Tuesday, July 21Malwa News
Shadow

ਅੱਖਾਂ ਦੀ ਜਾਂਚ ਅਤੇ ਐਨਕਾਂ ਦੀ ਵੰਡ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ: ਡਾ. ਹਰਜੀਤ ਸਿੰਘ

ਬਰਨਾਲਾ, 21 ਜੁਲਾਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੁਕਮਾਂ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਨੈਸ਼ਨਲ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਇੰਡਨੈੱਸ’ ਅਧੀਨ ਸਿਹਤ ਵਿਭਾਗ ਬਰਨਾਲਾ ਵੱਲੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਅੱਖਾਂ ਦੀ ਜਾਂਚ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਬਾਬਾ ਸ੍ਰੀ ਚੰਦ ਜੀ ਗੁਰਦੁਆਰਾ ਸਾਹਿਬ, ਗਲੀ ਨੰਬਰ 12, ਸੇਖਾ ਰੋਡ, ਬਰਨਾਲਾ ਵਿਖੇ ਆਯੋਜਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ/ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਨੇੜੇ ਦੀ ਨਜ਼ਰ ਦੀਆਂ ਮੁਫ਼ਤ ਐਨਕਾਂ ਅਤੇ ਲੋੜੀਂਦੀਆਂ ਦਵਾਈਆਂ ਵੰਡੀਆਂ ਗਈਆਂ ਹਨ।
ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ ਅਤੇ ਅੱਖਾਂ ਦੇ ਮਾਹਿਰ/ਜ਼ਿਲ੍ਹਾ ਨੋਡਲ ਅਫ਼ਸਰ ਡਾ. ਅਮੋਲਦੀਪ ਕੌਰ ਨੇ ਦੱਸਿਆ ਕਿ ਕੈਂਪ ਵਿੱਚ 45 ਸਾਲ ਤੋਂ ਵੱਧ ਉਮਰ ਦੇ 186 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਵਿੱਚੋਂ 117 ਲੋੜਵੰਦਾਂ ਨੂੰ ਮੌਕੇ ‘ਤੇ ਹੀ ਮੁਫ਼ਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ। ਜਾਂਚ ਦੌਰਾਨ 24 ਮਰੀਜ਼ਾਂ ਵਿੱਚ ਚਿੱਟੇ ਮੋਤੀਏ ਦੀ ਪਛਾਣ ਹੋਈ ਹੈ, ਜਿਨ੍ਹਾਂ ਦਾ ਸਿਵਲ ਹਸਪਤਾਲ ਬਰਨਾਲਾ ਵਿਖੇ ਬਿਲਕੁਲ ਮੁਫ਼ਤ ਆਪ੍ਰੇਸ਼ਨ ਕੀਤਾ ਜਾਵੇਗਾ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ, ਡਿਪਟੀ ਮਾਸ ਮੀਡੀਆ ਅਫ਼ਸਰ ਬਲਰਾਜ ਸਿੰਘ ਅਤੇ ਅਰਾਧਨਾ (ਸਹਾਇਕ NPCB ਬਰਾਂਚ) ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਵੀ ਕੈਂਪ ਲਗਾਏ ਜਾਣਗੇ, ਜਿਨ੍ਹਾਂ ਦੀ ਜਾਣਕਾਰੀ ਸਮੇਂ-ਸਮੇਂ ‘ਤੇ ਸਾਂਝੀ ਕੀਤੀ ਜਾਵੇਗੀ।
ਵਿਭਾਗ ਵੱਲੋਂ 45 ਸਾਲ ਤੋਂ ਵੱਧ ਉਮਰ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ। ਕੈਂਪ ਵਿੱਚ ਆਉਂਦੇ ਸਮੇਂ ਆਪਣਾ ਕੋਈ ਵੀ ਇੱਕ ਸਰਕਾਰੀ ਸ਼ਨਾਖ਼ਤੀ ਸਬੂਤ (ਜਿਵੇਂ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ ਜਾਂ ਪੈਨ ਕਾਰਡ) ਨਾਲ ਜ਼ਰੂਰ ਲੈ ਕੇ ਆਉਣ।

ਇਸ ਮੌਕੇ ਰੁਪਿੰਦਰ ਸਿੰਘ (ਅਪਥਾਲਮਿਕ ਅਫ਼ਸਰ), ਚਮਕੌਰ ਸਿੰਘ, ਸੁਖਪਾਲ ਕੌਰ (ਸਿਹਤ ਕਰਮਚਾਰੀ) ਅਤੇ ਨਿਸ਼ਾ ਰਾਣੀ (ਆਸ਼ਾ ਵਰਕਰ) ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।