Saturday, February 7Malwa News
Shadow

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਚੱਕ ਜਟਾਣਾ ਤੋਂ ਅੰਮ੍ਰਿਤਸਰ ਲਈ ਸ਼ਰਧਾਲੂਆਂ ਦੀ ਦੂਜੀ ਬੱਸ ਹੋਈ ਰਵਾਨਾ

ਖੰਨਾ, ਦੋਰਾਹਾ, ਲੁਧਿਆਣਾ, 7 ਫਰਵਰੀ:-ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਲਈ ਦੂਜੀ ਬੱਸ ਪਿੰਡ ਚੱਕ ਜਟਾਣਾ ਤੋਂ ਅੰਮ੍ਰਿਤਸਰ ਦੇ ਲਈ ਪੀ.ਏ ਮਹੇਸ਼ ਕੁਮਾਰ ਵਿਰਾਸਤ ਸੇਵਾ ਸੰਗਠਨ ਇੰਚਾਰਜ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ।

ਇਸ ਮੌਕੇ ਸ੍ਰੀ ਮੁਹੇਸ਼ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਦੂਸਰੇ ਪੜਾਅ ਤਹਿਤ ਸ਼ਰਧਾਲੂ ਇਸ ਮੁਫ਼ਤ ਬੱਸ ਰਾਹੀਂ ਪਿੰਡ ਚੱਕ ਜਟਾਣਾ ਤੋਂ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਿਰ, ਵਾਹਗਾ ਬਾਰਡਰ ਅਤੇ ਜਲਿਆਂਵਾਲਾ ਬਾਗ ਅਤੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਗੇ।

ਸ੍ਰੀ ਮੁਹੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੋਣ ਕਰਕੇ ਸੈਂਕੜਿਆਂ ਸਾਲਾਂ ਤੋਂ ਇਸ ਸੂਬੇ ਨੂੰ ਧਾਰਮਿਕ ਆਸਥਾ ਵਾਲਾ ਸੂਬਾ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ “ਅਕਸਰ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਜੇਕਰ ਕਿਸੇ ਨੂੰ ਧਾਰਮਿਕ ਅਸਥਾਨ ਦੀ ਯਾਤਰਾ ਕਰਵਾ ਦਿੱਤੀ ਜਾਵੇ ਤਾਂ ਸਵਾ ਮਣ ਸੋਨੇ ਦੇ ਬਰਾਬਰ ਪੁੰਨ ਲੱਗਦਾ ਹੈ।  ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਇਹ ਸੇਵਾ ਸ਼ੁਰੂ ਕਰਕੇ ਆਪਣੀ ਉੱਚੀ-ਸੁੱਚੀ ਤੇ ਨੇਕ ਨੀਤੀ ਦਾ ਸਬੂਤ ਦਿੱਤਾ ਹੈ।”

ਉਨ੍ਹਾਂ ਇਹ ਵੀ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਦੌਰਾਨ ਰਿਹਾਇਸ਼ ਤੇ ਭੋਜਨ ਦਾ ਸਾਰਾ ਖਰਚ, ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਦੀ ਸੁਖਾਵੀਂ ਯਾਤਰਾ ਲਈ ਵਿਆਪਕ ਪ੍ਰਬੰਧ ਕੀਤੇ ਹਨ ਜਿਸ ਵਿੱਚ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਨੂੰ ਯਾਤਰਾ ਲਈ ਰਜਿਸਟਰ ਕੀਤਾ ਗਿਆ, ਰਜਿਸਟ੍ਰੇਸ਼ਨ ਲਈ ਵੋਟਰ ਆਈ.ਡੀ. ਕਾਰਡ ਵੀ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਏ.ਸੀ ਬੱਸਾਂ, ਠਹਿਰਨ ਲਈ ਚੰਗੇ ਹੋਟਲ ਅਤੇ ਖਾਣਾ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰੇਕ ਬੱਸ ਵਿੱਚ ਯਾਤਰੀਆਂ ਦੇ ਸਹਿਯੋਗ ਲਈ ਇੱਕ ਸਹਾਇਕ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਦੀ ਸੂਰਤ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮੈਡੀਕਲ ਟੀਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਸ਼ਰਧਾਲੂਆਂ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੇ ਰੁਝੇਵਿਆਂ ਤੇ ਹੋਰ ਪਰਿਵਾਰਕ ਜਿੰਮੇਵਾਰੀਆਂ ਕਾਰਨ ਉਹ ਧਾਰਮਿਕ ਯਾਤਰਾ ਕਰਨ ਤੋਂ ਅਸਮਰੱਥ ਸਨ, ਪਰ ਸੂਬਾ ਸਰਕਾਰ ਨੇ ਉਨ੍ਹਾਂ ਦੀ ਇਹ ਰੀਝ ਵੀ ਪੂਰੀ ਕਰ ਦਿੱਤੀ ਹੈ।

 ਇਸ ਮੌਕੇ ਗੁਰਦੀਪ ਸਿੰਘ ਮਿੱਠੂ, ਸਰਪੰਚ ਕੁਲਵਿੰਦਰ ਕੌਰ ਚੱਕ ਜਟਾਣਾ, ਕੁਲਵਿੰਦਰ ਸਿੰਘ ਸੋਨੀ ਜਟਾਣਾ, ਗੁਰਪ੍ਰੀਤ ਸਿੰਘ ਜਟਾਣਾ ,‌‌ ਰਜੇਸ਼ ਕੌਸ਼ਲ , ਰਾਜਵੀਰ ਨਾਗ ਗਾਈਡ,
ਮਨਪ੍ਰੀਤ ਸਿੰਘ, ਕਿਰਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।