Wednesday, November 11Malwa News
Shadow

ਕੋਚੇਲਾ 2027 ‘ਚ ਮੁੜ ਗੂੰਜੇਗੀ ਦਿਲਜੀਤ ਦੋਸਾਂਝ ਦੀ ਆਵਾਜ਼, ਵੱਡੇ ਕਲਾਕਾਰਾਂ ਨਾਲ ਕਰਨਗੇ ਪ੍ਰੋਫਾਰਮ

ਲਾਸ ਏਂਜਲਸ: ਦੁਨੀਆ ਦੇ ਮਸ਼ਹੂਰ ਮਿਊਜ਼ਿਕ ਫੈਸਟੀਵਲ ਕੋਚੇਲਾ 2027 ਦੀ ਲਾਈਨਅੱਪ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਸੰਗੀਤ ਜਗਤ ਦੇ ਕਈ ਵੱਡੇ ਨਾਮ ਇਸ ਫੈਸਟੀਵਲ ਦਾ ਹਿੱਸਾ ਬਣਨ ਜਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਕੋਚੇਲਾ ਦੇ ਮੰਚ ‘ਤੇ ਆਪਣੀ ਗਾਇਕੀ ਦਾ ਜਲਵਾ ਦਿਖਾਉਣਗੇ। ਉਨ੍ਹਾਂ ਦੀ ਪੇਸ਼ਕਾਰੀ ਪਹਿਲੇ ਵੀਕਐਂਡ ਦੌਰਾਨ ਹੋਵੇਗੀ।

ਕੋਚੇਲਾ 2027 ਵਿੱਚ ਦੁਆ ਲੀਪਾ, ਡੈਡੀ ਯੈਂਕੀ, SZA, ਮੈਡੋਨਾ ਅਤੇ ਟੇਮ ਇਮਪਾਲਾ ਵਰਗੇ ਕੌਮਾਂਤਰੀ ਸਿਤਾਰੇ ਵੀ ਆਪਣੀ ਪੇਸ਼ਕਾਰੀ ਦੇਣਗੇ। ਇਹ ਮਿਊਜ਼ਿਕ ਫੈਸਟੀਵਲ 9 ਤੋਂ 11 ਅਪ੍ਰੈਲ ਅਤੇ 16 ਤੋਂ 18 ਅਪ੍ਰੈਲ 2027 ਤੱਕ ਦੋ ਵੀਕਐਂਡ ਵਿੱਚ ਕਰਵਾਇਆ ਜਾਵੇਗਾ।

ਫੈਸਟੀਵਲ ਦੇ ਮੁੱਖ ਹੈੱਡਲਾਈਨਰਜ਼ ਵਿੱਚ ਦੁਆ ਲੀਪਾ, ਟੇਮ ਇਮਪਾਲਾ ਅਤੇ SZA ਸ਼ਾਮਲ ਹਨ, ਜੋ ਕ੍ਰਮਵਾਰ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਮੰਚ ‘ਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਡੈਡੀ ਯੈਂਕੀ ਨੂੰ ਇੱਕ ਖ਼ਾਸ ਮਿਊਜ਼ਿਕ ਪ੍ਰੋਡਕਸ਼ਨ ਲਈ ਚੌਥੇ ਮੁੱਖ ਹੈੱਡਲਾਈਨਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਕੋਚੇਲਾ 2027 ਦੀ ਲਾਈਨਅੱਪ ਵਿੱਚ ਕਈ ਹੋਰ ਮਸ਼ਹੂਰ ਕਲਾਕਾਰ ਵੀ ਸ਼ਾਮਲ ਹਨ। ਸ਼ੁੱਕਰਵਾਰ ਨੂੰ ਮੈਡੋਨਾ, ਜ਼ਾਰਾ ਲਾਰਸਨ, ਸਟੀਵ ਲੇਸੀ, ਜਿਸੂ, ਕੇਹਲਾਨੀ ਅਤੇ ਲਿਓਨ ਥਾਮਸ ਆਪਣੀ ਪੇਸ਼ਕਾਰੀ ਦੇਣਗੇ। ਉੱਥੇ ਹੀ ਸ਼ਨੀਵਾਰ ਨੂੰ ਫੋਬੀ ਬ੍ਰਿਜਰਜ਼, ਵੀਜ਼ਰ, ਟੀਏਸਟੋ, ਮਾਰਟਿਨ ਗੈਰਿਕਸ ਅਤੇ ਰੋਲ ਮਾਡਲ ਵਰਗੇ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਐਤਵਾਰ ਨੂੰ ਡੌਨ ਟੋਲਿਵਰ, ਡੌਮ ਡੌਲਾ, ਕਾਇਗੋ, ਦ ਨੇਬਰਹੁੱਡ ਅਤੇ ਬੇਕੀ ਜੀ ਵਰਗੇ ਕਲਾਕਾਰ ਮੰਚ ‘ਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮੈਨੇਸਕਿਨ, ਫੋਰ ਟੈਟ, ਰੇਮੀ ਵੁਲਫ ਅਤੇ ਵਿਕਟੋਰੀਆ ਮੋਨੇਟ ਸਮੇਤ ਕਈ ਹੋਰ ਕਲਾਕਾਰ ਵੀ ਇਸ ਫੈਸਟੀਵਲ ਦਾ ਹਿੱਸਾ ਹੋਣਗੇ।

ਕੋਚੇਲਾ 2027 ਦਾ ਆਯੋਜਨ ਕੈਲੀਫੋਰਨੀਆ ਦੇ ਇੰਡੀਓ ਸਥਿਤ ਐਮਪਾਇਰ ਪੋਲੋ ਕਲੱਬ ਵਿੱਚ ਕੀਤਾ ਜਾਵੇਗਾ। ਫੈਸਟੀਵਲ ਦੀਆਂ ਟਿਕਟਾਂ ਦੀ ਵਿਕਰੀ 13 ਨਵੰਬਰ ਤੋਂ ਅਧਿਕਾਰਤ ਵੈੱਬਸਾਈਟ ‘ਤੇ ਸ਼ੁਰੂ ਹੋਵੇਗੀ।

ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਇਸ ਤੋਂ ਪਹਿਲਾਂ ਵੀ ਕੋਚੇਲਾ ਦੇ ਮੰਚ ‘ਤੇ ਆਪਣੀ ਪੇਸ਼ਕਾਰੀ ਦੇ ਚੁੱਕੇ ਹਨ। ਹੁਣ 2027 ਵਿੱਚ ਉਨ੍ਹਾਂ ਦੀ ਵਾਪਸੀ ਨਾਲ ਪੰਜਾਬੀ ਸੰਗੀਤ ਅਤੇ ਦੁਨੀਆ ਭਰ ਵਿੱਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਸਕਦਾ ਹੈ।