Monday, October 12Malwa News
Shadow

ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਸਬੰਧੀ ਬਸਤੀਆਤ ਇਲਾਕੇ ’ਚ 23 ਅਕਤੂਬਰ ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ

ਜਲੰਧਰ, 12 ਅਕਤੂਬਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਸਬੰਧੀ 23 ਅਕਤੂਬਰ ਨੂੰ ਸ਼ਹਿਰ ਦੇ ਬਸਤੀਆਤ ਇਲਾਕੇ ਵਿੱਚ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਕੈਬਨਿਟ ਮੰਤਰੀ ਮੋਹਿੰਦਰ ਭਗਤ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਚੇਅਰਮੈਨ ਚੰਦਨ ਗਰੇਵਾਲ ਵੱਲੋਂ ਅੱਜ ਇਸ ਸਬੰਧੀ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। 

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਬਸਤੀਆਤ ਇਲਾਕੇ ਵਿੱਚ ਸ਼ੋਭਾ ਯਾਤਰਾ ਦੌਰਾਨ ਸੁਰੱਖਿਆ, ਵਾਹਨਾਂ ਦੀ ਪਾਰਕਿੰਗ, ਆਵਾਜਾਈ ਲਈ ਬਦਲਵੇਂ ਰੂਟ, ਸ਼ੋਭਾ ਯਾਤਰਾ ਦੇ ਰੂਟ ’ਤੇ ਸਾਫ-ਸਫਾਈ ਤੇ ਸਜਾਵਟ, ਮੈਡੀਕਲ ਟੀਮਾਂ ਦੀ ਤਾਇਨਾਤੀ, ਨਿਰਵਿਘਨ ਬਿਜਲੀ ਸਮੇਤ ਸਾਰੇ ਲੋੜੀਂਦੇ ਬੰਦੋਬਸਤ ਯਕੀਨੀ ਬਣਾਏ ਜਾਣਗੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। 

ਸ਼੍ਰੀ ਭਗਤ ਨੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਸਮਾਗਮ ਪੂਰੀ ਸ਼ਰਧਾ ਅਤੇ ਧਾਰਮਿਕ ਮਰਿਆਦਾ ਨਾਲ ਮਨਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਸਮਾਗਮਾਂ ਵਿੱਚ ਸ਼ਰਧਾ ਭਾਵਨਾ ਨਾਲ ਵਧ-ਚੜ੍ਹ ਕੇ ਭਾਗ ਲੈਣ ਅਤੇ ਉਨ੍ਹਾਂ ਵੱਲੋਂ ਦਰਸਾਏ ਸੱਚ, ਨੇਕੀ, ਮਨੁੱਖਤਾ ਅਤੇ ਨੈਤਿਕਤਾ ਦੇ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੋਭਾ ਯਾਤਰਾ ਸਬੰਧੀ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧਾਂ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ ਅਤੇ ਪ੍ਰਬੰਧਾਂ ਪੱਖੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਹਰ ਸਾਲ ਇਹ ਸਮਾਗਮ ਕਰਵਾਉਣ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲ਼ਾਘਾ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਤੇ ਪ੍ਰਗਟ ਉਤਸਵ ਸਮਾਗਮਾਂ ਨੂੰ ਪੂਰੀ ਸ਼ਰਧਾ ਅਤੇ ਸੁਚੱਜੇ ਢੰਗ ਨਾਲ ਕਰਵਾਇਆ ਜਾਵੇਗਾ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲ਼ੋਂ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ, ਚੇਅਰਮੈਨ ਐਸ.ਸੀ. ਡਿਵੈਲਪਮੈਂਟ ਬੋਰਡ ਪੰਜਾਬ ਅਜੈ ਪਾਲ ਵਾਲਮੀਕਿ, ਡੀ.ਸੀ.ਪੀ. ਪਰਮਿੰਦਰ ਸਿੰਘ ਹੀਰ, ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਤੋਂ ਇਲਾਵਾ ਨਗਰ ਨਿਗਮ ਜਲੰਧਰ ਦੇ ਅਧਿਕਾਰੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।