
ਬਰਨਾਲਾ, 24 ਸਤੰਬਰ- ਜ਼ਿਲ੍ਹਾ ਬਰਨਾਲਾ ਦੀ ਅਨਾਜ ਮੰਡੀਆਂ ‘ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਮਿਤੀ 23 ਸਤੰਬਰ ਦੀ ਸ਼ਾਮ ਤੱਕ ਜ਼ਿਲ੍ਹਾ ਬਰਨਾਲਾ ‘ਚ ਕੁੱਲ 7 ਮੀਟ੍ਰਿਕ ਟਨ ਪਰਮਲ ਝੋਨਾ ਮੰਡੀਆਂ ‘ਚ ਪੁੱਜਿਆ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਇਹ ਜਾਣਕਾਰੀ ਅੱਜ ਖ਼ਰੀਦ ਏਜੰਸੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੰਡੀਆਂ ‘ਚ ਝੋਨੇ ਦੀ ਖ਼ਰੀਦ ਸਬੰਧੀ ਸਾਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਉਨ੍ਹਾਂ ਕਿਸਾਨਾਂ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ‘ਚ ਝੋਨਾ ਚੰਗੀ ਤਰ੍ਹਾਂ ਸੁਕਾ ਕੇ ਲੈ ਕੇ ਆਉਣਾ ਤਾਂ ਜੋ ਨਮੀ ਵੱਧ ਹੋਣ ਕਾਰਣ ਉਨ੍ਹਾਂ ਨੂੰ ਆਪਣੀ ਜਿਣਸ ਵੇਚਣ ਲਈ ਮੰਡੀ ‘ਚ ਇੰਤਜ਼ਾਰ ਨਾ ਕਰਨਾ ਪਵੇ। ਇਸ ਮੌਕੇ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਅਫਸਰ ਰੂਪਪ੍ਰੀਤ ਕੌਰ, ਪਨਗ੍ਰੇਨ, ਫ਼ੂਡ ਕਾਰਪੋਰੇਸ਼ਨ ਆਫ ਇੰਡੀਆ, ਮਾਰਕਫ਼ੈਡ, ਪਨਸਪ ਅਤੇ ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਮੌਜੂਦ ਸਨ।
ਬਰਨਾਲਾ ਮੰਡੀ ਵਿਖੇ ਝੋਨਾ ਲੈ ਕੇ ਪਹੁੰਚੇ ਕਿਸਾਨ ਰਾਜਿੰਦਰ ਸਿੰਘ, ਪਿੰਡ ਸੇਖਾ ਤੋਂ, ਨੇ ਦੱਸਿਆ ਕਿ ਮੰਡੀਆਂ ‘ਚ ਕਿਸਾਨਾਂ ਲਈ ਚੰਗੇ ਪ੍ਰਬੰਧ ਕੀਤਾ ਗਏ ਹਨ। ਇਸੇ ਤਰ੍ਹਾਂ ਰੰਗੀਆਂ ਪਿੰਡ ਤੋੰ ਆਏ ਕਿਸਾਨ ਸੰਦੀਪ ਸਿੰਘ ਅਤੇ ਸੇਖਾ ਤੋਂ ਆਏ ਰਣਜੀਤ ਸਿੰਘ ਨੇ ਵੀ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਲਈ ਮੰਡੀਆਂ ‘ਚ ਚੰਗੇ ਪ੍ਰਬੰਧ ਕੀਤੇ ਗਏ ਹਨ।