
ਚੰਡੀਗੜ੍ਹ, 3 ਅਕਤੂਬਰ — ਹਰਿਆਣਾ ਵਿਧਾਨ ਸਭਾ ਸਪੀਕਰ ਸ਼੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਸੇਵਾ ਸੰਕਲਪ ਅਭਿਆਨ ਦੇ ਮਾਧਿਅਮ ਨਾਲ ਸੇਵਾ, ਸਮਾਜਿਕ ਸਹਿਭਾਗਤਾ ਅਤੇ ਜਨ-ਭਲਾਈ ਦਾ ਸੰਦੇਸ਼ ਪਿੰਡ-ਪਿੰਡ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸੇ ਲੜੀ ਵਿੱਚ ਸੇਵਾ ਜੋਤੀ ਕਲਸ਼ ਯਾਤਰਾ ਕਰਨਾਲ ਦੇ ਪਿੰਡ ਚੌੜਾ ਪਹੁੰਚਣ ‘ਤੇ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਯਾਤਰਾ ਦਾ ਸਵਾਗਤ ਕੀਤਾ।
ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਸੇਵਾ ਜੋਤੀ ਕਲਸ਼ ਯਾਤਰਾ ਰਾਹੀਂ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਜਨ-ਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਨਾਲ ਹੀ, ਵੀਡੀਓ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਅਤੇ 25 ਸਾਲਾਂ ਦੇ ਜਨ-ਸੇਵਾ ਕਾਰਜਕਾਲ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੇ ਪ੍ਰੋਗਰਾਮ ਲੋਕਾਂ ਨੂੰ ਸੇਵਾ ਭਾਵਨਾ ਅਤੇ ਸਮਾਜਿਕ ਸਹਿਭਾਗਤਾ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਜਨ-ਭਲਾਈਕਾਰੀ ਯੋਜਨਾਵਾਂ ਪ੍ਰਤੀ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਹਰਵਿੰਦਰ ਕਲਿਆਣ ਨੇ ਕਿਹਾ ਕਿ ਜਨ-ਸੇਵਾ ਅਤੇ ਵਿਕਾਸ ਹੀ ਸਰਕਾਰ ਦਾ ਮੂਲ ਸੰਕਲਪ ਹੈ। ਸਾਲ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਹਰ ਪਿੰਡ ਅਤੇ ਘਰ ਤੱਕ ਬਿਜਲੀ, ਪੱਕੇ ਰਸਤੇ ਅਤੇ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਪਹੁੰਚਾਉਣ ਦਾ ਸੰਕਲਪ ਲਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਗਰੀਬੀ ਨੂੰ ਦੇਖਿਆ ਅਤੇ ਮਹਿਸੂਸ ਕੀਤਾ ਹੈ, ਇਹੀ ਕਾਰਨ ਹੈ ਕਿ ਉਹ ਗਰੀਬ ਅਤੇ ਵਾਂਝੇ ਵਰਗ ਦੀ ਭਲਾਈ ਲਈ ਨਿਰੰਤਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਨ-ਪ੍ਰਤੀਨਿਧੀਆਂ, ਅਧਿਕਾਰੀਆਂ, ਕਰਮਚਾਰੀਆਂ, ਵਪਾਰੀਆਂ ਅਤੇ ਮਜ਼ਦੂਰਾਂ, ਸਾਰਿਆਂ ਵਿੱਚ ਸੇਵਾ ਭਾਵਨਾ ਹੋਣੀ ਚਾਹੀਦੀ ਹੈ। ਆਪਣੇ ਤਜਰਬਿਆਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖੁਦ 400 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਸੀ, ਜਿਸ ਦੌਰਾਨ ਹਰ ਪਿੰਡ ਦੀ ਅਸਲ ਸਥਿਤੀ ਅਤੇ ਹਾਲਾਤ ਨੂੰ ਨੇੜਿਓਂ ਦੇਖਿਆ ਸੀ। ਉਨ੍ਹਾਂ ਪ੍ਰਣ ਲਿਆ ਸੀ ਕਿ ਮੌਕਾ ਮਿਲਣ ‘ਤੇ ਜਨਤਾ ਦੇ ਆਸ਼ੀਰਵਾਦ ਅਤੇ ਸਹਿਯੋਗ ਨਾਲ ਖੇਤਰ ਵਿੱਚ ਵਿਕਾਸ ਕਾਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਲਗਭਗ 80 ਤੋਂ 85 ਨਵੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਖੇਤਰ ਵਿੱਚ ਮੈਡੀਕਲ ਯੂਨੀਵਰਸਿਟੀ ਅਤੇ ਕਾਲਜ ਵਰਗੀਆਂ ਵੱਡੀਆਂ ਪਰਿਯੋਜਨਾਵਾਂ ‘ਤੇ ਕੰਮ ਹੋਇਆ ਹੈ। ਹਰ ਪਿੰਡ ਤੱਕ ਨਿਰਵਿਘਨ ਬਿਜਲੀ ਪਹੁੰਚਾਈ ਗਈ ਹੈ।
ਉਨ੍ਹਾਂ ਕਿਹਾ ਕਿ ਪਾਰਦਰਸ਼ੀ ਸ਼ਾਸਨ ਨੇ ਭ੍ਰਿਸ਼ਟਾਚਾਰ ‘ਤੇ ਪ੍ਰਭਾਵੀ ਰੋਕ ਲਗਾਈ ਹੈ ਅਤੇ ਹੁਣ ਨੌਜਵਾਨਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਬਿਨਾਂ ਪਰਚੀ ਅਤੇ ਬਿਨਾਂ ਖਰਚੀ ਦੇ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਮਿਲ ਰਹੀਆਂ ਹਨ। ਅਜਿਹੀ ਪਾਰਦਰਸ਼ੀ ਵਿਵਸਥਾ ਬਣਾਈ ਗਈ ਹੈ ਕਿ ਯੋਗ ਲੋਕਾਂ ਨੂੰ ਘਰ ਬੈਠੇ ਹੀ ਪੈਨਸ਼ਨ ਅਤੇ ਹੋਰ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਇਕਜੁੱਟ ਕਰਨ ਲਈ ਮਹਾਂਪੁਰਖਾਂ ਦੀਆਂ ਜਯੰਤੀਆਂ ਸਰਕਾਰੀ ਪੱਧਰ ‘ਤੇ ਧੂਮਧਾਮ ਨਾਲ ਮਨਾਈਆਂ ਜਾ ਰਹੀਆਂ ਹਨ। ਗ੍ਰਾਮ ਸਭਾਵਾਂ ਅਤੇ ਸਥਾਨਕ ਵਿਕਾਸ ਕਾਰਜਾਂ ‘ਤੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਅਤੇ ਤਲਾਬਾਂ ਦਾ ਨਿਰਮਾਣ ਤੇ ਨਵੀਨੀਕਰਨ ਕਰਵਾਇਆ ਗਿਆ ਹੈ।
ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਰਨਾਲ ਦੇ ਪਿੰਡ ਕੁਟੇਲ ਵਿੱਚ ਆਯੋਜਿਤ ਕ੍ਰਿਕਟ ਟੂਰਨਾਮੈਂਟ, ‘ਫਿੱਟ ਇੰਡੀਆ’ ਖੇਡ ਸੈਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਮੌਕੇ ‘ਤੇ ਵਿਧਾਨ ਸਭਾ ਸਪੀਕਰ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਖੁਦ ਵੀ ਪਿੱਚ ‘ਤੇ ਪਹੁੰਚ ਕੇ ਸ਼ਾਟ ਲਗਾਇਆ। ਉਨ੍ਹਾਂ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਖੇਡਾਂ ਨਾ ਸਿਰਫ ਸਰੀਰਕ ਸਿਹਤ ਨੂੰ ਬਣਾਏ ਰੱਖਦੀਆਂ ਹਨ, ਸਗੋ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਵਰਕ ਅਤੇ ਅਗਵਾਈ ਸਮਰੱਥਾ ਦਾ ਵਿਕਾਸ ਵੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਫਿੱਟ ਇੰਡੀਆ ਅਭਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਨੂੰ ਸਿਹਤਮੰਦ ਅਤੇ ਊਰਜਾਵਾਨ ਬਣਾਉਣ ਦਾ ਇੱਕ ਵਿਲੱਖਣ ਯਤਨ ਹੈ।
ਵਿਧਾਨ ਸਭਾ ਸਪੀਕਰ ਨੇ ਡਿਜੀਟਲ ਯੁੱਗ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਸਾਈਬਰ ਸੁਰੱਖਿਆ ਜਾਗਰੂਕਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇੰਟਰਨੈੱਟ ਅਤੇ ਸਮਾਰਟਫੋਨ ਦੀ ਵੱਧਦੀ ਵਰਤੋ ਨਾਲ ਸਾਈਬਰ ਅਪਰਾਧਾਂ ਦਾ ਖਤਰਾ ਵੀ ਵਧਿਆ ਹੈ। ਅਜਿਹੇ ਅਭਿਆਨਾਂ ਰਾਹੀਂ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਡਿਜੀਟਲ ਧੋਖਾਧੜੀ ਤੋਂ ਬਚਣ ਅਤੇ ਸੁਚੇਤ ਰਹਿਣ ਦੀ ਜਾਣਕਾਰੀ ਮਿਲਣਾ ਬਹੁਤ ਜ਼ਰੂਰੀ ਹੈ।