Sunday, October 11Malwa News
Shadow

ਮੋਗਾ ਦੀ ਇਹ ਅਕੈਡਮੀ ਜਿੱਥੇ ਹਰਮਨਪ੍ਰੀਤ ਕੌਰ ਨੇ ਫੜਿਆ ਸੀ ਬੱਲਾ, ਹੁਣ ਹੋਰ ਖਿਡਾਰਨਾਂ ਹੋ ਰਹੀਆਂ ਤਿਆਰ !

ਮੋਗਾ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਹਰਮਨਪ੍ਰੀਤ ਕੌਰ ਵੱਲੋਂ ਬੀਤੀ ਦਿਨੀਂ ਆਪਣੇ ਸਾਰੇ ਫਾਰਮੈਟਾਂ ਵਿੱਚ ਕਪਤਾਨੀ ਛੱਡ ਦਿੱਤੀ ਹੈ। 37 ਸਾਲਾ ਇਸ ਖਿਡਾਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਦਾ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਨਾਲ ਡੂੰਘਾ ਰਿਸ਼ਤਾ ਹੈ। ਦੱਸ ਦਈਏ ਕਿ ਦਾਰਾਪੁਰ ਪਿੰਡ ਸਥਿਤ ਗਿਆਨ ਜੋਤੀ ਅਕੈਡਮੀ ਵਿੱਚ ਮੀਡੀਆ ਟੀਮ ਪਹੁੰਚੀ, ਜਿੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਹਰਮਨਪ੍ਰੀਤ ਕੌਰ ਦੀ ਕ੍ਰਿਕਟ ਯਾਤਰਾ ਨਾਲ ਜੁੜੀਆਂ ਯਾਦਾਂ ਅਤੇ ਅੱਜ ਦੇ ਨੌਜਵਾਨ ਖਿਡਾਰੀਆਂ ਦੀ ਤਿਆਰੀ ਨੂੰ ਦੇਖਿਆ ਗਿਆ।

ਹਰਮਨਪ੍ਰੀਤ ਕੌਰ ਦੀ ਕਰੀਅਰ ਦੀ ਸ਼ੁਰੂਆਤ

ਦੱਸ ਦਈਏ ਕਿ ਹਰਮਨਪ੍ਰੀਤ ਕੌਰ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਗਿਆਨ ਜੋਤੀ ਅਕੈਡਮੀ ਤੋਂ ਕੀਤੀ ਸੀ। ਬਚਪਨ ਵਿੱਚ ਉਹ ਮੁੰਡਿਆਂ ਨਾਲ ਕ੍ਰਿਕਟ ਖੇਡਦਿਆਂ ਕੋਚਿੰਗ ਲੈਂਦੀ ਰਹੀ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਭਾਰਤੀ ਟੀਮ ਤੱਕ ਪਹੁੰਚੀ। ਅੱਗੇ ਚੱਲ ਕੇ ਉਨ੍ਹਾਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਸੰਭਾਲੀ ਅਤੇ ਕਈ ਵੱਡੇ ਟੂਰਨਾਮੈਂਟਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ।


ਗਿਆਨ ਜੋਤੀ ਅਕੈਡਮੀ ਦਾ ਕੋਚ


ਗਿਆਨ ਜੋਤੀ ਅਕੈਡਮੀ ਦੇ ਕੋਚ ਕਮਲਦੀਪ ਪਾਲ ਸਿੰਘ ਸੋਢੀ ਨੇ ਦੱਸਿਆ ਕਿ ਹਰਮਨਪ੍ਰੀਤ ਜਦੋਂ ਅਕੈਡਮੀ ਵਿੱਚ ਆਉਂਦੀ ਸੀ ਤਾਂ ਉਸ ਵਿੱਚ ਕ੍ਰਿਕਟ ਪ੍ਰਤੀ ਬੇਹੱਦ ਜਜ਼ਬਾ ਅਤੇ ਮਿਹਨਤ ਕਰਨ ਦੀ ਲਗਨ ਸੀ। ਉਸ ਸਮੇਂ ਉਹ ਮੁੰਡਿਆਂ ਨਾਲ ਵੀ ਖੇਡਦੀ ਸੀ ਅਤੇ ਲਗਾਤਾਰ ਆਪਣੀ ਖੇਡ ਨੂੰ ਬਿਹਤਰ ਬਣਾਉਣ ਲਈ ਮਿਹਨਤ ਕਰਦੀ ਰਹੀ। ਕੋਚ ਦੇ ਮੁਤਾਬਕ ਹਰਮਨਪ੍ਰੀਤ ਦੀ ਸਫਲਤਾ ਪਿੱਛੇ ਉਸਦੀ ਲਗਾਤਾਰ ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਦਾ ਵੱਡਾ ਯੋਗਦਾਨ ਰਿਹਾ।

“ਹਰਮਨਪ੍ਰੀਤ ਬਚਪਨ ਤੋਂ ਹੀ ਬੇਹੱਦ ਮਿਹਨਤੀ ਅਤੇ ਜੁਝਾਰੂ ਖਿਡਾਰਨ ਸੀ। ਮੋਗਾ ਦੇ ਦਾਰਾਪੁਰ ਸਥਿਤ ਜੋਤੀ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਥੋਂ ਦੇ ਮੈਦਾਨਾਂ ਤੋਂ ਉਸ ਦੇ ਕ੍ਰਿਕਟ ਸਫ਼ਰ ਦੀ ਸ਼ੁਰੂਆਤ ਹੋਈ। ਮੈਂ ਉੱਥੇ ਉਸ ਨੂੰ ਬੱਚਿਆਂ ਨਾਲ ਖੇਡਦੇ ਦੇਖਦਾ ਸੀ। ਉਸ ਸਮੇਂ ਕੁੜੀਆਂ ਲਈ ਕ੍ਰਿਕਟ ਵਿੱਚ ਅੱਗੇ ਵਧਣ ਦੇ ਮੌਕੇ ਬਹੁਤ ਘੱਟ ਸਨ, ਪਰ ਹਰਮਨਪ੍ਰੀਤ ਨੇ ਹਲਾਤ ਨੂੰ ਆਪਣੇ ਰਾਹ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ।”- ਕਮਲਦੀਪ ਪਾਲ ਸਿੰਘ ਸੋਢੀ, ਕੋਚ, ਗਿਆਨ ਜੋਤੀ ਅਕੈਡਮੀ


ਕਮਲਦੀਪ ਪਾਲ ਸਿੰਘ ਸੋਢੀ, ‘ਅਕੈਡਮੀ ਵਿੱਚ ਅੱਜ ਵੀ ਲੜਕੀਆਂ ਨੂੰ ਮੁੰਡਿਆਂ ਨਾਲ ਖੇਡਣ ਅਤੇ ਮੁਕਾਬਲੇ ਵਾਲਾ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਦਾ ਆਤਮਵਿਸ਼ਵਾਸ ਵਧੇ ਅਤੇ ਉਹ ਉੱਚ ਪੱਧਰ ’ਤੇ ਕ੍ਰਿਕਟ ਖੇਡਣ ਲਈ ਤਿਆਰ ਹੋ ਸਕਣ। ਅਕੈਡਮੀ ਦੇ ਕਈ ਖਿਡਾਰੀ ਸੂਬਾ ਅਤੇ ਰਾਸ਼ਟਰੀ ਪੱਧਰ ਤੱਕ ਵੀ ਪਹੁੰਚ ਚੁੱਕੇ ਹਨ’।

ਅੱਜ ਅਕੈਡਮੀ ਵਿੱਚ ਕਈ ਲੜਕੀਆਂ ਹਰਮਨਪ੍ਰੀਤ ਕੌਰ ਨੂੰ ਆਪਣਾ ਆਦਰਸ਼ ਮੰਨ ਕੇ ਕ੍ਰਿਕਟ ਦੀ ਟ੍ਰੇਨਿੰਗ ਲੈ ਰਹੀਆਂ ਹਨ। ਖਿਡਾਰਨ ਮਨਜੋਤ ਕੌਰ ਨੇ ਦੱਸਿਆ ਕਿ ਹਰਮਨਪ੍ਰੀਤ ਨੂੰ ਇਸੇ ਗਰਾਊਂਡ ਤੋਂ ਭਾਰਤੀ ਟੀਮ ਤੱਕ ਪਹੁੰਚਦੇ ਦੇਖ ਕੇ ਉਸਦੇ ਮਨ ਵਿੱਚ ਵੀ ਭਾਰਤ ਲਈ ਕ੍ਰਿਕਟ ਖੇਡਣ ਦਾ ਸੁਪਨਾ ਪੈਦਾ ਹੋਇਆ।


ਹਰਮਨਪ੍ਰੀਤ ਦੀ ਖੇਡ ਅਤੇ ਭਾਰਤੀ ਟੀਮ ਲਈ ਉਸਦੇ ਪ੍ਰਦਰਸ਼ਨ ਨੂੰ ਆਪਣੀ ਪ੍ਰੇਰਣਾ ਦੱਸਿਆ। ਉਸਦਾ ਸੁਪਨਾ ਵੀ ਭਵਿੱਖ ਵਿੱਚ ਭਾਰਤੀ ਕ੍ਰਿਕਟ ਟੀਮ ਲਈ ਖੇਡ ਕੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ। ਇਸੇ ਤਰ੍ਹਾਂ ਹਰਮਨਵੀਰ ਸਿੰਘ ਗਿੱਲ ਅਤੇ ਅਰਮਾਨ ਮਲਰਾਏ ਸਮੇਤ ਅਕੈਡਮੀ ਦੇ ਹੋਰ ਖਿਡਾਰੀ ਵੀ ਵੱਡੇ ਪੱਧਰ ’ਤੇ ਕ੍ਰਿਕਟ ਖੇਡਣ ਦੇ ਸੁਪਨੇ ਨਾਲ ਮਿਹਨਤ ਕਰ ਰਹੇ ਹਨ।- ਗੁਰਨੂਰ ਕੌਰ, ਖਿਡਾਰੀ

“ਮੈਨੂੰ ਲੱਗਦਾ ਸੀ ਕਿ ਇਹ ਬੱਚੀ ਕੁਝ ਵੱਡਾ ਹੀ ਕਰੇਗੀ”

ਹਰਮਨਪ੍ਰੀਤ ਦੀ ਬੱਲੇਬਾਜ਼ੀ ਨੂੰ ਯਾਦ ਕਰਦਿਆਂ ਕੋਚ ਨੇ ਇੱਕ ਪੁਰਾਣੀ ਘਟਨਾ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ “ਸੂਬਾ ਪੱਧਰੀ ਫਾਈਨਲ ਮੁਕਾਬਲੇ ਦੌਰਾਨ ਹਰਮਨਪ੍ਰੀਤ ਨੇ ਅਜਿਹਾ ਜ਼ਬਰਦਸਤ ਛੱਕਾ ਲਗਾਇਆ ਕਿ ਗੇਂਦ ਮੈਦਾਨ ਤੋਂ ਬਾਹਰ ਜਾ ਕੇ ਇੱਕ ਮਕਾਨ ਦੇ ਸ਼ੀਸ਼ੇ ਨਾਲ ਜਾ ਲੱਗੀ ਅਤੇ ਸ਼ੀਸ਼ੇ ਟੁੱਟ ਗਏ। ਉਸ ਸਮੇਂ ਹੀ ਉਸ ਦੀ ਪਾਵਰ ਹਿਟਿੰਗ ਦੀ ਝਲਕ ਸਾਫ਼ ਨਜ਼ਰ ਆਉਂਦੀ ਸੀ। ਮੈਨੂੰ ਲੱਗਦਾ ਸੀ ਕਿ ਇਹ ਬੱਚੀ ਕੁਝ ਵੱਡਾ ਹੀ ਕਰੇਗੀ।”

ਹਰਮਨਪ੍ਰੀਤ ਕੌਰ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ

ਦੱਸ ਦਈਏ ਕਿ ਹਾਲ ਹੀ ਵਿੱਚ ਹਰਮਨਪ੍ਰੀਤ ਕੌਰ ਵੱਲੋਂ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਛੱਡਣ ਤੋਂ ਬਾਅਦ ਵੀ ਕ੍ਰਿਕਟ ਜਾਰੀ ਰੱਖਣ ਦੀ ਗੱਲ ਕਹੀ ਹੈ। ਅਕੈਡਮੀ ਦੇ ਕੋਚ ਅਤੇ ਖਿਡਾਰੀ ਮੰਨਦੇ ਹਨ ਕਿ ਹਰਮਨਪ੍ਰੀਤ ਦੀ ਕ੍ਰਿਕਟ ਯਾਤਰਾ ਅੱਜ ਵੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ। ਗਿਆਨ ਜੋਤੀ ਅਕੈਡਮੀ ਵਿੱਚ ਅੱਜ ਵੀ ਮੁੰਡੇ ਅਤੇ ਲੜਕੀਆਂ ਇਕੱਠੇ ਮਿਹਨਤ ਕਰ ਰਹੇ ਹਨ। ਇਨ੍ਹਾਂ ਖਿਡਾਰੀਆਂ ਦਾ ਟੀਚਾ ਹੈ ਕਿ ਹਰਮਨਪ੍ਰੀਤ ਕੌਰ ਵਾਂਗ ਉਹ ਵੀ ਕ੍ਰਿਕਟ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਅਤੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨ।

ਕੌਣ ਹਨ ਕਮਲਦੀਸ਼ਪਾਲ ਸਿੰਘ ਸੋਢੀ

ਕਮਲਦੀਸ਼ਪਾਲ ਸਿੰਘ ਸੋਢੀ ਇੱਕ ਸਿੱਖਿਆ ਸ਼ਾਸਤਰੀ, ਐਡਵੋਕੇਟ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਬਚਪਨ ਦੇ ਕੋਚ ਅਤੇ ਮੈਂਟਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਮੋਗਾ ਵਿਖੇ ਹਰਮਨਪ੍ਰੀਤ ਕੌਰ ਨੂੰ ਲੜਕਿਆਂ ਨਾਲ ਕ੍ਰਿਕਟ ਖੇਡਦਿਆਂ ਦੇਖ ਕੇ ਉਨ੍ਹਾਂ ਦੀ ਅਸਧਾਰਨ ਪ੍ਰਤਿਭਾ ਨੂੰ ਪਛਾਣਿਆ ਸੀ। ਉਨ੍ਹਾਂ ਨੇ ਹਰਮਨਪ੍ਰੀਤ ਨੂੰ ਆਪਣੇ ਸਕੂਲ ਅਤੇ ਅਕੈਡਮੀ ਵਿੱਚ ਮੁਫ਼ਤ ਟ੍ਰੇਨਿੰਗ, ਕਿੱਟ ਅਤੇ ਸਿੱਖਿਆ ਦੀ ਸਹੂਲਤ ਦਿੱਤੀ, ਜਿਸ ਨਾਲ ਹਰਮਨਪ੍ਰੀਤ ਦੇ ਕ੍ਰਿਕਟ ਕਰੀਅਰ ਨੂੰ ਇੱਕ ਨਵੀਂ ਉਡਾਣ ਮਿਲੀ। ਉਹ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ, ਦਾਰਾਪੁਰ (ਮੋਗਾ/ਫ਼ਿਰੋਜ਼ਪੁਰ) ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਸਕੂਲ ਦੀਆਂ ਖੇਡਾਂ, ਖਾਸ ਕਰਕੇ ਕ੍ਰਿਕਟ ਟੀਮ ਨੇ ਕਈ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ। ਉਨ੍ਹਾਂ ਨੇ ਗੌਰਮਿੰਟ ਕਾਲਜ ਜ਼ੀਰਾ ਤੋਂ ਪੜ੍ਹਾਈ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਏ. (M.A.) ਅਤੇ ਐਲ.ਐਲ.ਬੀ. (LL.B.) ਦੀ ਡਿਗਰੀ ਹਾਸਲ ਕੀਤੀ ਹੈ।