Tuesday, September 23Malwa News
Shadow

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਸਬੰਧਤ ਵਿਭਾਗਾਂ, ਬੇਲਰ ਯੂਨੀਅਨ ਅਤੇ ਬਾਇਓਮਾਸ ਪਲਾਂਟ ਮਾਲਕਾਂ ਨਾਲ ਕੀਤੀ ਗਈ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ:

ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਤਹਿਤ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀਆਂ ਹਦਾਇਤਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ, ਬਾਇੳਮਾਸ ਇੰਡਸਟਰੀਜ਼ ਅਤੇ ਬੇਲਰ ਮਾਲਕਾਂ ਨਾਲ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਬਾਰੇ ਇੱਕ ਵਿਸ਼ੇਸ਼ ਰਾਹੀਂ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦਾ ਮੁੱਖ ਉਦੇਸ਼ ਸਾਉਣੀ ਦੇ ਸੀਜਨ ਦੌਰਾਨ ਝੋਨੇ/ਬਾਸਮਤੀ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਵੱਖ-ਵੱਖ ਵਿਭਾਗਾਂ, ਬਾਇਓਮਾਸ ਇੰਡਸਟਰੀਜ਼ ਅਤੇ ਬੇਲਰ ਮਾਲਕਾਂ ਨੂੰ ਪਰਾਲੀ ਪ੍ਰਬੰਧਨ ਵਿੱਚ ਆ ਰਹੀਆਂ ਮੁਸ਼ਕਿਲਾਂ ’ਤੇ ਯੋਗ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਉਣਾ ਹੈ।

ਇਹਨਾਂ ਮੁਸ਼ਿਕਲਾਂ ਦੇ ਹੱਲ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ, ਬਾਇਓਮਾਸ ਇੰਡਸਟਰੀਜ਼ ਅਤੇ ਬੇਲਰ ਮਾਲਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਮੁਸ਼ਿਕਲਾਂ ਆ ਰਹੀਆਂ ਹਨ, ਉਨ੍ਹਾਂ ਦਾ ਹੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਾਲੀ ਖ਼ਰੀਦਣ ਮੌਕੇ ਪਲਾਂਟ ਮਾਲਕ ਸਭ ਤੋਂ ਪਹਿਲਾਂ ਮੂਲ ਜ਼ਿਲ੍ਹੇ ਨੂੰ ਤਰਜੀਹ ਦੇਣ ਅਤੇ ਖੇਤੀਬਾੜੀ ਵਿਭਾਗ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਹਰ ਦਿਨ ਦੀ ਰਿਪੋਰਟ ਤੇ ਏਰੀਆ ਕਵਰੇਜ਼ ਦਾ ਡਾਟਾਬੇਸ ਜ਼ਰੂਰੀ ਹੋਵੇ ਤਾਂ ਜੋ ਪਰਾਲੀ ਦੀਆ ਗੱਠਾਂ ਬਣਾਉਣ ਤੋਂ ਬਾਅਦ ਕਿਸੇ ਵੀ ਕਿਸਾਨ ਵੱਲੋਂ ਬਚੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।

ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਜਾ ਕੇ ਪਰਾਲੀ ਦੀ ਸਾਂਭ-ਸੰਭਾਲ ਲਈ ਡੰਪ ਲਈ ਜਗ੍ਹਾ ਦੀ ਚੋਣ ਜਲਦੀ ਤੋਂ ਜਲਦੀ ਕੀਤੀ ਜਾਵੇ ਤਾਂ ਜੋ ਪਰਾਲੀ ਦੀਆਂ ਗੱਠਾਂ ਨੂੰ ਸੰਭਾਲਣ ਸਬੰਧੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।

ਇਸ ਤੋਂ ਇਲਾਵਾ ਉਨ੍ਹਾਂ ਬਿਜਲੀ ਵਿਭਾਗ ਨੂੰ ਹਦਾਇਤ ਕਿ ਬਿਜਲੀ ਦੀਆਂ ਜੋ ਤਾਰਾਂ ਢਿੱਲੀਆਂ ਤੇ ਨੀਵੀਂਆਂ ਹਨ, ਉਨ੍ਹਾਂ ਨੂੰ ਕਸਿਆ ਜਾਵੇ ਤਾਂ ਜੋ ਅੱਗ ਲੱਗਣ ਜਿਹੀ ਦੁਰਘਟਨਾ ਜਾਂ ਪਰਾਲੀ ਦੀਆਂ ਟਰਾਲੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਲਿਜਾਣ ਸਮੇਂ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂੰ ਕਰਵਾਇਆ ਜਾਵੇ ਤਾਂ ਜੋ ਉਹ ਆਪਣੇ ਮਾਪਿਆਂ ਨੂੰ ਇਸ ਬਾਰੇ ਜਾਗਰੂਕ ਕਰ ਸਕਣ।

ਉਨ੍ਹਾਂ ਪਲਾਂਟ ਮਾਲਕਾਂ ਨੂੰ ਕਿਹਾ ਕਿ ਪਰਾਲੀ ਖਰੀਦਣ ਸਬੰਧੀ ਪੂਰੀ ਅਤੇ ਸਪੱਸ਼ਟ ਮੰਗ ਤੈਅ ਕਰਨ। ਕਿਸਾਨਾਂ ਨਾਲ ਲਿਖਤੀ ਐਗਰੀਮੈਂਟ ਕੀਤੇ ਜਾਣ। ਸੀਜਨ ਦੌਰਾਨ ਬਾਇਓਮਾਸ ਇੰਡਸਟਰੀਜ ਨੂੰ ਜੋ ਗੱਠਾਂ ਸਪਲਾਈ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਵੱਲੋਂ ਨਮੀ ਸਬੰਧੀ ਸਪੱਸ਼ਟ ਨਿਯਮ ਬਣਾਏ ਜਾਣੇ ਜਰੂਰੀ ਹਨ ਅਤੇ ਪਲਾਂਟਾਂ ਕੋਲ ਐਗਰੀਮੈਂਟ ਸਬੰਧੀ ਜੋ ਸੂਚੀਆਂ ਹਨ ਉਨ੍ਹਾਂ ਨੂੰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨਾਲ ਸਾਂਝਾ ਕੀਤਾ ਜਾਵੇ। ਝੋਨੇ ਦੀ ਪਰਾਲੀ ਇਕੱਠੀ ਕਰਨ ਅਤੇ ਸੰਭਾਲਣ ਲਈ ਥਾਂਵਾ/ਡੰਪਿੰਗ ਸਾਇਟਾਂ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਗੱਠਾਂ ਦੀ ਸਮੇਂ ਸਿਰ ਉਠਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਲਾਂਟ ਵੱਲੋਂ ਸਪਲਾਈ ਜਾਂ ਖਰੀਦ ਬੰਦ ਕਰਨ ਦੀ ਜਾਣਕਾਰੀ ਸਮੇਂ ਸਿਰ ਦਿੱਤੀ ਜਾਣੀ ਜਰੂਰੀ ਹੈ।

ਮੁੱਖ ਖੇਤੀਬਾੜੀ ਅਫਸਰ ਕਰਨਜੀਤ ਸਿੰਘ ਗਿੱਲ ਵੱਲੋਂ ਪਲਾਂਟ ਮਾਲਕਾਂ ਅਤੇ ਬੇਲਰ ਮਾਲਕਾਂ ਨੂੰ ਕਿਹਾ ਗਿਆ ਕਿ ਉਹ ਆਪਸੀ ਤਾਲਮੇਲ ਬਣਾ ਕੇ ਜ਼ਿਲ੍ਹੇ ਵਿੱਚ ਕੰਮ ਕਰਨ ਤਾਂ ਜੋ ਪਰਾਲੀ ਪ੍ਰੰਬਧਨ ਵਿੱਚ ਕੋਈ ਮੁਸ਼ਕਿਲ ਨਾ ਆਵੇ। ਇਹਨਾਂ ਮੁਸ਼ਿਕਲਾਂ ’ਤੇ ਵਿਚਾਰ ਵਟਾਦਰਾ ਕਰਦੇ ਹੋਏ ਬਾਇਉਮਾਸ ਇੰਡਸਟਰੀਜ਼ ਅਤੇ ਬੇਲਰ ਮਾਲਕਾਂ ਨੂੰ ਮਹਿਕਮੇ ਦਾ ਪੂਰਾ ਸਹਿਯੋਗ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਤਾਂ ਜੋ ਆਉਣ ਵਾਲੇ ਸੀਜਨ ਦੌਰਾਨ ਜ਼ੀਰੋ ਬਰਨਿੰਗ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਮੁਕਤਸਰ ਸਹਿਬ ਸੁਰਿੰਦਰ ਸਿੰਘ ਢਿੱਲੋਂ, ਉਪ-ਮੰਡਲ ਮੈਜਿਟਟ੍ਰੇਟ ਸ੍ਰੀ ਮੁਕਤਸਰ ਸਾਹਿਬ ਬਲਜੀਤ ਕੌਰ, ਐਕਸੀਅਨ ਪ੍ਰਦੂਸ਼ਣ ਬੋਰਡ ਰਵੀਪਾਲ ਅਤੇ ਹੋਰ ਅਧਿਕਾਰੀਆਂ ਵੱਲੋਂ ਵੀ ਆਪਣੇ ਵਿਚਾਰ ਸਾਝੇਂ ਕੀਤੇ ਗਏ।

ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸੰਦੀਪ ਕੁਮਾਰ, ਡੀ.ਐਸ.ਪੀ. ਰਸ਼ਪਾਲ ਸਿੰਘ, ਨਾਇਬ ਤਹਿਸੀਲਦਾਰ ਦੋਦਾ ਜਸਵਿੰਦਰ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਤੋਂ ਅਜੈਪਾਲ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਦਿੱਤ ਸਿੰਘ ਔਲਖ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੁਮਾਰ, ਪ੍ਰਧਾਨ ਬੇਲਰ ਯੂਨੀਅਨ ਬਲਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਇੰਡਸਟਰੀਆਂ ਅਤੇ ਬੇਲਰ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।