Sunday, November 29Malwa News
Shadow

ਜਨਗਣਨਾ 2027: ਸਵੈ ਗਣਨਾ ਕਰਨ ਲਈ ਆਖਰੀ ਤਰੀਕ 30 ਨਵੰਬਰ: ਅਭਿਜੀਤ ਕਪਲਿਸ਼

ਬਰਨਾਲਾ, 29 ਨਵੰਬਰ-               ਜਨਗਨਣਾ 2027 ਦੇ ਦੂਜੇ ਪੜਾਅ (ਆਬਾਦੀ ਦੀ ਗਿਣਤੀ) ਤਹਿਤ ਸਵੈ ਗਣਨਾ ਕਰਨ ਦੀ ਆਖਰੀ ਤਰੀਕ 30 ਨਵੰਬਰ ਹੈ।

     ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ, ਬਰਨਾਲਾ ਸ਼੍ਰੀ ਅਭਿਜੀਤ ਕਪਲਿਸ਼ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੈ ਗਣਨਾ ਦੀ ਪ੍ਰਕਿਰਿਆ ਮੁਕੰਮਲ ਕਰਨ ਲਈ ਅੱਗੇ ਆਉਣ ਅਤੇ ਇਸ ਰਾਸ਼ਟਰੀ ਕਾਰਜ ਵਿਚ ਆਪਣਾ ਯੋਗਦਾਨ ਪਾਉਣ।

ਉਹਨਾਂ ਕਿਹਾ ਕਿ ਜਿਨ੍ਹਾਂ ਨਾਗਰਿਕਾਂ ਨੇ ਅਜੇ ਤਕ ਸਵੈ ਗਣਨਾ ਨਹੀਂ ਕੀਤੀ ਉਹ ਸਰਕਾਰੀ ਪੋਰਟਲ se.census.gov.in ਉੱਤੇ ਜਾ ਕੇ ਲੌਗ ਇਨ ਕਰਕੇ 40 ਸਵਾਲਾਂ ਦੇ ਜਵਾਬ ਭਰ ਕੇ ਸਵੈ ਗਣਨਾ ਕਰ ਸਕਦੇ ਹਨ।

 ਸ਼੍ਰੀ ਅਭਿਜੀਤ ਕਪਲਿਸ਼ ਨੇ ਦੱਸਿਆ ਕਿ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਿਣਤੀਕਾਰ ਘਰ-ਘਰ ਜਾ ਕੇ ਜਨਗਣਨਾ ਕਰਨਗੇ। ਜਿਹੜੇ ਵਿਅਕਤੀਆਂ ਨੇ ਸਵੈ ਗਣਨਾ ਕੀਤੀ ਹੋਵੇਗੀ ਉਹਨਾਂ ਨੂੰ ਸਾਰੀ ਜਾਣਕਾਰੀ ਦੁਬਾਰਾ ਭਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ, ਉਹਨਾਂ ਨੂੰ ਸਿਰਫ SE ID ਦੇਣੀ ਪਵੇਗੀ। ਜਿਨ੍ਹਾਂ ਨੇ ਸਵੈ ਗਣਨਾ ਨਹੀਂ ਕੀਤੀ ਹੋਵੇਗੀ ਉਹਨਾਂ ਨੂੰ ਆਪਣੇ ਸਾਰੇ ਪਰਿਵਾਰ ਦੀ ਜਾਣਕਾਰੀ ਦੇਣੀ ਪਵੇਗੀ। ਉਹਨਾਂ ਦੱਸਿਆ ਕਿ ਗਿਣਤੀਕਾਰ ਜਨਗਣਨਾ ਲਈ 40 ਸਵਾਲ ਪੁੱਛਣਗੇ ਜਿੰਨਾ ਵਿਚ ਨਾਮ, ਉਮਰ, ਨਾਗਰਿਕਤਾ, ਪਰਿਵਾਰ ਦੇ ਮੁਖੀ ਨਾਲ ਰਿਸ਼ਤਾ, ਮਾਤ ਭਾਸ਼ਾ, ਕੰਮ ਵਾਲੇ ਸਥਾਨ ਬਾਰੇ, ਬੱਚਿਆਂ ਦੀ ਗਿਣਤੀ ਆਦਿ ਜਾਣਕਾਰੀ ਦਰਜ ਕੀਤੀ ਜਾਵੇਗੀ।

 ਉਹਨਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਜਨਗਣਨਾ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਗਤੀਵਿਧੀਆਂ ਵੀ ਲਗਾਤਾਰ ਜਾਰੀ ਹਨ। ਇਸ ਤਹਿਤ ਜ਼ਿਲ੍ਹੇ ਦੇ ਪਾਰਕਾਂ, ਸਕੂਲਾਂ, ਕਾਲਜਾਂ, ਸਾਂਝੀਆਂ ਥਾਵਾਂ ਅਤੇ ਹੋਰ ਭੀੜ ਵਾਲਿਆਂ ਥਾਵਾਂ ਤੇ ਜਾ ਕੇ ਜਨਗਣਨਾ ਸਟਾਫ਼ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਜਨਗਣਨਾ ਪ੍ਰਚਾਰ ਸੈੱਲ ਤੋਂ ਖੁਸ਼ਪ੍ਰੀਤ ਸਿੰਘ, ਲਖਵੀਰ ਸਿੰਘ, ਦਲਜੀਤ ਸਿੰਘ, ਅਸ਼ੋਕ ਕੁਮਾਰ ਵਲੋਂ ਦੀਪਕ ਢਾਬਾ ਧਨੌਲਾ ਵਿਖੇ ਆਉਣ ਵਾਲੇ ਲੋਕਾਂ ਨੂੰ ਜਨਗਣਨਾ ਦੇ ਦੂਜੇ ਪੜਾਅ ਬਾਰੇ ਜਾਗਰੂਕ ਕੀਤਾ ਗਿਆ।

  ਉਹਨਾਂ ਕਿਹਾ ਕਿ ਸਹੀ ਅਤੇ ਮੁਕੰਮਲ ਅੰਕੜੇ ਦੇਸ਼ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕਰਨ ਦਾ ਮੁੱਖ ਆਧਾਰ ਹੁੰਦੇ ਹਨ ਅਤੇ ਇਹ ਰਾਸ਼ਟਰੀ ਗਤੀਵਿਧੀ ਬੜੀ ਅਹਿਮ ਹੈ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਜਨਗਣਨਾ ਦੇ ਦੂਜੇ ਪੜਾਅ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।