
ਸੰਗਰੂਰ,13 ਅਕਤੂਬਰ :- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਵ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਅਤੇ ਕੱਢੀਆਂ ਜਾਣ ਵਾਲੀਆਂ ਯਾਤਰਾਵਾਂ ਬਾਬਤ ਅਗੇਤੇ ਪ੍ਰਬੰਧਾਂ ਸਬੰਧੀ ਇਕ ਸਮੀਖਿਆ ਮੀਟਿੰਗ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਸਲਾਹਕਾਰ, ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਟਿੰਗ ਬੋਰਡ ਸ਼੍ਰੀ ਦੀਪਕ ਬਾਲੀ ਦੀ ਅਗਵਾਈ ਵਿੱਚ ਕੀਤੀ ਗਈ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਅਤੇ ਇਹਨਾਂ ਸਮਾਗਮਾਂ ਸਬੰਧੀ ਲੋਗੋ ਵੀ ਜਾਰੀ ਕੀਤਾ ਗਿਆ।
ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਸਲਾਹਕਾਰ, ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਟਿੰਗ ਬੋਰਡ ਸ਼੍ਰੀ ਦੀਪਕ ਬਾਲੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਵ, ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਸਮਾਗਮ ਉਲੀਕੇ ਗਏ ਹਨ ਅਤੇ ਇਸੇ ਤਹਿਤ ਵੱਖ-ਵੱਖ ਸਥਾਨਾਂ ਤੋਂ ਧਾਰਮਿਕ ਯਾਤਰਾਵਾਂ ਅਤੇ ਨਗਰ ਕੀਰਤਨ ਸਜਾਏ ਜਾਣਗੇ।
ਜ਼ਿਲ੍ਹਾ ਸੰਗਰੂਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ 26 ਸਥਾਨਾਂ ਉੱਤੇ ਧਾਰਮਿਕ ਸਮਾਗਮ/ ਕੀਰਤਨ ਸਮਾਗਮ ਕਰਵਾਏ ਜਾਣਗੇ।
ਇਹਨਾਂ ਯਾਤਰਾਵਾਂ ਤਹਿਤ ਇੱਕ ਯਾਤਰਾ ਤਲਵੰਡੀ ਸਾਬੋ ਤੋਂ ਚਲ ਕੇ ਬਠਿੰਡਾ, ਭੁੱਚੋ ਮੰਡੀ, ਰਾਮਪੁਰਾ ਫੂਲ, ਤਪਾ, ਬਰਨਾਲਾ ਅਤੇ ਧਨੌਲਾ ਹੁੰਦੀ ਹੋਈ ਮਿਤੀ 20 ਨਵੰਬਰ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਪਰਵੇਸ਼ ਕਰੇਗੀ। ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਯਾਤਰਾ ਦਾ ਪਿੰਡ ਬਡਬਰ ਵਿਖੇ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਉਪਰੰਤ ਇਹ ਯਾਤਰਾ ਲੌਂਗੋਵਾਲ, ਸ਼ਾਹਪੁਰ ਕਲਾਂ, ਚੀਮਾ ਮੰਡੀ, ਸੁਨਾਮ ਅਤੇ ਬਡਰੁੱਖਾਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਰਾਤ ਦਾ ਠਹਿਰਾਅ ਕਰੇਗੀ, ਉਪਰੰਤ ਦੂਜੇ ਦਿਨ ਮਸਤੂਆਣਾ ਸਾਹਿਬ ਤੋਂ ਚੱਲ ਕੇ ਬਡਰੁੱਖਾਂ ਹੁੰਦੀ ਹੋਈ ਬਰਨਾਲਾ ਕੈਂਚੀਆਂ ਸੰਗਰੂਰ ਸ਼ਹਿਰ ਹੋ ਕੇ ਪਿੰਡ ਬਲਵਾੜ ਕਲਾਂ, ਘਰਾਚੋਂ, ਫੱਗੂਵਾਲਾ ਹੁੰਦੀ ਹੋਈ ਭਵਾਨੀਗੜ੍ਹ ਪੁੱਜੇਗੀ ਤੇ ਇਸ ਉਪਰੰਤ ਪਿੰਡ ਚੰਨੋ ਤੋਂ ਜ਼ਿਲ੍ਹਾ ਪਟਿਆਲਾ ਵਿੱਚ ਪਰਵੇਸ਼ ਕਰੇਗੀ।
ਪਿੰਡ ਸ਼ਾਹਪੁਰ ਕਲਾਂ ਅਤੇ ਭਵਾਨੀਗੜ੍ਹ ਵਿਖੇ ਜ਼ਿਲਾ ਪ੍ਰਸ਼ਾਸਨ ਵੱਲੋਂ ਸੰਗਤ ਲਈ ਵਿਸ਼ੇਸ਼ ਤੌਰ ‘ਤੇ ਲੰਗਰ ਦਾ ਪ੍ਰਬੰਧ ਕੀਤੇ ਜਾਵੇਗਾ। ਇਸ ਤਰ੍ਹਾਂ ਹਰੇਕ ਪੜਾਅ ‘ਤੇ ਸੰਗਤ ਵੱਲੋਂ ਵੀ ਆਪਣੇ ਪੱਧਰ ‘ਤੇ ਲੰਗਰ ਲਗਾਏ ਜਾਣਗੇ।
ਜ਼ਿਲ੍ਹਾ ਸੰਗਰੂਰ ਵਿਖੇ ਲਾਈਟ ਐਂਡ ਸਾਊਂਡ ਸ਼ੋਅ, ਬਰੜਵਾਲ ਕਾਲਜ, ਧੂਰੀ ਵਿਖੇ ਅਤੇ ਜ਼ਿਲ੍ਹਾ ਬਰਨਾਲਾ ਸਬੰਧੀ ਲਾਈਟ ਐਂਡ ਸਾਊਂਡ ਸ਼ੋਅ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਹੋਵੇਗਾ।
ਜ਼ਿਲ੍ਹਾ ਸੰਗਰੂਰ ਵਿੱਚ ਇਸ ਯਾਤਰਾ ਦਾ ਪੈਂਡਾ 102 ਕਿਲੋਮੀਟਰ ਬਣਦਾ ਹੈ ਅਤੇ ਜ਼ਿਲ੍ਹਾ ਸੰਗਰੂਰ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ 26 ਸਥਾਨ, ਜ਼ਿਲ੍ਹਾ ਬਰਨਾਲਾ ਵਿੱਚ 11 ਅਤੇ ਜ਼ਿਲ੍ਹਾ ਮਾਨਸਾ ਵਿੱਚ 19 ਸਥਾਨ ਹਨ।
ਇਹਨਾਂ ਸਮਾਗਮਾਂ ਤਹਿਤ ਪਹਿਲੀ ਧਾਰਮਿਕ ਯਾਤਰਾ 18 ਨਵੰਬਰ ਨੂੰ ਸ਼ਾਮੀ ਸ੍ਰੀਨਗਰ ਵਿਖੇ ਹੋਵੇਗੀ ਅਤੇ ਅਗਲੇ ਦਿਨ 19 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਜੰਮੂ ਕਸ਼ਮੀਰ ਅਤੇ ਸੰਤ ਮਹਾਂਪੁਰਖਾਂ ਦੀ ਰਹਿਨੁਮਾਈ ਹੇਠ ਸ੍ਰੀਨਗਰ ਤੋਂ ਵਾਇਆ ਜੰਮੂ, ਪਠਾਨਕੋਟ ਹੁੰਦੇ 22 ਤਾਰੀਖ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ।
ਦੂਸਰੀ ਯਾਤਰਾ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੂਰੂ ਹੋ ਕੇ ਬਟਾਲਾ, ਬਾਬਾ ਬਕਾਲਾ, ਅੰਮ੍ਰਿਤਸਰ ਹੁੰਦੇ ਹੋਏ ਜਲੰਧਰ, ਫਗਵਾੜਾ, ਨਵਾਂ ਸ਼ਹਿਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜੇਗੀ।
ਤੀਸਰੀ ਯਾਤਰਾ ਤਖਤ ਸ੍ਰੀ ਦਮਦਮਾ ਸਾਹਿਬ ਹੋ ਕੇ ਵਾਇਆ ਬਠਿੰਡਾ, ਸੰਗਰੂਰ, ਪਟਿਆਲਾ, ਮੋਹਾਲੀ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਪੁੱਜੇਗੀ।
ਚੌਥੀ ਯਾਤਰਾ 20 ਨਵੰਬਰ ਨੂੰ ਫਰੀਦਕੋਟ ਤੋਂ ਬਾਬਾ ਫਰੀਦ ਜੀ ਦੇ ਅਸਥਾਨ ਤੋਂ ਆਰੰਭ ਹੋ ਕੇ ਵਾਇਆ ਫਿਰੋਜ਼ਪੁਰ, ਮੋਗਾ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜੇਗੀ।
23, 24, 25 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰੀ ਸਮਾਗਮ ਹੋ ਰਹੇ ਹਨ। 23 ਨਵੰਬਰ ਨੂੰ ਸਰਵ ਧਰਮ ਸੰਮੇਲਨ ਅਤੇ ਸ਼ਾਮੀ ਤਿੰਨੋਂ ਦਿਨ ਕੀਰਤਨ ਦਰਬਾਰ ਹੋਣਗੇ ਅਤੇ 25 ਤਾਰੀਖ ਨੂੰ ਸਰਬੱਤ ਦੀ ਭਲਾਈ ਲਈ ਇਕੱਤਰਤਾ ਹੋਵੇਗੀ। ਇਹ ਸਾਰੇ ਸਮਾਗਮ 25 ਅਕਤੂਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤਕ ਹੋਣਗੇ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਸਬੰਧੀ ਵੱਡੇ ਪੱਧਰ ’ਤੇ ਤਿਆਰੀ ਵਿੱਢੀ ਗਈ ਹੈ ਅਤੇ ਇਨ੍ਹਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਮੌਕੇ ਵਿਧਾਇਕ ਸੰਗਰੂਰ ਸ਼੍ਰੀਮਤੀ ਨਰਿੰਦਰ ਕੌਰ ਭਰਾਜ, ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਡੀ.ਸੀ. ਸੰਗਰੂਰ ਰਾਹੁਲ ਚਾਬਾ, ਡੀ.ਸੀ. ਬਰਨਾਲਾ ਟੀ.ਬੈਨਿਥ, ਡੀ.ਸੀ. ਮਾਨਸਾ ਸ਼੍ਰੀਮਤੀ ਨਵਜੋਤ ਕੌਰ, ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਸਮੇਤ ਵੱਖ-ਵੱਖ ਵਿਭਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਅਹੁਦੇਦਾਰ ਹਾਜ਼ਰ ਸਨ।