Monday, September 28Malwa News
Shadow

ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ, ਅਪ੍ਰੈਲ ਤੋਂ ਹੁਣ ਤੱਕ ਲਏ ਗਏ 312 ਸੈਂਪਲ।

ਅੰਮ੍ਰਿਤਸਰ, 28 ਸਤੰਬਰ 2026— ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀਐਫਡੀਏ ਮੈਡਮ ਕਮਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਆਈਏਐਸ ਅਤੇ ਸਿਵਲ ਸਰਜਨ ਅੰਮ੍ਰਿਤਸਰ ਡਾ ਸਤਿੰਦਰਜੀਤ ਸਿੰਘ ਬਜਾਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਅੰਮ੍ਰਿਤਸਰ ਵਿਖੇ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਯਕੀਨੀ ਬਣਾਉਣ ਅਤੇ ਮਿਲਾਵਟਖੋਰੀ ’ਤੇ ਰੋਕ ਲਗਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਲਗਾਤਾਰ ਇਨਫੋਰਸਮੈਂਟ ਮੁਹਿੰਮ ਚਲਾਈ ਜਾ ਰਹੀ ਹੈ।

ਜਿਲਾ ਸਿਹਤ ਅਫਸਰ ਕਮ ਡੈਜੀਗਨੇਟਡ ਫੂਡ ਸੇਫਟੀ ਅਫਸਰ ਡਾਕਟਰ ਮਨਜੀਤ ਸਿੰਘ ਰਟੌਲ ਨੇ ਜਾਣਕਾਰੀ ਦਿੰਦਿਆਂ ਦੱਸਿਆ 28 ਸਤੰਬਰ 2026 ਤੱਕ ਦੀ ਪ੍ਰਗਤੀ ਰਿਪੋਰਟ ਅਨੁਸਾਰ, ਸਿਹਤ ਵਿਭਾਗ ਵੱਲੋਂ 312 ਦੁੱਧ ਦੇ ਸੈਂਪਲ, 291 ਦੁੱਧ ਦੀਆਂ ਇੰਸਪੈਕਸ਼ਨਾਂ ਅਤੇ 52 ਦਹੀਂ ਦੇ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਮਿਲਾਵਟਖੋਰੀ ਅਤੇ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਮਾਮਲਿਆਂ ਵਿੱਚ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ।

ਰਿਪੋਰਟ ਅਨੁਸਾਰ CJM ਕੋਰਟ ਵੱਲੋਂ 4 ਮਾਮਲਿਆਂ ਵਿੱਚ ₹40,000 ਅਤੇ ADC ਕੋਰਟ ਵੱਲੋਂ 36 ਮਾਮਲਿਆਂ ਵਿੱਚ ₹1,79,500 ਦੇ ਜੁਰਮਾਨੇ ਲਗਾਏ ਗਏ ਹਨ। ਇਸ ਦੇ ਨਾਲ ਹੀ CJM ਕੋਰਟ ਵਿੱਚ 1 ਅਤੇ ADC ਕੋਰਟ ਵਿੱਚ 47 ਮਾਮਲੇ ਦਾਇਰ ਕੀਤੇ ਗਏ ਹਨ। ਵੱਖ-ਵੱਖ ਮਾਮਲਿਆਂ ਵਿੱਚ ਹੋਰ ਕਾਨੂੰਨੀ ਕਾਰਵਾਈ ਵੀ ਪ੍ਰਕਿਰਿਆ ਅਧੀਨ ਹੈ।

ਸਿਹਤ ਵਿਭਾਗ ਵੱਲੋਂ 720 ਕਿਲੋ ਗੁੰਮ੍ਹੇ ਦੀ ਪਿੰਨੀ ਅਤੇ 70 ਕਿਲੋ ਗੁੰਮ੍ਹੇ ਦਾ ਪਨੀਰ ਸਮੇਤ ਹੋਰ ਖਾਣ-ਪੀਣ ਦੀਆਂ ਵਸਤੂਆਂ ਸਬੰਧੀ ਵੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ 6 ਸੀਜ਼ ਕੀਤੀਆਂ ਵਸਤੂਆਂ ਅਤੇ 40 ਲੈਬ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।

ਡਿਜ਼ਾਇਨੇਟਿਡ ਅਫ਼ਸਰ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਡਾ. ਮਨਜੀਤ ਸਿੰਘ ਰਟੌਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਸਮੇਤ ਵੱਖ-ਵੱਖ ਖਾਣ-ਪੀਣ ਦੀਆਂ ਵਸਤੂਆਂ ਦੀ ਜਾਂਚ ਅੱਗੇ ਵੀ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਫੂਡ ਸੇਫਟੀ ਤੇ ਸਟੈਂਡਰਡ ਐਕਟ  ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਮਿਆਰੀ ਅਤੇ ਭਰੋਸੇਯੋਗ ਸਰੋਤਾਂ ਤੋਂ ਹੀ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਅਤੇ ਮਿਲਾਵਟਖੋਰੀ ਜਾਂ ਘਟੀਆ ਗੁਣਵੱਤਾ ਸਬੰਧੀ ਕਿਸੇ ਵੀ ਸ਼ੱਕ ਦੀ ਸੂਰਤ ਵਿੱਚ ਸਿਹਤ ਵਿਭਾਗ ਨੂੰ ਸੂਚਿਤ ਕਰਨ।