਬਦੀ ਵਿਖੇ 38.47 ਲੱਖ ਰੁਪਏ, ਬਹਾਦਰਪੁਰ ਵਿਖੇ 14.09 ਲੱਖ ਰੁਪਏ ਅਤੇ ਦੁੱਗਾਂ ਵਿਖੇ 44.39 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਬਣਾਏ ਜਾ ਰਹੇ ਹਨ।

ਇਸ ਦੌਰਾਨ ਸੰਬੋਧਨ ਕਰਦਿਆਂ ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਸਰਵਪੱਖੀ ਵਿਕਾਸ ਤਹਿਤ ਸੂਬੇ ਭਰ ਵਿੱਚ 3100 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਵਿਧਾਨ ਸਭਾ ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ ਕਰੀਬ 11.5 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾਣੇ ਹਨ।

ਇਹ ਸਟੇਡੀਅਮ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਵਧੀਆ ਮੌਕਾ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ “ਹਰ ਪਿੰਡ ਖੇਡ ਮੈਦਾਨ” ਮੁਹਿੰਮ ਨੂੰ ਮਿਸ਼ਨ ਦੇ ਰੂਪ ਵਿੱਚ ਅੱਗੇ ਵਧਾ ਰਹੀ ਹੈ, ਤਾਂ ਜੋ ਪਿੰਡ ਪੱਧਰ ‘ਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਸਕੇ।

ਇਹ ਖੇਡ ਸਟੇਡੀਅਮ ਬਹੁਤ ਜਲਦ ਬਣ ਕੇ ਤਿਆਰ ਹੋ ਜਾਣਗੇ। ਇਹਨਾਂ ਸਟੇਡੀਅਮਾਂ ਵਿੱਚ ਐਥਲੈਟਿਕ ਟਰੈਕ, ਬਾਸਕਟਬਾਲ, ਵਾਲੀਬਾਲ ਮੈਦਾਨ ਹੋਣ ਦੇ ਨਾਲ ਨਾਲ ਵਧੀਆ ਘਾਹ,
ਫੁਹਾਰੇ, ਪਖਾਨੇ, ਲਾਈਟਾਂ ਅਤੇ ਬੈਂਚ ਲਗਾਏ ਜਾਣਗੇ। ਇਹਨਾਂ ਨੂੰ ਵਧੀਆ ਫੁੱਲ ਬੂਟੇ ਲਗਾ ਕੇ ਸਜਾਇਆ ਜਾਵੇਗਾ। ਇਹ ਖੇਡ ਸਟੇਡੀਅਮ ਨੌਜਵਾਨਾਂ ਅਤੇ ਸਾਰੀ ਉਮਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਗਰਾਂਊਂਡ ਹਰੇਕ ਵਿਅਕਤੀ ਦੀ ਪਹੁੰਚ ਵਿੱਚ ਹੋਣ, ਇਸ ਕਰਕੇ ਇਹ ਪਿੰਡਾਂ ਦੇ ਵਿੱਚ ਹੀ ਬਣਾਏ ਜਾ ਰਹੇ ਹਨ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜੇਕਰ ਸਟੇਡੀਅਮ ਪਿੰਡ ਤੋਂ ਦੂਰ ਹੋਣ ਤਾਂ ਲੋਕ ਇਹਨਾਂ ਦਾ ਲਾਭ ਨਹੀਂ ਲੈਂਦੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ। ਜੀਵਨ ਵਿੱਚ ਜਿੰਨੀ ਸਿੱਖਿਆ ਜ਼ਰੂਰੀ ਹੈ, ਓਨੀ ਹੀ ਚੰਗੀ ਅਤੇ ਤੰਦਰੁਸਤ ਜੀਵਨ ਸ਼ੈਲੀ ਵੀ ਜ਼ਰੂਰੀ ਹੈ। ਅੱਜ ਦੇ ਬੱਚਿਆਂ ਨੂੰ ਖੇਡ ਸਟੇਡੀਅਮ ਨਾਲ ਜੋੜਨਾ ਸਮੇਂ ਦੀ ਲੋੜ ਹੈ।

ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।