
ਚੰਡੀਗੜ੍ਹ, 21 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਨਾਗਰਿਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜਲਘਰ, ਬੂਸਟਿੰਗ ਸਟੇਸ਼ਨ ਅਤੇ ਪਾਈਪਲਾਈਨਾਂ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਰੇ ਜਲਘਰਾਂ ਅਤੇ ਬੂਸਟਿੰਗ ਸਟੇਸ਼ਨਾਂ ਦੇ ਤਲ ਆਰ.ਸੀ.ਸੀ. ਦੇ ਬਣਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਵਿੱਚੋਂ ਪਾਣੀ ਦਾ ਰਿਸਾਅ ਨਾ ਹੋ ਸਕੇ।
ਮੁੱਖ ਮੰਤਰੀ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਹਾਈ ਪਾਵਰਡ ਪਰਚੇਜ਼ ਕਮੇਟੀ ਅਤੇ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਮੀਟਿੰਗ ਵਿੱਚ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਜਨ ਸਿਹਤ ਮੰਤਰੀ ਰਣਬੀਰ ਗੰਗਵਾ ਅਤੇ ਸਿੰਚਾਈ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਜਨ ਸਿਹਤ ਵਿਭਾਗ ਦੇ ਲਗਭਗ 419.34 ਕਰੋੜ ਰੁਪਏ ਦੇ 13 ਕੰਮਾਂ ਨੂੰ 399.85 ਕਰੋੜ ਰੁਪਏ ਦੀ ਰਾਸ਼ੀ ਨਾਲ ਕਰਵਾਉਣ ਦੀ ਮਨਜ਼ੂਰੀ ਦਿੱਤੀ। ਇਨ੍ਹਾਂ ਕੰਮਾਂ ਨਾਲ 19.49 ਕਰੋੜ ਰੁਪਏ ਦੀ ਬਚਤ ਹੋਈ ਹੈ। ਇਨ੍ਹਾਂ ਵਿੱਚ ਸੀ.ਆਈ.ਪੀ.ਪੀ. ਤਕਨੀਕ ਰਾਹੀਂ ਸੀਵਰੇਜ ਲਾਈਨਾਂ ਦੀ ਸਫ਼ਾਈ ਦੇ ਕੰਮ ਵੀ ਸ਼ਾਮਲ ਹਨ। ਇਸ ਆਧੁਨਿਕ ਤਕਨੀਕ ਨਾਲ ਸੀਵਰੇਜ ਲਾਈਨ ਦੀ ਖੁਦਾਈ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਚਾਲੂ ਲਾਈਨ ਦੇ ਅੰਦਰੋਂ ਹੀ ਇਸ ਨੂੰ ਠੀਕ ਕਰਨ ਦਾ ਕੰਮ ਕੀਤਾ ਜਾਂਦਾ ਹੈ।
ਰੋਹਤਕ ਸ਼ਹਿਰ ਵਿੱਚ ਗਾਂਧੀ ਨਗਰ ਤੋਂ ਮੁੱਖ ਝੱਜਰ ਰੋਡ ਤੱਕ ਵੱਡੀ ਸੀਵਰੇਜ ਲਾਈਨ ਨੂੰ ਸਪਾਇਰਲ ਲਾਈਨਿੰਗ ਅਤੇ ਆਰ.ਸੀ.ਸੀ. ਕਰਨ ਦੇ ਕੰਮ ‘ਤੇ 15.90 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਹੋਰ ਖ਼ਰਾਬ ਸੀਵਰੇਜ ਲਾਈਨਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ 17.25 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸੇ ਤਰ੍ਹਾਂ ਸਿੰਘਪੁਰਾ ਵਿੱਚ ਸੀਵਰੇਜ ਲਾਈਨ ਨੂੰ ਆਰ.ਸੀ.ਸੀ. ਕਰਨ ਦੇ ਕੰਮ ‘ਤੇ 16 ਕਰੋੜ ਰੁਪਏ ਅਤੇ ਸੁਖਪੁਰਾ ਚੌਕ, ਰੋਹਤਕ ਵਿਖੇ ਸੀਵਰੇਜ ਲਾਈਨ ਦੀ ਮੁਰੰਮਤ ਦੇ ਕੰਮ ‘ਤੇ 15 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਅੰਬਾਲਾ ਦੇ ਸ਼ਹਿਜ਼ਾਦਪੁਰ ਵਿੱਚ 48 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨ ਵਿਛਾਉਣ, 3 ਐਮ.ਐਲ.ਡੀ. ਦਾ ਐਸ.ਟੀ.ਪੀ. ਬਣਾਉਣ, ਪੀਣ ਵਾਲੇ ਪਾਣੀ ਦੀ ਲਾਈਨ ਵਿਛਾਉਣ ਅਤੇ ਹੋਰ ਕੰਮ ਕੀਤੇ ਜਾਣਗੇ। ਇਸੇ ਤਰ੍ਹਾਂ ਜਗਾਧਰੀ ਸ਼ਹਿਰ ਵਿੱਚ 24 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨ ਦੇ ਪੁਨਰ ਨਿਰਮਾਣ ਅਤੇ ਨਵੀਂ ਲਾਈਨ ਵਿਛਾਉਣ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਧਨੌਰੀ ਵਿੱਚ ਨਹਿਰ ਆਧਾਰਿਤ ਜਲਘਰ ਲਈ ਨਹਿਰ ਦਾ ਨਿਰਮਾਣ ਕਰਨ, 2 ਐਮ.ਐਲ.ਡੀ. ਦਾ ਐਸ.ਟੀ.ਪੀ. ਬਣਾਉਣ ਅਤੇ ਹੋਰ ਕੰਮਾਂ ‘ਤੇ 42.50 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਮੀਟਿੰਗ ਵਿੱਚ ਰਤੀਆ ਸ਼ਹਿਰ ਦੇ ਮੁੱਖ ਜਲਘਰ ਦੇ ਟੈਂਕ ਦੇ ਤਲ ਨੂੰ ਆਰ.ਸੀ.ਸੀ. ਦਾ ਬਣਾਉਣ ਅਤੇ ਹੋਰ ਕੰਮਾਂ ਲਈ 31.50 ਕਰੋੜ ਰੁਪਏ ਖਰਚ ਕਰਨ ਦੀ ਮਨਜ਼ੂਰੀ ਦਿੱਤੀ ਗਈ। ਹਿਸਾਰ ਸ਼ਹਿਰ ਵਿੱਚ 10 ਐਮ.ਐਲ.ਡੀ. ਦੇ ਐਸ.ਟੀ.ਪੀ. ਦੇ ਨਾਲ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਦੇ ਕੰਮਾਂ ‘ਤੇ 33.95 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੈਮਰੀ ਪਿੰਡ ਵਿੱਚ 54 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਜਲਘਰ ਬਣਾਉਣ, ਬੂਸਟਿੰਗ ਸਟੇਸ਼ਨ ਸਥਾਪਤ ਕਰਨ, ਜਲਘਰਾਂ ਦੇ ਟੈਂਕਾਂ ਨੂੰ ਆਰ.ਸੀ.ਸੀ. ਦਾ ਬਣਾਉਣ ਅਤੇ 2 ਐਮ.ਐਲ.ਡੀ. ਦੇ ਐਸ.ਟੀ.ਪੀ. ਬਣਾਉਣ ਆਦਿ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ।
ਮੁੱਖ ਮੰਤਰੀ ਨੇ ਪੰਚਕੂਲਾ ਸਥਿਤ ਜਨ ਸਿਹਤ ਵਿਭਾਗ ਦੀ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਦੀ ਮਨਜ਼ੂਰੀ ਦਿੱਤੀ। ਇਸ ਇਮਾਰਤ ‘ਤੇ 58.50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਮਹਾਗ੍ਰਾਮ ਯੋਜਨਾ ਤਹਿਤ ਨੂਹ ਜ਼ਿਲ੍ਹੇ ਦੇ ਪਿੰਡ ਘਾਸੇੜਾ ਵਿੱਚ ਸੀਵਰੇਜ ਸਹੂਲਤਾਂ ਤੋਂ ਇਲਾਵਾ ਐਸ.ਟੀ.ਪੀ. ਬਣਾਉਣ ਦਾ ਕੰਮ ਕੀਤਾ ਜਾਵੇਗਾ। ਇਸ ‘ਤੇ 17.90 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਆਸਰਾਵਾਸ ਵਿੱਚ 5 ਐਮ.ਐਲ.ਡੀ. ਦਾ ਜਲਘਰ ਬਣਾਇਆ ਜਾਵੇਗਾ। ਇਸ ਜਲਘਰ ਦੇ ਨਿਰਮਾਣ ‘ਤੇ 25.49 ਕਰੋੜ ਰੁਪਏ ਦੀ ਲਾਗਤ ਆਵੇਗੀ।
ਪੰਚਕੂਲਾ ਵਿੱਚ 18.40 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਲੋਕਾਯੁਕਤ ਦੀ ਇਮਾਰਤ
ਪੰਚਕੂਲਾ ਵਿੱਚ ਲਗਭਗ 18.40 ਕਰੋੜ ਰੁਪਏ ਦੀ ਲਾਗਤ ਨਾਲ ਲੋਕਾਯੁਕਤ ਦੀ ਇਮਾਰਤ ਬਣਾਈ ਜਾਵੇਗੀ, ਜਦਕਿ ਅੰਬਾਲਾ ਵਿੱਚ ਟੀ.ਬੀ. ਹਸਪਤਾਲ ਦਾ ਨਿਰਮਾਣ 22.80 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਕਰਨਾਲ ਵਿੱਚ ਰੈਸਟ ਹਾਊਸ ਦੇ ਨਿਰਮਾਣ ‘ਤੇ 29.91 ਕਰੋੜ ਰੁਪਏ ਖਰਚ ਕੀਤੇ ਜਾਣਗੇ। ਚਰਖੀ ਦਾਦਰੀ ਦੇ ਪਿੰਡ ਪਿਚੋਪਾ ਵਿੱਚ 11.60 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਸ ਵਿੱਚ ਸਿੰਥੈਟਿਕ ਟਰੈਕ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਭਾਲੋਠ ਸਬ ਬ੍ਰਾਂਚ ਵਿੱਚ ਪੁਲ ਅਤੇ ਆਰ.ਸੀ.ਸੀ. ਢਾਂਚੇ ਦੇ ਨਿਰਮਾਣ ਦੇ ਕੰਮ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਮੀਟਿੰਗ ਵਿੱਚ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ, ਜੀਂਦ ਦੇ ਅਕਾਦਮਿਕ ਬਲਾਕ ਦੇ ਨਿਰਮਾਣ ਕਾਰਜ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੇ ਨਿਰਮਾਣ ‘ਤੇ 54.50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਇੰਦਰਾ ਗਾਂਧੀ ਯੂਨੀਵਰਸਿਟੀ, ਮੀਰਪੁਰ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ 224 ਬਿਸਤਰਿਆਂ ਵਾਲਾ ਹੋਸਟਲ ਬਣਾਉਣ ਦੇ ਕੰਮ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਦੇ ਨਿਰਮਾਣ ‘ਤੇ 14.50 ਕਰੋੜ ਰੁਪਏ ਦੀ ਲਾਗਤ ਆਵੇਗੀ।
ਰਾਜ ਵਾਤਾਵਰਣ ਪ੍ਰਭਾਵ ਅਤੇ ਮੁਲਾਂਕਣ ਅਥਾਰਟੀ ਦੀ ਇਮਾਰਤ ਦੇ ਨਿਰਮਾਣ ਨੂੰ ਵੀ ਮਨਜ਼ੂਰੀ
ਐਮ.ਡੀ.ਸੀ. ਸੈਕਟਰ-5, ਪੰਚਕੂਲਾ ਵਿੱਚ ਬਣਨ ਵਾਲੀ ਇਸ ਇਮਾਰਤ ‘ਤੇ 16 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਪੰਚਕੂਲਾ ਵਿੱਚ ਸਿੰਘ ਨਾਲਾ ਅਤੇ ਬੈਲ ਫੈਕਟਰੀ ਤੋਂ ਭਗਵਾਨ ਪਰਸ਼ੂਰਾਮ ਚੌਕ ਤੱਕ ਦੋ ਸਟਾਰਮ ਵਾਟਰ ਡਰੇਨਾਂ ਬਣਾਉਣ ਦੇ ਕੰਮ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਕੰਮਾਂ ‘ਤੇ ਲਗਭਗ 34.30 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਗੁਰੂਗ੍ਰਾਮ ਦੇ ਚੰਦੂ ਬੁਢੇੜਾ ਸਥਿਤ ਜਲਘਰ ਵਿੱਚ 100 ਐਮ.ਐਲ.ਡੀ. ਦਾ ਆਟੋਮੈਟਿਕ ਵਾਟਰ ਟ੍ਰੀਟਮੈਂਟ ਪਲਾਂਟ ਅਤੇ ਸਾਫ਼ ਪਾਣੀ ਦਾ ਭੰਡਾਰ ਬਣਾਉਣ ਦੇ ਕੰਮ ‘ਤੇ 49.50 ਕਰੋੜ ਰੁਪਏ ਖਰਚ ਕਰਨ ਦੀ ਮਨਜ਼ੂਰੀ ਦਿੱਤੀ ਗਈ।
ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ, ਲੋਕ ਨਿਰਮਾਣ ਵਿਭਾਗ, ਸਿੰਚਾਈ ਵਿਭਾਗ ਅਤੇ ਬਿਜਲੀ ਵੰਡ ਨਿਗਮ ਦੇ ਕਈ ਹੋਰ ਕੰਮਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਚੀਕਾ, ਢੰਡੂਰ, ਹਾਂਸੀ ਅਤੇ ਜੁਲਾਨਾ ਵਿੱਚ ਵੇਅਰਹਾਊਸਿੰਗ ਦੇ ਗੋਦਾਮ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਭਿਵਾਨੀ, ਜੀਂਦ ਅਤੇ ਕਰਨਾਲ ਵਿੱਚ ਐਨ.ਐਚ.-709 ਦੇ ਬਾਕੀ ਰਹਿੰਦੇ ਹਿੱਸੇ ਦਾ ਕੰਮ ਪੂਰਾ ਕੀਤਾ ਜਾਵੇਗਾ। ਆਈ.ਐਮ.ਟੀ. ਸੋਹਣਾ ਵਿੱਚ 5 ਏਕੜ ਜ਼ਮੀਨ ‘ਤੇ ਕਨਵੈਨਸ਼ਨ ਸੈਂਟਰ ਵਿੱਚ ਆਡੀਟੋਰੀਅਮ, ਦੁਕਾਨਾਂ, 50 ਕਮਰਿਆਂ ਵਾਲਾ ਹੋਟਲ ਅਤੇ ਪਾਰਕਿੰਗ ਸਥਾਨ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਨਿਰਮਾਣ ‘ਤੇ 51 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਗੁਰੂਗ੍ਰਾਮ-ਪਟੌਦੀ ਰੋਡ ਨੂੰ ਗਡੋਲੀ ਰਾਹੀਂ ਦਵਾਰਕਾ ਐਕਸਪ੍ਰੈੱਸਵੇਅ ਤੱਕ ਅਪਗ੍ਰੇਡ ਕਰਨ ਅਤੇ ਮਜ਼ਬੂਤ ਬਣਾਉਣ ਦਾ ਕੰਮ 30.85 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਵਧੀਕ ਮੁੱਖ ਸਕੱਤਰ ਏ.ਕੇ. ਸਿੰਘ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਡਾ. ਯਸ਼ਪਾਲ ਯਾਦਵ, ਈ.ਆਈ.ਸੀ. ਦੇਵੇਂਦਰ ਦਹੀਆ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।