Friday, September 19Malwa News
Shadow

ਟੋਰਾਂਟੋ ਵਿਚ ਅੱਜ ਫੇਰ ਗੋਲੀ ਚੱਲਣ ਨਾਲ ਤਿੰਨ ਮਰੇ

ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਚ ਗੋਲੀ ਚੱਲਣ ਦੀਆਂ ਘਟਨਾਵਾਂ ਵਿਚ ਦਿਨ ਬ ਦਿਨ ਤੇਜੀ ਆ ਰਹੀ ਹੈ। ਅਜੇ ਕੁੱਝ ਦਿਨ ਪਹਿਲਾਂ ਹੀ ਇਕ ਸਕੂਲ ਦੀ ਪਾਰਕਿੰਗ ਵਿਚ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਅੱਜ ਫੇਰ ਟੋਰਾਂਟੋ ਦੇ ਇਕ ਬਿਜਨਸ ਸਟੋਰ ਵਿਚ ਗੋਲੀ ਚੱਲਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।
ਟੋਰਾਂਟੋ ਪੁਲੀਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਟੋਰਾਂਟੋ ਲਾਰੈਂਸ ਐਵਨਿਊ ਈ ਦੇ ਨਾਰਥ ਸਾਈਡ ਮਲਾਰਡ ਰੋਡ ‘ਤੇ ਸਥਿੱਤ ਨਾਰਥ ਯਾਰਕ ਬਿਜਨਸ ਕੰਪਲੈਕਸ ਦੇ ਅੰਦਰ ਗੋਲੀ ਚੱਲਣ ਨਾਲ ਤਿੰਨ ਵਿਅਕਤੀਟਾਂ ਦੀ ਮੌਤ ਹੋ ਗਈ। ਪੁਲੀਸ ਮੁਤਾਬਿਕ ਸੂਚਨਾ ਮਿਲਣ ‘ਤੇ ਪੁਲੀਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਦੇਖਿਆ ਕਿ ਬਿਜਨਸ ਕੰਪਲੈਕਸ ਦੇ ਅੰਦਰ ਤਿੰਨ ਵਿਕਅਤੀਆਂ ਦੀਆਂ ਲਾਸ਼ਾਂ ਪਈਆਂ ਹਨ। ਪੁਲੀਸ ਵਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਿਜਨਸ ਦੇ ਲੈਣ ਦੇਣ ਦੇ ਮਾਮਲੇ ਵਿਚ ਕੋਈ ਝਗੜਾ ਹੋਇਆ ਹੋਵੇਗਾ। ਪੁਲੀਸ ਦੇ ਅੰਦਾਜ਼ੇ ਅਨੁਸਾਰ ਗੋਲੀ ਚਲਾਉਣ ਵਾਲਾ ਖੁਦ ਵੀ ਮਾਰਿਆ ਗਿਆ ਹੋਵੇਗਾ। ਪਰ ਅਜੇ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਪੂਰੀ ਹੋ ਜਾਣ ਤੱਕ ਇਸ ਘਟਨਾ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਅਜੇ ਤੱਕ ਮਾਰੇ ਗਏ ਵਿਅਕਤੀਆਂ ਦੀ ਪਛਾਣ ਵੀ ਨਹੀਂ ਹੋ ਸਕੀ। ਪੁਲੀਸ ਵਲੋਂ ਮੌਕੇ ‘ਤੇ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਘਟਨਾ ਵੇਲੇ ਇਸ ਬਿਜਨਸ ਆਫਿਸ ਵਿਚ ਚਾਰ ਵਿਅਕਤੀ ਮੌਜੂਦ ਸਨ। ਹੁਣ ਚੌਥੇ ਵਿਅਕਤੀ ਬਾਰੇ ਪੜਤਾਲ ਕੀਤੀ ਜਾ ਰਹੀ ਹੈ, ਤਾਂ ਜੋ ਘਟਨਾ ਬਾਰੇ ਪੂਰਾ ਪਤਾ ਲੱਗ ਸਕੇ।
ਇਸ ਘਟਨਾ ਸਥਾਨ ਦੇ ਨੇੜੇ ਹੀ ਇਕ ਡੇਅ ਕੇਅਰ ਸਕੂਲ ਵੀ ਹੈ। ਸਕੂਲ ਵਿਚ ਆਪਣੇ ਬੱਚਿਆਂ ਨੂੰ ਲੈਣ ਆਏ ਮਾਪਿਆਂ ਵਿਚ ਵੀ ਇਸ ਘਟਨਾਂ ਪ੍ਰਤੀ ਭਾਰੀ ਚਿੰਤਾ ਪਾਈ ਜਾ ਰਹੀ ਹੈ। ਗੋਲੀ ਚੱਲਣ ਦੀਆਂ ਵਧ ਰਹੀਆਂ ਘਟਨਾਵਾਂ ਤੋਂ ਬੱਚਿਆਂ ਦੇ ਮਾਪੇ ਵੀ ਬੇਹੱਦ ਪ੍ਰੇਸ਼ਾਨ ਨੇ।