
ਬਠਿੰਡਾ, 6 ਅਗਸਤ : ਪੰਜਾਬ ਸਰਕਾਰ ਵੱਲੋ ਮਾਨਸੂਨ ਸੀਜ਼ਨ 2024 ਦੌਰਾਨ ਚਲਾਈ ਜਾ ਰਾਹੀਂ ਟਿਊਬਵੈਲਾਂ ਤੇ ਬੂਟੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਵੱਖ-ਵੱਖ ਤਰ੍ਹਾਂ ਦੇ 28275 ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ। ਇਹ ਜਾਣਕਾਰੀ ਡਾ. ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਸਾਂਝੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਦਫਤਰ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵੀ ਸਥਾਨਕ ਖੇਤੀ ਭਵਨ ਵਿਖੇ ਬੂਟੇ ਲਗਾਏ ਗਏ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਰੁੱਖ ਸਾਡੀ ਜਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਧਰਤੀ ਉਤੇ ਜੀਵਨ ਵੀ ਪੌਦਿਆਂ ਕਰਕੇ ਹੀ ਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਬਚਾਉਣ ਲਈ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਤੇ ਲਗਾਉਣ ਉਪਰੰਤ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਜੋ ਮਨੁੱਖੀ ਜੀਵਨ ਬਚਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਟਿਊਬਵੈਲਾਂ ਅਤੇ ਮੋਟਰਾਂ ਤੇ ਘੱਟੋ-ਘੱਟ 4-5 ਪੌਦੇ ਜ਼ਰੂਰ ਲਗਾਉਣ।
ਇਸ ਮੌਕੇ ਡਾ. ਹਰਬੰਸ ਸਿੰਘ ਸਿੱਧੂ ਸਹਾਇਕ ਮਾਰਕੀਟਿੰਗ ਅਫਸਰ, ਡਾ. ਜਸਕਰਨ ਸਿੰਘ ਕੁਲਾਰ ਖੇਤੀਬਾੜੀ ਅਫਸਰ ਨਥਾਣਾ, ਸ੍ਰੀ ਸੁਖਵੀਰ ਸਿੰਘ ਸੋਢੀ ਫੀਲਡ ਅਫਸਰ (ਅੰਕੜਾ), ਡਾ. ਅਸਮਾਨਪ੍ਰੀਤ ਸਿੰਘ ਏ.ਡੀ.ਓ. (ਪੀ.ਪੀ), ਡਾ. ਗੁਰਪ੍ਰੀਤ ਸਿੰਘ ਏ.ਡੀ.ਓ. (ਭੌ ਪਰਖ), ਸ੍ਰੀ ਰਾਜਵੀਰ ਸਿੰਘ ਮਾਨ ਸੁਪਰਡੈਂਟ, ਸ੍ਰੀ ਸੁਖਦੀਪ ਸਿੰਘ ਜੇ.ਟੀ, ਸ੍ਰੀ ਨਵਜੀਤ ਢਿੱਲੋ ਕੰਪਿਊਟਰ ਓਪਰੇਟਰ ਆਤਮਾ ਅਤੇ ਸ੍ਰੀ ਮਲਕੀਤ ਸਿੰਘ ਬੇਲਦਾਰ ਹਾਜ਼ਰ ਸਨ।