
ਚੰਡੀਗੜ੍ਹ, 21 ਅਗਸਤ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਦੇ ਸਿਹਤ ਸੰਸਥਾਨਾਂ ਵਿੱਚ ਗੁਣਵੱਤਾਪੂਰਣ ਦਵਾਈਆਂ ਅਤੇ ਆਧੁਨਿਕ ਨਿਦਾਨ ਸਹੂਲਤਾਂ (ਡਾਇਗਨੋਸਟਿਕ ਫੈਸਿਲਿਟੀਜ਼) ਦੀ ਉਪਲਬਧਤਾ ਯਕੀਨੀ ਕੀਤੀ ਜਾਵੇਗੀ, ਜਿਸ ਲਈ ਜ਼ਰੂਰਤ ਅਨੁਸਾਰ ਦਵਾਈਆਂ ਅਤੇ ਮਸ਼ੀਨਾਂ ਦੀ ਖਰੀਦ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਨੇ ਇਹ ਜਾਣਕਾਰੀ ਸਪੈਸ਼ਲ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਅੱਜ ਇੱਥੇ ਦਿੱਤੀ। ਇਸ ਕਮੇਟੀ ਦੀ ਮੀਟਿੰਗ ਵਿੱਚ “ਹਰਿਆਣਾ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਲਿਮਟਿਡ” ਰਾਹੀਂ ਰਾਜ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕਈ ਪ੍ਰਮੁੱਖ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ।
ਆਰਤੀ ਸਿੰਘ ਰਾਓ ਨੇ ਦੱਸਿਆ ਕਿ ਕਮੇਟੀ ਨੇ ਰਾਜ ਭਰ ਦੇ ਸਰਕਾਰੀ ਸਿਹਤ ਸੰਸਥਾਨਾਂ ਵਿੱਚ ਜ਼ਰੂਰੀ ਦਵਾਈਆਂ ਦੀ ਬਿਨ੍ਹਾਂ ਰੁਕਾਵਟ ਉਪਲਬਧਤਾ ਯਕੀਨੀ ਕਰਨ ਲਈ “ਹਰਿਆਣਾ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਲਿਮਟਿਡ” ਦੇ ਜ਼ਰੀਏ ਲਗਭਗ 97 ਕਰੋੜ ਰੁਪਏ ਮੁੱਲ ਦੀਆਂ 117 ਮਹੱਤਵਪੂਰਨ ਅਤੇ ਜ਼ਰੂਰੀ ਦਵਾਈਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਹੈ। ਮੰਜੂਰ ਦਵਾਈਆਂ ਵਿੱਚ ਇੰਜੈਕਟੇਬਲ ਦਵਾਈਆਂ, ਐਂਟੀਬਾਇਓਟਿਕਸ, ਐਂਟੀਸਾਈਕੋਟਿਕ ਦਵਾਈਆਂ, ਐਂਟੀਡਾਇਬੀਟਿਕ ਦਵਾਈਆਂ, ਕਾਰਡੀਓਵੈਸਕੁਲਰ ਦਵਾਈਆਂ ਅਤੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਤੇ ਪ੍ਰਬੰਧਨ ਲਈ ਜ਼ਰੂਰੀ ਹੋਰ ਦਵਾਈਆਂ ਸ਼ਾਮਲ ਹਨ। ਇਸ ਖਰੀਦ ਦੌਰਾਨ ਗੁਣਵੱਤਾ, ਲਾਗਤ-ਪ੍ਰਭਾਵੀ ਸਮਰੱਥਾ ਅਤੇ ਸਮਾਂਬੱਧ ਸਪਲਾਈ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ, ਜਿਸ ਨਾਲ ਸਰਕਾਰੀ ਸਿਹਤ ਸਹੂਲਤਾਂ ਵਿੱਚ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਆਸਾਨੀ ਨਾਲ ਉਪਲਬਧ ਹੋ ਸਕਣ।
ਇਸ ਤੋਂ ਇਲਾਵਾ, ਉੱਨਤ ਖੂਨ ਜਾਂਚ ਅਤੇ ਨਿਦਾਨ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਮਰੀਜ਼ਾਂ ਦੀ ਸੁਰੱਖਿਆ ਤੇ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਮੇਟੀ ਨੇ ਪੀ.ਜੀ.ਆਈ.ਐਮ.ਐਸ., ਰੋਹਤਕ ਦੇ ਬਲੱਡ ਬੈਂਕ ਸੈਂਟਰ ਲਈ ਲਗਭਗ 2.40 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਈ.ਡੀ.-ਐਨ.ਏ.ਟੀ. (ID-NAT) ਪੂਰੀ ਤਰ੍ਹਾਂ ਸਵੈਚਾਲਿਤ ਪ੍ਰਣਾਲੀ ਦੀ ਇੱਕਮੁਸ਼ਤ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਨਾਲ ਹੀ, ਇਮੇਜਿੰਗ ਸੇਵਾਵਾਂ ਦੇ ਆਧੁਨਿਕੀਕਰਨ ਅਤੇ ਸਹੀ ਤੇ ਸਮੇਂ ਸਿਰ ਨਿਦਾਨ ਦੀ ਸਹੂਲਤ ਲਈ ਪੀ.ਜੀ.ਆਈ.ਐਮ.ਐਸ., ਰੋਹਤਕ ਲਈ ਦੋ ਸਾਲ ਦੇ ਰੇਟ ਕਾਂਟਰੈਕਟ ਤਹਿਤ ਲਗਭਗ 2.20 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਡਿਜੀਟਲ ਰੇਡੀਓਗ੍ਰਾਫੀ ਸਿਸਟਮ ਵਿਦ ਫਲੋਰੋਸਕੋਪੀ ਦੀ ਮਨਜ਼ੂਰੀ ਵੀ ਦਿੱਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਅੱਖਾਂ ਦੀ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਖਾਸ ਅੱਖਾਂ ਦੀ ਦੇਖਭਾਲ ਜਾਂਚ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ ਕਮੇਟੀ ਨੇ ਹਰਿਆਣਾ ਦੇ 22 ਜ਼ਿਲ੍ਹਾ ਸਿਵਲ ਹਸਪਤਾਲਾਂ ਲਈ ਦੋ ਸਾਲ ਦੇ ਰੇਟ ਕਾਂਟਰੈਕਟ ਤਹਿਤ 6.62 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 22 ਆਪਟੀਕਲ ਕੋਹਰੈਂਸ ਟੋਨੋਮੀਟਰਾਂ ਦੀ ਖਰੀਦ ਨੂੰ ਹਰੀ ਝੰਡੀ ਦਿੱਤੀ।
ਇਸ ਤੋਂ ਇਲਾਵਾ, ਖੂਨ ਦੇ ਪ੍ਰਵਾਹ ਵਿੱਚ ਹੋਣ ਵਾਲੀ ਲਾਗ ਦਾ ਤੁਰੰਤ ਅਤੇ ਭਰੋਸੇਯੋਗ ਪਤਾ ਲਗਾਉਣ ਅਤੇ ਸਮੇਂ ਸਿਰ ਉਚਿਤ ਇਲਾਜ ਵਿੱਚ ਸਹਾਇਤਾ ਲਈ ਹਰਿਆਣਾ ਦੇ ਜ਼ਿਲ੍ਹਾ ਸਿਵਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਲਈ ਦੋ ਸਾਲ ਦੇ ਰੇਟ ਕਾਂਟਰੈਕਟ ਤਹਿਤ 2.06 ਕਰੋੜ ਰੁਪਏ ਦੀ ਲਾਗਤ ਨਾਲ 19 “ਫੁੱਲੀ-ਆਟੋਮੇਟਿਡ ਬਲੱਡ ਕਲਚਰ ਸਿਸਟਮ” ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਪੈਸ਼ਲ ਹਾਈ ਪਾਵਰਡ ਪਰਚੇਜ਼ ਕਮੇਟੀ ਨੇ ਜੋ ਉਪਰੋਕਤ ਦਵਾਈਆਂ, ਮਸ਼ੀਨਾਂ ਅਤੇ ਹੋਰ ਸਹੂਲਤਾਂ ਨੂੰ ਰਾਜ ਦੇ ਸਰਕਾਰੀ ਸਿਹਤ ਸੰਸਥਾਨਾਂ ਲਈ ਖਰੀਦ ਕਰਨ ਦੀ ਮਨਜ਼ੂਰੀ ਦਿੱਤੀ ਹੈ, ਇਹ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਮਿਆਰੀ ਦਵਾਈਆਂ ਅਤੇ ਆਧੁਨਿਕ ਨਿਦਾਨ ਸਹੂਲਤ ਦੀ ਉਪਲਬਧਤਾ ਯਕੀਨੀ ਕਰਨ ਅਤੇ ਹਰਿਆਣਾ ਦੇ ਲੋਕਾਂ ਨੂੰ ਸੁਲਭ, ਸਮਾਂਬੱਧ ਅਤੇ ਮਰੀਜ਼-ਕੇਂਦ੍ਰਿਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਰਾਜ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ।