
ਸੰਗਰੂਰ, 18 ਸਤੰਬਰ:- ਉਪ ਮੰਡਲ ਮੈਜਿਸਟਰੇਟ, ਸੰਗਰੂਰ, ਸ.ਚਰਨਜੋਤ ਸਿੰਘ ਵਾਲੀਆ ਨੇ ਆਪਣੇ ਦਫਤਰ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਸੱਦੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਸਬੰਧੀ ਹਰ ਇੱਕ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਏ।
ਸ਼੍ਰੀ ਵਾਲੀਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਬਾਬਤ ਜਾਗਰੂਕ ਕਰਨ ਹਿਤ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖ ਅਤੇ ਜ਼ਮੀਨ ਦੀ ਸਿਹਤ ਉਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ।
ਐੱਸ.ਡੀ.ਐਮ. ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਦਿਨੋਂ ਦਿਨ ਵਧ ਰਿਹਾ ਵਾਤਾਵਰਨ ਪ੍ਰਦੂਸ਼ਣ ਜਿਥੇ ਇਨਸਾਨੀ ਸਿਹਤ ਲਈ ਘਾਤਕ ਸਿੱਧ ਹੋ ਰਿਹਾ ਹੈ ਉਥੇ ਹੀ ਇਸ ਨਾਲ ਪਸ਼ੂਆਂ, ਪੰਛੀਆਂ ਦੇ ਨਾਲ-ਨਾਲ ਜ਼ਮੀਨ ਉਤੇ ਵੀ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਪੈਂਦੇ ਹਨ।
ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸੁਚੱਜੀ ਸੰਭਾਲ ਲਈ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਨਾਲ ਜਿਥੇ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ, ਉਥੇ ਹੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਵਾਤਾਵਰਨ ਪ੍ਰਦੂਸ਼ਣ ਤੋਂ ਛੁਟਕਾਰਾ ਵੀ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨਾ ਵੱਢਣ ਸਮੇਂ ਕੰਬਾਈਨ ਦੇ ਨਾਲ ਐਸ.ਐਮ.ਐਸ. ਦੀ ਵਰਤੋਂ ਜ਼ਰੂਰ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪਰਾਲੀ ਦੇ ਕੁਤਰੇ ਕਰ ਕੇ ਇਸ ਨੂੰ ਅਸਾਨੀ ਨਾਲ ਖੇਤ ਵਿੱਚ ਵਾਹਿਆ ਜਾ ਸਕਦਾ ਹੈ।
ਇਸ ਮੌਕੇ ਹਾਜ਼ਰ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ।