
ਫਰੀਦਕੋਟ 7 ਅਗਸਤ, ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਪੰਜਾਬ ਦੀ ਕਿਰਸਾਨੀ ਨੂੰ ਕੱਢਣਾਂ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਦਿਨੋ ਦਿਨ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਅਤੇ ਪਲੀਤ ਹੋ ਰਹੀ ਧਰਤੀ ਅਤੇ ਵਾਤਾਵਰਣ ਨੂੰ ਬਚਾਇਆ ਜਾ ਸਕੇ ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਨਰਭਿੰਦਰ ਸਿੰਘ ਗਰੇਵਾਲ ਨੇ ਬਾਗਬਾਨੀ ਵਿਭਾਗ ਵੱਲੋਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ ਨੂੰ ਅਪਨਾਉਣਾ ਚਾਹੀਦਾ ਹੈ ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ ਨਵੇਂ ਬਾਗ ਲਗਾਉਣ ਤੇ 20000/-ਰੁਪੈ ਪ੍ਰਤੀ ਹੈਕਟੇਅਰ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ । ਸਹਾਇਕ ਧੰਦੇ ਵਜੋਂ ਕਿਸਾਨ ਵੀਰ ਅਤੇ ਭੈਣਾਂ ਮਧੂ ਮੱਖੀਆਂ ਦਾ ਧੰਦਾ ਅਪਣਾ ਸਕਦੇ ਹਨ । ਜਿਸ ਉਪਰ ਪ੍ਰਤੀ ਵਿਅਕਤੀ 50 ਬਕਸਿਆਂ ਦੇ 80 ਹਜ਼ਾਰ ਰੁਪਏ ਉਪਦਾਨ ਦਿੱਤਾ ਜਾਂਦਾ ਹੈ । ਇਸ ਤੋਂ ਇਲਾਵਾ ਬਾਗ,ਸਬਜ਼ੀਆ ਅਤੇ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਜਿੰਮੀਦਾਰਾਂ ਨੂੰ ਮਸ਼ੀਨੀਕਰਨ ਦੀ ਮੱਦ ਅਧੀਨ ਸਪਰੇ ਪੰਪ, ਟਰੈਕਟਰ ਮਾਉਂਟਿਡ ਸਪਰੇ ਪੰਪ, ਪਾਵਰ ਟਿੱਲਰ, ਮਿੰਨੀ ਟਰੈਕਟਰ, ਪਟੈਟੋਗਰੇਡਰ ਆਦਿ ਦੀ ਖ੍ਰੀਦ ਤੇ 40% ਤੋਂ 50% ਤੱਕ ਦਾ ਉਪਦਾਨ ਦਿੱਤਾ ਜਾਂਦਾ ਹੈ ।ਉਨ੍ਹਾਂ ਦੱਸਿਆ ਕਿ ਸੁਰੱਖਿਅਤ ਖੇਤੀ ਅਧੀਨ ਪੋਲੀਹਾਊਸ, ਨੈਟਹਾਊਸ,ਲੋ ਟੰਨਲ, ਵਾਕ ਇੰਨ ਟੰਨਲ ਤੇ ਵੀ 50% ਸਬਸਿਡੀ ਦਿੱਤੀ ਜਾਂਦੀ ਹੈ । ਹਾਈਬ੍ਰਿਡ ਸਬਜ਼ੀਆਂ ਦੀ ਕਾਸ਼ਤ ਕਰਨ ਤੇ 20000/-ਰੁਪੈ ਪ੍ਰਤੀ ਹੈਕਟੇਅਰ ਉਪਦਾਨ ਦਿੱਤਾ ਜਾਂਦਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਉਚੇਚੇ ਤੌਰ ਤੇ ਉਪਰਾਲੇ ਕੀਤਾ ਜਾ ਰਹੇ ਹਨ । ਜਿਸ ਤਹਿਤ ਤੁਪਕਾ ਸਿੰਚਾਈ ਅਪਣਾ ਕੇ ਬਾਗ ਲਗਾਉਣ ਵਾਲੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਉਪਦਾਨ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਪ੍ਰਤੀ ਏਕੜ ਬਾਗ ਲਾਉਣ ਨਾਲ ਕਣਕ ਝੋਨੇ ਦੇ ਫਸਲੀ ਚੱਕਰ ਨਾਲੋ ਲਗਭਗ 80.00 ਲੱਖ ਲਿਟਰ ਪਾਣੀ ਦੀ ਬੱਚਤ ਹੁੰਦੀ ਹੈ । ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਜਿੰਮੀਦਾਰਾਂ ਨੂੰ ਪਲਾਸਟਿਕ ਕਰੇਟਸ ਸਬਸਿਡੀ ਤੇ ਦਿੱਤੇ ਜਾ ਰਹੇ ਹਨ । ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 35 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਉਪਦਾਨ ਦਾ ਪ੍ਰਬੰਧ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ ।
ਇਸ ਸਮੇਂ ਨਵਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਬਾਗਬਾਨੀ, ਡਾ. ਮਨਪ੍ਰੀਤ ਅਤੇ ਡਾ. ਕੁਲਦੀਪ ਸਿੰਘ ਦੋਵੇ ਬਾਗਬਾਨੀ ਵਿਕਾਸ ਅਫਸਰ ਵੀ ਹਾਜਰ ਸਨ ।