
ਚੰਡੀਗੜ੍ਹ, 18 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ 10 ਲੱਖ ਏਕੜ ਜ਼ਮੀਨ ਨੂੰ ਸੁਧਾਰਨ ਲਈ ਲਗਭਗ 15.63 ਕਰੋੜ ਰੁਪਏ ਦੀ ਲਾਗਤ ਨਾਲ 25 ਹਜ਼ਾਰ ਟਨ ਜਿਪਸਮ ਦੀ ਖਰੀਦ ਕੀਤੀ ਜਾਵੇਗੀ, ਤਾਂ ਜੋ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਜਿਪਸਮ ਉਪਲਬਧ ਹੋ ਸਕੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਵਿੱਚ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਕੈਥਲ ਵਿੱਚ ਬਣੇਗਾ 21680 ਐੱਮ.ਟੀ. ਦਾ ਗੋਦਾਮ ਅਤੇ ਕੁਆਲਿਟੀ ਕੰਟਰੋਲ ਲੈਬ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਭੂਮੀ ਸੁਧਾਰ ਨਿਗਮ ਰਾਹੀਂ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ‘ਤੇ ਜ਼ਮੀਨ ਸੁਧਾਰ ਲਈ ਜਿਪਸਮ ਉਪਲਬਧ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉੱਚ ਗੁਣਵੱਤਾ ਵਾਲਾ ਜਿਪਸਮ ਆਸਾਨੀ ਨਾਲ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਜ਼ਮੀਨ ਵਿੱਚ ਜਲਦੀ ਸੁਧਾਰ ਕਰਕੇ ਇਸ ਨੂੰ ਵਧੇਰੇ ਉਪਜਾਊ ਬਣਾਇਆ ਜਾ ਸਕੇ। ਇਸ ਤੋਂ ਇਲਾਵਾ, ਕੈਥਲ ਦੇ ਹੈਫੇਡ ਕੰਪਲੈਕਸ ਵਿੱਚ 9.80 ਕਰੋੜ ਰੁਪਏ ਦੀ ਲਾਗਤ ਨਾਲ 21680 ਐੱਮ.ਟੀ. ਦਾ ਗੋਦਾਮ ਬਣਾਉਣ ਅਤੇ ਕੁਆਲਿਟੀ ਕੰਟਰੋਲ ਲੈਬ ਬਣਾਉਣ ਦੀ ਵੀ ਪ੍ਰਵਾਨਗੀ ਦਿੱਤੀ ਗਈ।
ਪਾਣੀਪਤ ਦੇ 9 ਪਿੰਡਾਂ ਵਿੱਚ 75.50 ਕਰੋੜ ਰੁਪਏ ਦੀਆਂ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਮਨਜ਼ੂਰ
ਮੁੱਖ ਮੰਤਰੀ ਨੇ ਪਾਣੀਪਤ ਜ਼ਿਲ੍ਹੇ ਦੇ ਭੈਂਸਵਾਲ, ਕੁਤਾਨੀ, ਰਾਜਾਖੇੜੀ, ਨਿੰਬਰੀ, ਉਗਰਖੇੜੀ, ਰਿਸਾਲੂ, ਨੰਗਲਖੇੜੀ, ਕਾਬਰੀ, ਗੜ੍ਹੀ, ਸਿਕੰਦਰਪੁਰ ਸਮੇਤ 9 ਪਿੰਡਾਂ ਵਿੱਚ ਮਹਾਗ੍ਰਾਮ ਯੋਜਨਾ ਤਹਿਤ 75.50 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਗੋਹਾਣਾ ਸ਼ਹਿਰ ਦੇ ਸ਼ਨੀ ਮੰਤਰੀ, ਐੱਮ.ਪੀ.ਐੱਸ. ਗੁਢਾ ਖੇਤਰ ਵਿੱਚ ਸੀਵਰੇਜ ਲਾਈਨ ਵੀ 16.30 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰ ਕੀਤੀ ਗਈ।
ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਜੌਰ ਕਾਲਕਾ ਸੈਕਟਰ 27 ਵਿੱਚ ਜੁਡੀਸ਼ੀਅਲ ਕੰਪਲੈਕਸ ਬਣਾਉਣ ਦੀ ਪ੍ਰਵਾਨਗੀ ਦਿੱਤੀ। ਇਸ ‘ਤੇ 22.70 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਅੰਬਾਲਾ ਸ਼ਹਿਰ ਵਿੱਚ ਲਘੂ ਸਕੱਤਰੇਤ ਦੇ ਪ੍ਰਸ਼ਾਸਕੀ ਬਲਾਕ ਦੇ ਤੀਜੇ ਪੜਾਅ ਦਾ ਕੰਮ 34 ਕਰੋੜ ਰੁਪਏ ਦੀ ਲਾਗਤ ਨਾਲ ਕਰਨ ਦੀ ਮਨਜ਼ੂਰੀ ਦਿੱਤੀ ਗਈ।
ਸਫ਼ੀਦੋਂ ਵਿੱਚ ਬਣੇਗਾ ਸਰਕਾਰੀ ਨਰਸਿੰਗ ਕਾਲਜ
ਮੁੱਖ ਮੰਤਰੀ ਨੇ ਕਿਹਾ ਕਿ ਜੋ ਕੰਮ ਨਿਰਧਾਰਤ ਸਮੇਂ ਤੋਂ ਘੱਟ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ, ਸਰਕਾਰ ਦੀ ਯੋਜਨਾ ਅਨੁਸਾਰ ਉਸ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ। ਉਨ੍ਹਾਂ ਅੰਬਾਲਾ ਕੈਂਟ ਵਿੱਚ ਬੈਂਕ ਸਕਵੇਅਰ ਭਵਨ ਫੇਜ਼-1 ਦਾ ਨਿਰਮਾਣ ਕੰਮ 52 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰੀ ਨਰਸਿੰਗ ਕਾਲਜ ਸਫ਼ੀਦੋਂ ਦਾ ਨਿਰਮਾਣ ਵੀ 37.49 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।
ਪੰਚਕੂਲਾ ਅਤੇ ਫਤਿਹਾਬਾਦ ਵਿੱਚ ਬਣਨਗੀਆਂ ਜ਼ਿਲ੍ਹਾ ਜੇਲ੍ਹਾਂ
ਮੁੱਖ ਮੰਤਰੀ ਨੇ ਇੰਡਸਟ੍ਰੀਅਲ ਏਰੀਆ ਫੇਜ਼-1 ਪੰਚਕੂਲਾ ਵਿੱਚ ਸੜਕਾਂ ਨੂੰ ਅੱਪਗ੍ਰੇਡ ਅਤੇ ਮਜ਼ਬੂਤ ਬਣਾਉਣ ਲਈ 16.80 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ। ਪੰਚਕੂਲਾ ਦੇ ਪਿੰਡ ਜਲੌਲੀ ਵਿੱਚ ਜ਼ਿਲ੍ਹਾ ਜੇਲ੍ਹ ਦਾ ਨਿਰਮਾਣ ਲਗਭਗ 40 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੁੰਡਲੀ ਮਾਨੇਸਰ ਸੜਕ ਸੈਕਸ਼ਨ ਮਾਰਗ ਦੀ 65.66 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 83 ਕਿਲੋਮੀਟਰ ਮਾਰਗ ਦੀ ਮੁਰੰਮਤ ਅਤੇ ਰੱਖ-ਰਖਾਅ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਫਤਿਹਾਬਾਦ ਵਿੱਚ ਜ਼ਿਲ੍ਹਾ ਜੇਲ੍ਹ ਬਣਾਉਣ ਦੀ ਵੀ ਪ੍ਰਵਾਨਗੀ ਦਿੱਤੀ। ਇਸ ‘ਤੇ 37 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਜੁਲਾਨਾ ਸ਼ਹਿਰ ਵਿੱਚ ਵਾਟਰ ਸਪਲਾਈ ਦੇ ਕੰਮ ਉੱਤੇ 21.17 ਕਰੋੜ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਰਨੌਲ ਦੇ ਹਸਪਤਾਲ ਨੂੰ ਅੱਪਗ੍ਰੇਡ ਕਰਕੇ 100 ਤੋਂ 200 ਬੈੱਡ ਦਾ ਬਣਾਇਆ ਜਾਵੇਗਾ। ਇਸ ‘ਤੇ 26.30 ਕਰੋੜ ਰੁਪਏ ਦੀ ਲਾਗਤ ਆਵੇਗੀ। ਯਮੁਨਾਨਗਰ ਵਿੱਚ 16.89 ਕਰੋੜ ਰੁਪਏ ਦੀ ਲਾਗਤ ਨਾਲ 50 ਬੈੱਡ ਦੇ ਆਯੁਸ਼ ਹਸਪਤਾਲ ਦਾ ਨਿਰਮਾਣ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕੁਰੂਕਸ਼ੇਤਰ ਸਹਾਰਨਪੁਰ ਸਟੇਟ ਹਾਈਵੇਅ ਦੇ ਕੰਮ ਦੀ ਮਨਜ਼ੂਰੀ ਦਿੱਤੀ। ਲਗਭਗ 10 ਮੀਟਰ ਚੌੜੀ ਸੜਕ ‘ਤੇ 26.90 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸੜਕ ਮਾਰਗ ਨੂੰ ਫੋਰ-ਲੇਨ ਬਣਾਉਣ ਲਈ ਡੀ.ਪੀ.ਆਰ. ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਕੁਰੂਕਸ਼ੇਤਰ ਸਹਾਰਨਪੁਰ ਸੜਕ ਮਾਰਗ ਨੂੰ ਫੋਰ-ਲੇਨ ਬਣਾਇਆ ਜਾਵੇਗਾ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਏ. ਕੇ. ਸਿੰਘ, ਵਿਜੇਂਦਰ ਕੁਮਾਰ, ਅਨੁਰਾਗ ਅਗਰਵਾਲ, ਜੀ.ਐੱਮ.ਡੀ.ਏ. ਦੇ ਮੁੱਖ ਸਲਾਹਕਾਰ ਡੀ. ਐੱਸ. ਢੇਸੀ, ਉਦਯੋਗ ਅਤੇ ਵਣਜ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਡਾਇਰੈਕਟਰ ਯਸ਼ ਗਰਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।