
ਅੰਮ੍ਰਿਤਸਰ, 8 ਫਰਵਰੀ – ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਅਜਨਾਲਾ ਸ਼ਹਿਰ ਦੇ ਤਿੰਨ ਸ਼ਮਸ਼ਾਨਘਾਟਾਂ ਦੇ ਨਵੀਨੀਕਰਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਅਜਨਾਲਾ ਦੇ ਸ਼ਮਸ਼ਾਨਘਾਟਾਂ ਦੇ ਨਵੀਨੀਕਰਨ ਉੱਪਰ 20 ਲੱਖ ਰੁਪਏ ਖਰਚੇ ਜਾ ਰਹੇ ਹਨ।
ਅੱਜ ਇਹਨਾਂ ਵਿਕਾਸ ਕਾਰਜਾਂ ਦਾ ਆਰੰਭ ਕਰਦਿਆਂ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਬਪੱਖੀ ਵਿਕਾਸ ਲਈ ਪੂਰੀ ਸੁਹਿਰਤਾ ਨਾਲ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਵਿੱਚ ਜਿੱਥੇ ਗਲੀਆਂ, ਨਾਲੀਆਂ, ਪਾਰਕਾਂ ਬਣਾਉਣ ਦੇ ਨਾਲ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਉਥੇ ਵਿਕਾਸ ਦੇ ਹੋਰ ਕਾਰਜ ਵੀ ਜੰਗੀ ਪੱਧਰ ‘ਤੇ ਜਾਰੀ ਹਨ। ਉਹਨਾਂ ਕਿਹਾ ਕਿ ਅਜਨਾਲਾ ਸ਼ਹਿਰ ਵਿੱਚ ਤਿੰਨ ਸ਼ਮਸ਼ਾਨਘਾਟ ਹਨ, ਪਰ ਇਹਨਾਂ ਦੀ ਜਗ੍ਹਾ ਘੱਟ ਹੋਣ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਵਿਸ਼ੇਸ਼ ਗਰਾਂਟ ਦੇ ਨਾਲ ਇਹਨਾਂ ਸ਼ਮਸ਼ਾਨਘਾਟਾਂ ਨੂੰ ਖੁੱਲ੍ਹਾ ਕਰਕੇ ਚਾਰਦੀਵਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਮਸ਼ਾਨਘਾਟਾਂ ਦੇ ਨਵੀਨੀਕਰਨ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦੀ ਹੀ ਇਹਨਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਸਨ ਉਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਹੈ ਅਤੇ ਇਹਨਾਂ ਦੋਵਾਂ ਖੇਤਰਾਂ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਰਿਕਾਰਡ ਤੋੜ ਕੰਮ ਹੋਏ ਹਨ। ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਜਰੀਏ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ ਅਤੇ ਹੁਣ ਸਿਹਤ ਕ੍ਰਾਂਤੀ ਰਾਹੀਂ ਪੰਜਾਬ ਸਰਕਾਰ ਵੱਲੋਂ ਹਰ ਪਰਿਵਾਰ ਦਾ 10 ਲੱਖ ਰੁਪਏ ਸਲਾਨਾ ਮੁਫਤ ਮੈਡੀਕਲ ਬੀਮਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰ ਖੇਤਰ ਵਿੱਚ ਮਾਨ ਸਰਕਾਰ ਨੇ ਨਵੀਆਂ ਪੁਲਾਂਘਾਂ ਪੁੱਟੀਆਂ ਹਨ।