Thursday, October 29Malwa News
Shadow

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਮਭੂਮੀ ਗੁਜਰਾਤ ਬਣੇਗੀ ਹਰਿਆਣਾ ਦੀ ਵਿਕਾਸ ਗਾਥਾ ਦਾ ਸਾਰਥੀ

ਚੰਡੀਗੜ੍ਹ, 28 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਮਭੂਮੀ ਗੁਜਰਾਤ ਹੁਣ ਹਰਿਆਣਾ ਦੀ ਵਿਕਾਸ ਯਾਤਰਾ ਦਾ ਮਹੱਤਵਪੂਰਨ ਸਾਰਥੀ ਬਣੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਦੋ ਰੋਜ਼ਾ ਗੁਜਰਾਤ ਦੌਰੇ ਦੌਰਾਨ ਨਾ ਸਿਰਫ਼ ਨਿਵੇਸ਼ ਦੇ ਮੌਕਿਆਂ ‘ਤੇ ਚਰਚਾ ਹੋਈ, ਸਗੋਂ ਦੋਵਾਂ ਸੂਬਿਆਂ ਦਰਮਿਆਨ ਆਪਸੀ ਸਮਾਵੇਸ਼ ਅਤੇ ਸਹਿਯੋਗ ਨੂੰ ਮਜ਼ਬੂਤ ਬਣਾਉਣ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਦੌਰੇ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਰਤ ਅਤੇ ਅਹਿਮਦਾਬਾਦ ਦੋਵਾਂ ਸ਼ਹਿਰਾਂ ਵਿੱਚ ਪ੍ਰਵਾਸੀ ਹਰਿਆਣਵੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਪ੍ਰਵਾਸੀਆਂ ਨੇ ਆਪਣੀਆਂ ਪ੍ਰਾਪਤੀਆਂ ਦੇ ਨਾਲ-ਨਾਲ ਵੱਖ-ਵੱਖ ਸਮੱਸਿਆਵਾਂ ਅਤੇ ਉਮੀਦਾਂ ਵੀ ਸਾਂਝੀਆਂ ਕੀਤੀਆਂ। ਮੁੱਖ ਮੰਤਰੀ ਨੇ ਪ੍ਰਵਾਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਕਿਹਾ ਕਿ ਹਰਿਆਣਾ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਅਤੇ ਸਹੂਲਤਾਂ ਦੇ ਵਿਸਥਾਰ ਲਈ ਵਚਨਬੱਧ ਹੈ।

ਸੂਰਤ ਵਿੱਚ ਮੁੱਖ ਮੰਤਰੀ ਨੇ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਪ੍ਰਵਾਸੀ ਹਰਿਆਣਵੀਆਂ ਦੀਆਂ ਸ਼ਿਕਾਇਤਾਂ ਦੇ ਜਲਦੀ ਅਤੇ ਪ੍ਰਭਾਵੀ ਨਿਪਟਾਰੇ ਲਈ ਇੱਕ ਸਮਰਪਿਤ ਪੋਰਟਲ ਬਣਾਇਆ ਜਾਵੇਗਾ। ਇਸ ਪੋਰਟਲ ਰਾਹੀਂ ਪ੍ਰਵਾਸੀ ਆਪਣੀਆਂ ਸਮੱਸਿਆਵਾਂ ਦਰਜ ਕਰਵਾ ਸਕਣਗੇ ਅਤੇ ਉਨ੍ਹਾਂ ਦਾ ਸਮਾਂਬੱਧ ਹੱਲ ਯਕੀਨੀ ਬਣਾਇਆ ਜਾਵੇਗਾ। ਇਹ ਕਦਮ ਪ੍ਰਵਾਸੀ ਭਾਈਚਾਰੇ ਨੂੰ ਸਰਕਾਰ ਨਾਲ ਹੋਰ ਵਧੇਰੇ ਜੋੜਨ ਵਾਲਾ ਸਾਬਤ ਹੋਵੇਗਾ।

ਇਸ ਦੇ ਨਾਲ ਹੀ, ਮਹਾਰਾਸ਼ਟਰ ਵਿੱਚ ਹਰਿਆਣਾ ਭਵਨ ਦੀ ਤਰਜ਼ ‘ਤੇ ਹੁਣ ਗੁਜਰਾਤ ਵਿੱਚ ਵੀ ਹਰਿਆਣਾ ਭਵਨ ਬਣਾਉਣ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕੇ ਗਏ ਹਨ। ਇਹ ਭਵਨ ਪ੍ਰਵਾਸੀ ਹਰਿਆਣਵੀਆਂ ਲਈ ਸੱਭਿਆਚਾਰਕ, ਸਮਾਜਿਕ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਦਾ ਕੇਂਦਰ ਬਣੇਗਾ ਅਤੇ ਦੋਵਾਂ ਸੂਬਿਆਂ ਦਰਮਿਆਨ ਸੱਭਿਆਚਾਰਕ ਪੁਲ ਦਾ ਕੰਮ ਕਰੇਗਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਅਤੇ ਹਰਿਆਣਾ ਦਰਮਿਆਨ ਸਹਿਯੋਗ ਸਿਰਫ਼ ਆਰਥਿਕ ਨਿਵੇਸ਼ ਤੱਕ ਸੀਮਤ ਨਹੀਂ ਰਹੇਗਾ, ਸਗੋਂ ਸਮਾਜਿਕ, ਸੱਭਿਆਚਾਰਕ ਅਤੇ ਮਾਨਵੀ ਪੱਖਾਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜਨਮਭੂਮੀ ਤੋਂ ਸ਼ੁਰੂ ਹੋਈ ਇਹ ਸਾਂਝੇਦਾਰੀ ਹਰਿਆਣਾ ਦੀ ਵਿਕਾਸ ਗਾਥਾ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵਾਲੀ ਸਾਬਤ ਹੋਵੇਗੀ।