
Priti Sapru Drugs Awareness Campaign: ਪੰਜਾਬ ਵਿੱਚ ਲਗਾਤਾਰ ਵੱਧਦੇ ਜਾ ਰਹੇ ਨਸ਼ਿਆਂ ਦੇ ਰੁਝਾਨ ਕਾਰਨ ਜਿੱਥੇ ਪੰਜਾਬ ਦਾ ਹਰ ਵਰਗ ਚਿੰਤਾ ਵਿੱਚ ਹੈ, ਉਥੇ ਹੀ ਫਿਲਮੀ ਦੁਨੀਆ ਨਾਲ ਜੁੜੇ ਹੋਏ ਪੰਜਾਬੀ ਲੋਕ ਵੀ ਨਸ਼ਿਆਂ ਖਿਲਾਫ਼ ਹੁਣ ਵੱਡੇ ਪੱਧਰ ‘ਤੇ ਮੁਹਿੰਮ ਵਿੱਢਣ ਦਾ ਐਲਾਨ ਕਰ ਰਹੇ ਹਨ।
ਬਠਿੰਡਾ ਵਿਖੇ ਤੀਆਂ ਦੇ ਤਿਉਹਾਰ ਵਿੱਚ ਸ਼ਿਰਕਤ ਕਰਨ ਪਹੁੰਚੀ ਫਿਲਮੀ ਅਦਾਕਾਰਾ ਪ੍ਰੀਤੀ ਸਪਰੂ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਨੇ ਉਨਾਂ ਨੂੰ ਬਹੁਤ ਮਾਣ ਸਨਮਾਨ ਦਿੱਤਾ ਹੈ ਅਤੇ ਦੁਨੀਆਂ ਭਰ ਵਿੱਚ ਉਨਾਂ ਦਾ ਨਾਮ ਸਿਰਫ਼ ਪੰਜਾਬ ਕਰਕੇ ਹੀ ਜਾਣਿਆ ਜਾਂਦਾ ਹੈ। ਪਰ ਉਨਾਂ ਨੂੰ ਹੁਣ ਪੰਜਾਬ ਨੂੰ ਦੇਖ ਕੇ ਬਹੁਤ ਦੁੱਖ ਲੱਗਿਆ ਕਿ ਪੰਜਾਬ ਵਿੱਚ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਹਨ, ਉਹ ਪਿਛਲੇ ਦਿਨੀਂ ਬਠਿੰਡਾ ਦੇ ਏਮਜ਼ ਹਸਪਤਾਲ ਜਾ ਕੇ ਆਏ, ਜਿੱਥੋਂ ਉਨਾਂ ਨੂੰ ਨਸ਼ਾ ਦੇ ਆਦੀ ਨੌਜਵਾਨਾਂ ਸੰਬੰਧੀ ਵੱਡੀ ਗਿਣਤੀ ਵਿੱਚ ਰਿਕਾਰਡ ਮਿਲਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਉਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨਾਂ ਵੱਲੋਂ ‘ਮਾਂ ਸੰਸਥਾ’ ਬਣਾਈ ਗਈ ਹੈ, ਜਿਸ ਰਾਹੀਂ ਉਹ ਪੰਜਾਬ ਦੀਆਂ ਮਾਵਾਂ ਨੂੰ ਆਪਣੇ ਨਾਲ ਜੋੜਨਗੇ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਵਿਸ਼ੇਸ਼ ਕਦਮ ਚੁੱਕਣਗੇ, ਉਨਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿੱਚ ਭਾਵੇਂ ਉਨਾਂ ਨੂੰ ਸਟੇਟ ਜਾਂ ਸੈਂਟਰਲ ਗੌਰਮੈਂਟ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਪਵੇ ਤਾਂ ਵੀ ਉਹ ਆਪਣੇ ਪੱਧਰ ‘ਤੇ ਕਰਨਗੇ।
ਉਨਾਂ ਕਿਹਾ ਕਿ ਛੋਟੇ-ਛੋਟੇ ਬੱਚੇ ਅੱਜ ਨਸ਼ਿਆਂ ਦੀ ਲਪੇਟ ਵਿੱਚ ਹਨ, ਕਿਸੇ ਸਮੇਂ ਪੰਜਾਬ ਨੂੰ ਦੇਸ਼ ਦਾ ਤਾਜ ਕਿਹਾ ਜਾਂਦਾ ਸੀ ਪਰ ਅੱਜ ਨਸ਼ਿਆਂ ਨੇ ਹਾਲਾਤ ਕੁਝ ਹੋਰ ਹੀ ਬਣਾ ਦਿੱਤੇ ਹਨ। ਅਸੀਂ ਸਭ ਤੋਂ ਵੱਧ ਕੁਰਬਾਨੀਆਂ ਲਈ ਗਿਣੇ ਜਾਣ ਵਾਲੇ ਹਾਂ ਅਤੇ ਦੇਸ਼ ਦੀ ਰਾਖੀ ਕਰਨ ਵਿੱਚ ਪੰਜਾਬ ਦਾ ਅਹਿਮ ਰੋਲ ਰਿਹਾ ਹੈ ਪਰ ਅੱਜ ਨਸ਼ਿਆਂ ਨੇ ਬੁਰੀ ਤਰ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਉਨਾਂ ਵੱਲੋਂ ਇਹ ਸੰਸਥਾ ਬਣਾਈ ਗਈ ਹੈ ਅਤੇ ਹਰ ਰੋਜ਼ ਉਹ ਇਸ ਸੰਸਥਾ ਨਾਲ ਜੁੜੀਆਂ ਹੋਈਆਂ ਮਾਵਾਂ ਤੋਂ ਡੇਟਾ ਲਿਆ ਕਰਨਗੇ ਅਤੇ ਬਣਦੇ ਕਦਮ ਚੁੱਕਣਗੇ।ਉਨਾਂ ਕਿਹਾ ਕਿ ਜੇਕਰ ਫਿਲਮੀ ਸਿਤਾਰਿਆਂ ਨੂੰ ਨਸ਼ੇ ਦੀ ਅਲਾਮਤ ਖਿਲਾਫ਼ ਪ੍ਰਚਾਰ ਲਈ ਪੰਜਾਬ ਲਿਆਉਣਾ ਪਿਆ ਤਾਂ ਉਹ ਪੰਜਾਬ ਲੈ ਕੇ ਆਉਣਗੇ, ਉਨਾਂ ਕਿਹਾ ਕਿ ਅੱਜ ਹਰ ਕਿਸਾਨ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ ਅਤੇ ਪੜੇ ਲਿਖੇ ਹੋਣ ਦੇ ਨਾਲ-ਨਾਲ ਛੋਟੇ-ਛੋਟੇ ਪ੍ਰੋਸੈਸਿੰਗ ਯੂਨਿਟ ਚਲਾਉਣੇ ਚਾਹੀਦੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਉਥੋਂ ਹੀ ਰੁਜ਼ਗਾਰ ਦੇ ਸਕੇ। ਉਨਾਂ ਪੰਜਾਬ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਉਹ ਇਸ ਸੰਸਥਾ ਨਾਲ ਜੁੜਨ ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਸਕੀਏ ਅਤੇ ਸਮਾਜ ਨੂੰ ਇੱਕ ਵੱਖਰੀ ਸੇਧ ਦੇ ਸਕੀਏ।