
ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦਿਆਰਥੀਆਂ ਅਤੇ ਟੂਰਿਸਟ ਵੀਜ਼ੇ ਉੱਪਰ ਕੈਨੇਡਾ ਜਾਣ ਵਾਲਿਆਂ ਲਈ ਖੁਸ਼ੀ ਵਾਲੀ ਖਬਰ ਦੱਸੀ ਹੈ। ਕੈਨੇਡਾ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਕੈਨੇਡਾ ਵਿਚ ਕਿਸੇ ਵੀ ਟੈਂਪਰੇਰੀ ਵੀਜ਼ੇ ‘ਤੇ ਆਉਣ ਵਾਲਿਆਂ ਲਈ ਪੁਲੀਸ ਵੈਰੀਫੀਕੇਸ਼ਨ ਜਰੂਰੀ ਨਹੀਂ। ਕੇਵਲ ਪਰਮਾਨੈਂਟ ਰੈਜੀਡੈਂਸੀ ਭਾਵ ਪੀ ਆਰ ਲਈ ਹੀ ਪੁਲੀਸ ਵੈਰੀਫੀਕੇਸ਼ਨ ਜਰੂਰੀ ਹੈ।
ਕੈਨੇਡਾ ਦੀ ਸੰਸਦ ਵਿਚ ਇਸਨੂੰ ਲੈ ਕੇ ਬਹਿਸ ਚਲ ਰਹੀ ਸੀ, ਜਿਸ ਵਿਚ ਭਾਰਤੀ ਕੈਨੇਡਾਈ ਸੰਸਦ ਮੈਂਬਰ ਅਰਪਣ ਖੰਨਾ ਨੇ ਇਸਨੂੰ ਲੈ ਕੇ ਸਵਾਲ ਪੁੱਛਿਆ, ਜਿਸ ’ਤੇ ਜਵਾਬ ਦਿੰਦੇ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਅਸਥਾਈ ਨਿਵਾਸੀਆਂ ਲਈ ਅਜਿਹੇ ਸਰਟੀਫਿਕੇਟ ਜ਼ਰੂਰੀ ਹਨ। ਕਿਸੇ ਵੀ ਕੌਮਾਂਤਰੀ ਵਿਅਕਤੀ ਦਾ ਵੈਰੀਫਿਕੇਸ਼ਨ ਬਾਇਓਮੈਟ੍ਰਿਕ ਡਾਟਾ, ਫਿੰਗਰਪ੍ਰਿੰਟ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਨਿਯਮਤ ਤੌਰ ’ਤੇ ਅਸਥਾਈ ਨਿਵਾਸੀਆਂ ਲਈ ਇਹ ਜ਼ਰੂਰ ਨਹੀਂ ਹੈ। ਮਿਲਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋੜ ਪੈਣ ’ਤੇ ਅਧਿਕਾਰੀ ਸੁਰੱਖਿਆ ਜਾਂਚ ਦੇ ਤਹਿਤ ਪੁੱਛਗਿੱਛ ਕਰ ਸਕਦਾ ਹੈ, ਜਿਸਦੇ ਲਈ ਉਸਨੂੰ ਤਿਆਰ ਰਹਿਣਾ ਹੋਵੇਗਾ।
ਹਾਲ ਹੀ ਵਿਚ ਕੈਨੇਡਾ ਵਿਚ ਅਪ੍ਰਵਾਸੀਆਂ ਨਾਲ ਸਬੰਧਤ ਕ੍ਰਾਈਮ ਦੇ ਕੇਸ ਸਾਹਮਣੇ ਆਏ ਹਨ। ਇਸਨੂੰ ਲੈ ਕੇ ਹੀ ਕੌਮਾਂਤਰੀ ਵਿਦਿਆਰਥੀਆਂ ਸਮੇਤ ਅਸਥਾਈ ਨਿਵਾਸੀਆਂ ਦੀ ਸੁਰੱਖਿਆ ਜਾਂਚ ਦੇ ਮੁੱਦੇ ’ਤੇ ਚੱਲ ਰਹੀ ਬਹਿਸ ਦੌਰਾਨ ਮਿਲਰ ਨੇ ਇਹ ਗੱਲਾਂ ਕਹੀਆਂ। ਦੱਸ ਦੇਈਏ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ 4 ਲੋਕਾਂ ’ਚੋਂ 2 ਲੋਕ ਇਸ ਕੈਟਾਗਰੀ ’ਚ ਕੈਨੇਡਾ ਪਹੁੰਚ ਗਏ ਸਨ, ਜਿਸ ਕਾਰਨ ਕੈਨੇਡਾ ’ਚ ਅਜਿਹੇ ਨਿਯਮ ਵਾਰ-ਵਾਰ ਵਿਚਾਰੇ ਜਾ ਰਹੇ ਹਨ।