Sunday, November 9Malwa News
Shadow

ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਫੀਡ ਦੇ ਟਰੱਕ ਭੇਜੇ

ਕੁੱਪ ਕਲਾਂ/ਮਾਲੇਰਕੋਟਲਾ, 29 ਅਗਸਤ  ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਤਾਰਾ ਹੈਲਥ ਫੂਡ ਵੱਲੋਂ ਤਿਆਰ ਕੀਤਾ ਫੀਡ ਸਮੱਗਰੀ ਦਾ ਟਰੱਕ ਡੇਰਾ ਬਾਬਾ ਨਾਨਕ ਇਲਾਕੇ ਲਈ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਹੜ੍ਹਾਂ ਦੀ ਵੱਡੀ ਮਾਰ ਨਾਲ ਜੂਝ ਰਿਹਾ ਹੈ ਅਤੇ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਬਚਾਉਣ ਅਤੇ ਰਾਹਤ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

                   ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹੜ੍ਹਾਂ ਕਾਰਨ ਮਨੁੱਖ, ਪਸ਼ੂ, ਫਸਲਾਂ ਅਤੇ ਵਨਸਪਤੀ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਸਮੇਂ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਰਾਹਤ ਸਮੱਗਰੀ ਰੂਪ ਵਿੱਚ ਰਾਸ਼ਨ, ਪੀਣ ਵਾਲਾ ਪਾਣੀ, ਦਵਾਈਆਂ, ਦਾਲਾਂ, ਆਟੇ ਦੀਆਂ ਬੋਰੀਆਂ ਅਤੇ ਪਸ਼ੂਆਂ ਲਈ ਚਾਰਾ ਖੁੱਲ੍ਹੇ ਦਿਲ ਨਾਲ ਦਾਨ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ।

                  ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਹੜ੍ਹ ਰਾਹਤ ਕਾਰਜਾਂ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ, ਜੋ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਪੁਨਰਵਾਸ ਕਾਰਜਾਂ ਲਈ ਵਰਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਤਾਰਾ ਹੈਲਥ ਫੂਡ ਵੱਲੋਂ ਡੇਰਾ ਬਾਬਾ ਨਾਨਕ ਲਈ ਭੇਜੇ ਜਾ ਰਹੇ ਇਸ ਫੀਡ ਟਰੱਕ ਤੋਂ ਇਲਾਵਾ ਅਗਲੇ ਦਿਨਾਂ ਵਿੱਚ ਹੋਰ ਵੀ ਰਾਹਤ ਸਮੱਗਰੀ ਭੇਜੀ ਜਾਵੇਗੀ, ਤਾਂ ਜੋ ਪੀੜਤ ਪਰਿਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਸ਼ੂਆਂ ਦੀ ਸੰਭਾਲ ਹੋ ਸਕੇ।

                   ਇਸ ਮੌਕੇ ਐਮ.ਡੀ. ਤਾਰਾ ਹੈਲਥ ਫੂਡ ਕੁਲਵੰਤ ਸਿੰਘ ਗੱਜਣਮਾਜਰਾ, ਜ਼ਿਲ੍ਹਾ ਪ੍ਰਧਾਨ ਕਮ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਾਕਿਬ ਅਲੀ ਰਾਜਾ, ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ ਵਿੱਕੀ ਸ਼ਰਮਾ, ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਕਮ ਜ਼ਿਲ੍ਹਾ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਰੂਪਰਾਏ, ਪੀ.ਏ. ਅਭੀਜੋਤ ਸਿੰਘ ਨਾਗਰਾ, ਸੀਨੀਅਰ ਆਗੂ ਮੋਹਨਜੀਤ ਸਿੰਘ ਕੁੱਪ ਕਲਾਂ, ਚੌਧਰੀ ਨਿਸਾਰ ਮੁਹੰਮਦ, ਮਾਸਟਰ ਗੁਰਪ੍ਰੀਤ ਸਿੰਘ ਜਵੰਧਾ, ਫਰਦੀਪ ਸਿੰਘ, ਸਰਪੰਚ ਨਾਰੀਕੇ ਨਰੇਸ਼ ਕੁਮਾਰ, ਸਤਵਿੰਦਰ ਸਿੰਘ, ਕਰਮਜੀਤ ਸਿੰਘ ਭੋਗੀਵਾਲ, ਗੁਰਤੇਜ ਸਿੰਘ ਆਦਿ ਹਾਜ਼ਰ ਸਨ।