Thursday, September 18Malwa News
Shadow

ਸ੍ਰੀ ਮਕਤਸਰ ਸਾਹਿਬ ਜ਼ਿਲ੍ਹੇ ‘ਚ ਸੁਚੱਜੇ ਪਰਾਲੀ ਪ੍ਰਬੰਧਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 18 ਸਤੰਬਰ-                 ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼ ਦੀਆਂ ਹਦਾਇਤਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਗਾਮੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਸੁਚੱਜੇ ਪਰਾਲੀ ਪ੍ਰਬੰਧਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

                ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਮੂਹ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡ ਪੱਧਰ ਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਆਪਣੇ ਖੇਤਾਂ ਵਿੱਚ ਵਾਹ ਕੇ ਜਾਂ ਇਸਦੀਆਂ ਗੱਠਾਂ ਬਣਵਾ ਕੇ ਇਸਦੀ ਸੁਚੱਜੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਤਾਂ ਜੋ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਵੱਲੋਂ ਨਾੜ/ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਸਬੰਧਤ ਕਿਸਾਨ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਾਲੀ ਸਾੜਨ ਦੀਆਂ ਘਟਨਾਵਾਂ ਉਪਰ ਨਜ਼ਰਸਾਨੀ ਤੇ ਕਾਰਵਾਈ ਲਈ ਜ਼ਿਲ੍ਹੇ ਵਿੱਚ ਕਲੱਸਟਰ ਅਫ਼ਸਰ ਤੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।

ਏ.ਡੀ.ਸੀ. ਥਿੰਦ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਗੰਧਲਾ ਕਰਨ ਵਾਲੇ ਕਿਸਾਨਾਂ ਦੇ ਅਸਲਾ ਲਾਇਸੰਸ ਵੀ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਕਿਸਾਨਾਂ ਦਾ ਆਰਥਿਕ ਤੌਰ ‘ਤੇ ਲਾਭ ਵੀ ਹੁੰਦਾ ਹੈ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਸਮੂਹ ਉਪ ਮੰਡਲ ਮੈਜਿਸਟ੍ਰੈਟ, ਇੰਨਫੋਰਸਮੈਂਟ ਟੀਮਾਂ ਅਤੇ ਪਰਾਲੀ ਪ੍ਰੋਟੈਕਸ਼ਨ ਟੀਮਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਮੂਹ ਚੱਲ ਰਹੀਆਂ ਕੰਬਾਈਨ ਹਾਰਵੈਸਟਰਾਂ ਨੂੰ ਚੈੱਕ ਕੀਤਾ ਜਾਵੇ ਅਤੇ ਬਿਨਾਂ ਐੱਸ. ਐੱਮ. ਐੱਸ ਸਿਸਟਮ ਤੋਂ ਚੱਲਦੀਆਂ ਕੰਬਾਈਨਾਂ ਦੇ ਤੁਰੰਤ ਚਲਾਨ ਕੱਟੇ ਜਾਣ । ਇਸ ਦੌਰਾਨ ਉਹਨਾਂ ਪਰਾਲੀ ਪ੍ਰੋਟੈਕਸ਼ਨ ਟੀਮਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਗਾਤਾਰ ਪਿੰਡਾਂ ਵਿੱਚ ਗਸ਼ਤ ਕਰਨਗੀਆਂ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨੀ ਵੀ ਯਕੀਨੀ ਬਣਾਉਣਗੀਆਂ।  

                ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਸਹਿਕਾਰਤਾ ਵਿਭਾਗ ਤੋਂ ਆਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਰਾਲੀ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਬਿਲਕੁਲ ਚਾਲੂ ਹਾਲਤ ਵਿੱਚ ਹੋਣੀ ਚਾਹੀਦੀ ਹੈ ਅਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਪਹਿਲਾਂ ਇਸਨੂੰ ਸੁਨਿਸ਼ਚਿਤ ਕਰ ਲਿਆ ਜਾਵੇ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਸਮੂਹ ਥਾਣਾ ਮੁਖੀਆਂ ਨੂੰ ਹਾਟਸਪਾਟ ਪਿੰਡਾਂ ਦਾ ਨਿੱਜੀ ਤੌਰ ਤੇ ਦੌਰਾ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਅੱਗ ਲਗਾਉਣ ਤੋਂ ਬਾਅਦ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ ਤਾਂ ਜੋ ਪਰਾਲੀ ਸਾੜਨ ਦੀ ਮਾੜੀ ਪ੍ਰਥਾ ਨੂੰ ਜ਼ਿਲ੍ਹੇ ਅੰਦਰ ਮੁਕੰਮਲ ਤੌਰ ਤੇ ਨੱਥ ਪਾਈ ਜਾ ਸਕੇ। ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।