
*ਨਵੀਂ ਦਿੱਲੀ, 22 ਜੁਲਾਈ,2026* ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਸ਼ਾਨਦਾਰ ਸਿੱਖਿਆ ਦੀ ਬਦੌਲਤ ਨੀਟ ਕਲੀਅਰ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਦੇਸ਼ ਨੂੰ ਵਿਕਸਤ ਅਤੇ ਖੁਸ਼ਹਾਲ ਬਣਾਉਣਾ ਹੈ ਤਾਂ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਜ਼ਰੂਰੀ ਹੈ। ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਗਰੀਬਾਂ ਦੇ ਬੱਚਿਆਂ ਨੂੰ ਸ਼ਾਨਦਾਰ ਸਿੱਖਿਆ ਦੇਣੀ ਸ਼ੁਰੂ ਕੀਤੀ ਹੈ। ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ 881 ਬੱਚਿਆਂ ਨੇ ਨੀਟ ਕਲੀਅਰ ਕੀਤਾ ਹੈ, ਜਦਕਿ 2022 ਤੋਂ ਪਹਿਲਾਂ 100 ਤੋਂ ਵੀ ਘੱਟ ਬੱਚੇ ਕਲੀਅਰ ਕਰਦੇ ਸਨ। ਉਨ੍ਹਾਂ ਕਿਹਾ ਕਿ 75 ਸਾਲਾਂ ਵਿੱਚ ਕਿਸੇ ਵੀ ਪਾਰਟੀ ਜਾਂ ਸਰਕਾਰ ਨੇ ਸਿੱਖਿਆ ਨੂੰ ਇੰਨੀ ਤਰਜੀਹ ਨਹੀਂ ਦਿੱਤੀ, ਜਿੰਨੀ ਆਮ ਆਦਮੀ ਪਾਰਟੀ ਦੇ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 881 ਬੱਚਿਆਂ ਨੇ ਨੀਟ ਦਾ ਇਮਤਿਹਾਨ ਕਲੀਅਰ ਕੀਤਾ ਹੈ। ਨੀਟ ਦਾ ਪੇਪਰ ਬਹੁਤ ਔਖਾ ਹੁੰਦਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਗਰੀਬਾਂ ਦੇ ਬੱਚੇ ਪੜ੍ਹਦੇ ਹਨ। 2022 ਵਿੱਚ ਸਾਡੀ ਸਰਕਾਰ ਆਉਣ ਤੋਂ ਪਹਿਲਾਂ 100 ਤੋਂ ਵੀ ਘੱਟ ਬੱਚਿਆਂ ਨੇ ਨੀਟ ਕਲੀਅਰ ਕੀਤਾ ਸੀ, ਪਰ ਇਸ ਵਾਰ 881 ਬੱਚਿਆਂ ਨੇ ਸਫਲਤਾ ਹਾਸਲ ਕੀਤੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਰਿਕਸ਼ੇ ਵਾਲਿਆਂ ਅਤੇ ਮਜ਼ਦੂਰਾਂ ਦੇ ਬੱਚੇ ਡਾਕਟਰ ਬਣਨਗੇ ਅਤੇ ਉਨ੍ਹਾਂ ਦਾ ਭਵਿੱਖ ਸੁਨਹਿਰੀ ਹੋਵੇਗਾ। ਜਦੋਂ ਇੱਕ ਰਿਕਸ਼ੇ ਵਾਲੇ ਦਾ ਬੱਚਾ ਡਾਕਟਰ ਬਣੇਗਾ, ਤਾਂ ਉਹ ਆਪਣੇ ਪੂਰੇ ਪਰਿਵਾਰ ਦੀ ਗਰੀਬੀ ਦੂਰ ਕਰੇਗਾ। ਮੈਂ ਸਫਲ ਹੋਣ ਵਾਲੇ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਮ ਆਦਮੀ ਪਾਰਟੀ ਸਭ ਤੋਂ ਵੱਧ ਜ਼ੋਰ ਸਿੱਖਿਆ ‘ਤੇ ਦਿੰਦੀ ਹੈ। ਸਾਡਾ ਮੰਨਣਾ ਹੈ ਕਿ ਜਦੋਂ ਤੱਕ ਸਿੱਖਿਆ ਵਿਵਸਥਾ ਠੀਕ ਨਹੀਂ ਹੋਵੇਗੀ, ਤਦ ਤੱਕ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ। 75 ਸਾਲਾਂ ਵਿੱਚ ਕਿਸੇ ਵੀ ਪਾਰਟੀ ਜਾਂ ਸਰਕਾਰ ਨੇ ਸਿੱਖਿਆ ‘ਤੇ ਇੰਨੀ ਤਰਜੀਹ ਨਹੀਂ ਦਿੱਤੀ, ਜਿੰਨੀ ਆਮ ਆਦਮੀ ਪਾਰਟੀ ਦੇ ਰਹੀ ਹੈ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ਕਿ ਸਿੱਖਿਆ ਉਸ ਸ਼ੇਰਨੀ ਦੇ ਦੁੱਧ ਵਾਂਗ ਹੈ, ਜੋ ਇਸ ਨੂੰ ਪੀਵੇਗਾ ਉਹ ਦਹਾੜੇਗਾ। ਅਸੀਂ ਡਾ. ਅੰਬੇਡਕਰ ਦਾ ਸੁਪਨਾ ਪੂਰਾ ਕਰ ਰਹੇ ਹਾਂ। ਮੈਂ ਉਨ੍ਹਾਂ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਵੇਰੇ 3-4 ਵਜੇ ਦਾ ਅਲਾਰਮ ਲਗਾ ਕੇ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਜਗਾਇਆ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਹੁਣ ਸਿੱਖਿਆ ਦੇ ਖੇਤਰ ਵਿੱਚ ਨੰਬਰ ਇੱਕ ਬਣ ਰਿਹਾ ਹੈ। ਅਰਵਿੰਦ ਕੇਜਰੀਵਾਲ ਦਾ ਸੁਪਨਾ ਸੀ ਕਿ ਪੂਰੇ ਦੇਸ਼ ਨੂੰ ਸਿੱਖਿਅਤ ਕਰਨਾ ਹੈ, ਕਿਉਂਕਿ ਸਿੱਖਿਆ ਸਭ ਤੋਂ ਵੱਡੀ ਚੀਜ਼ ਹੈ। ਸਿੱਖਿਆ ਵਿੱਚ ਪੰਜਾਬ ਦਾ ਜੋ ਨਤੀਜਾ ਆਇਆ ਹੈ, ਉਹ ਬਹੁਤ ਕਮਾਲ ਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਬੱਚੇ ਪੜ੍ਹਨ-ਲਿਖਣ ਅਤੇ ਗਰੀਬ ਦਾ ਬੱਚਾ ਵੀ ਵੱਡੇ-ਵੱਡੇ ਅਹੁਦਿਆਂ ਤੱਕ ਪਹੁੰਚੇ।
ਭਗਵੰਤ ਮਾਨ ਨੇ ਕਿਹਾ ਕਿ ਲਾਲ, ਪੀਲੇ ਜਾਂ ਹਰੇ ਰਾਸ਼ਨ ਕਾਰਡ ਗਰੀਬੀ ਖ਼ਤਮ ਨਹੀਂ ਕਰ ਸਕਦੇ। ਇਹ ਸਿਰਫ਼ ਦੋ ਵੇਲੇ ਦੀ ਰੋਟੀ ਦੇ ਸਕਦੇ ਹਨ। ਗਰੀਬੀ ਤਦ ਦੂਰ ਹੋਵੇਗੀ ਜਦੋਂ ਸਾਡੇ ਬੱਚੇ ਸਿੱਖਿਅਤ ਹੋਣਗੇ। ਜਦੋਂ ਤੁਹਾਡੇ ਬੱਚੇ ਡਾਕਟਰ ਬਣਨਗੇ, ਆਈਆਈਟੀ ਵਿੱਚ ਦਾਖਲਾ ਲੈਣਗੇ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਉਨ੍ਹਾਂ ਨੂੰ 50 ਲੱਖ ਜਾਂ ਇੱਕ ਕਰੋੜ ਰੁਪਏ ਦੇ ਪੈਕੇਜ ‘ਤੇ ਨੌਕਰੀ ਦੇਣਗੀਆਂ, ਉਦੋਂ ਜਾ ਕੇ ਇਹ ਦੇਸ਼ ਸਹੀ ਅਰਥਾਂ ਵਿੱਚ ਵਿਸ਼ਵ ਗੁਰੂ ਬਣੇਗਾ।