Saturday, October 3Malwa News
Shadow

Asian Games 2026: ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਪਾਰੀ, ਪਿਤਾ ਰਾਜਕੁਮਾਰ ਸ਼ਰਮਾ ਨੇ ਦਿੱਤੀ ਵਧਾਈ

ਅੰਮ੍ਰਿਤਸਰ: ਭਾਰਤੀ ਕ੍ਰਿਕਟ ਟੀਮ ਨੇ ਏਸ਼ੀਅਨ ਗੇਮਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਇਤਿਹਾਸਕ ਉਪਲਬਧੀ ’ਤੇ ਨੌਜਵਾਨ ਆਲਰਾਊਂਡਰ ਅਭਿਸ਼ੇਕ ਸ਼ਰਮਾ ਦੇ ਪਿਤਾ ਅਤੇ ਕੋਚ ਰਾਜਕੁਮਾਰ ਸ਼ਰਮਾ ਨੇ ਭਾਰਤੀ ਟੀਮ, ਕੋਚਿੰਗ ਸਟਾਫ਼ ਅਤੇ ਬੀਸੀਸੀਆਈ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟੀਮ ਦੇ ਸਾਰੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਸ਼ਕਲ ਹਲਾਤਾਂ ਦੇ ਬਾਵਜੂਦ ਭਾਰਤੀ ਖਿਡਾਰੀਆਂ ਨੇ ਜਿਸ ਜਜ਼ਬੇ ਨਾਲ ਖੇਡ ਦਾ ਪ੍ਰਦਰਸ਼ਨ ਕੀਤਾ, ਉਹ ਕਾਬਿਲ ਏ ਤਰੀਫ਼ ਹੈ।

‘ਪਸੀਨਾ ਵਹਾਇਆ ਅਤੇ ਗੋਲਡ ਮੈਡਲ ਜਿੱਤ ਕੇ ਤਿਰੰਗਾ ਲਹਿਰਾਇਆ’

ਰਾਜਕੁਮਾਰ ਸ਼ਰਮਾ ਨੇ ਗੱਲਬਾਤ ਦੌਰਾਨ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਪੂਰੇ ਭਾਰਤ ਲਈ ਬੇਹੱਦ ਮਾਣ ਅਤੇ ਖੁਸ਼ੀ ਦਾ ਦਿਨ ਹੈ। ਭਾਰਤੀ ਟੀਮ ਨੇ ਇਕਜੁੱਟ ਹੋ ਕੇ ਮੈਦਾਨ ’ਤੇ ਪਸੀਨਾ ਵਹਾਇਆ ਅਤੇ ਗੋਲਡ ਮੈਡਲ ਜਿੱਤ ਕੇ ਤਿਰੰਗਾ ਲਹਿਰਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀ ਮਹਿਲਾ ਕ੍ਰਿਕਟ ਟੀਮ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ ਅਤੇ ਹੁਣ ਪੁਰਸ਼ ਟੀਮ ਨੇ ਵੀ ਉਹੀ ਕਾਰਨਾਮਾ ਦੁਹਰਾਉਂਦਿਆਂ ਗੋਲਡ ਆਪਣੇ ਨਾਮ ਕੀਤਾ ਹੈ।

‘ਮਾਣ ਵਾਲਾ ਪਲ’

ਅਭਿਸ਼ੇਕ ਸ਼ਰਮਾ ਦੀ ਆਕਰਮਕ ਪਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ, ‘ਫਾਈਨਲ ਮੁਕਾਬਲੇ ਵਿੱਚ ਅਭਿਸ਼ੇਕ ਨੇ 28 ਗੇਂਦਾਂ ’ਤੇ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਨੇ ਮੈਚ ਦਾ ਰੁਖ ਭਾਰਤ ਵੱਲ ਮੋੜ ਦਿੱਤਾ। ਇਸ ਪਾਰੀ ਦੀ ਬਦੌਲਤ ਟੀਮ ਦਾ ਸਕੋਰ 200 ਦੇ ਪਾਰ ਪਹੁੰਚ ਸਕਿਆ। ਜਪਾਨ ਦੀਆਂ ਪਿੱਚਾਂ ਬੱਲੇਬਾਜ਼ਾਂ ਲਈ ਕਾਫ਼ੀ ਚੁਣੌਤੀਪੂਰਨ ਸਨ ਅਤੇ ਉੱਥੇ ਦੌੜਾਂ ਬਣਾਉਣਾ ਬਿਲਕੁਲ ਅਸਾਨ ਨਹੀਂ ਸੀ। ਅਜਿਹੇ ਮੁਸ਼ਕਲ ਹਲਾਤ ਵਿੱਚ ਅਭਿਸ਼ੇਕ ਦਾ ਡਟ ਕੇ ਖੇਡਣਾ ਅਤੇ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਉਣਾ ਇੱਕ ਪਿਤਾ ਅਤੇ ਕੋਚ ਵਜੋਂ ਉਨ੍ਹਾਂ ਲਈ ਮਾਣ ਵਾਲਾ ਪਲ ਹੈ। ਅਭਿਸ਼ੇਕ ਅੱਗੇ ਵੀ ਇਸੇ ਲੈਅ ਨੂੰ ਬਰਕਰਾਰ ਰੱਖਣਗੇ ਅਤੇ ਹਰ ਮੁਕਾਬਲੇ ਵਿੱਚ ਦੇਸ਼ ਲਈ ਜਿੱਤ ਯਕੀਨੀ ਬਣਾਉਣਗੇ।’


‘ਆਪਣੀ ਕਾਬਲੀਅਤ ਸਾਬਤ ਕੀਤੀ’

ਅਭਿਸ਼ੇਕ ਤੋਂ ਇਲਾਵਾ ਉਨ੍ਹਾਂ ਨੇ ਟੀਮ ਦੇ ਹੋਰ ਬੱਲੇਬਾਜ਼ਾਂ ਤਿਲਕ ਵਰਮਾ ਅਤੇ ਸ਼ਿਵਮ ਦੁਬੇ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ਾਂ ਨੇ ਵੀ ਕਸੀ ਹੋਈ ਗੇਂਦਬਾਜ਼ੀ ਕਰਕੇ ਵਿਰੋਧੀ ਟੀਮ ’ਤੇ ਦਬਾਅ ਬਣਾਈ ਰੱਖਿਆ। ਪੂਰੀ ਟੀਮ ਦਾ ਤਾਲਮੇਲ ਅਤੇ ਸਾਂਝੀ ਕੋਸ਼ਿਸ਼ ਹੀ ਇਸ ਜਿੱਤ ਦੀ ਮੁੱਖ ਵਜ੍ਹਾ ਬਣੀ। ਰਾਜਕੁਮਾਰ ਸ਼ਰਮਾ ਨੇ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਮੁਖੀ ਅਤੇ ਟੀਮ ਦੇ ਨਾਲ ਮੌਜੂਦ ਕੋਚ ਵੀ.ਵੀ.ਐੱਸ. ਲਕਸ਼ਮਣ, ਸਪੋਰਟ ਸਟਾਫ਼ ਅਤੇ ਬੀਸੀਸੀਆਈ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਨ੍ਹਾਂ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਸਹੀ ਦਿਸ਼ਾ ਦੇ ਕੇ ਇੱਕ ਮਜ਼ਬੂਤ ਟੀਮ ਤਿਆਰ ਕੀਤੀ। ਉਨ੍ਹਾਂ ਭਾਰਤ-ਪਾਕਿਸਤਾਨ ਮੁਕਾਬਲੇ ਦੇ ਰੋਮਾਂਚ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਵੱਡੇ ਮੁਕਾਬਲਿਆਂ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹੁੰਦੀਆਂ ਹਨ, ਜਿੱਥੇ ਭਾਰਤ ਨੇ ਆਪਣੀ ਕਾਬਲੀਅਤ ਸਾਬਤ ਕੀਤੀ।