Friday, July 10Malwa News
Shadow

ਹਰਿਆਣਾ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਰਕਾਰ ਸੰਕਲਪਿਤ: ਆਰਤੀ ਸਿੰਘ ਰਾਓ

ਚੰਡੀਗੜ੍ਹ, 10 ਜੁਲਾਈ- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਨਾਗਰਿਕਾਂ ਨੂੰ ਸਮੇਂ ਸਿਰ ਅਤੇ ਗੁਣਵੱਤਾਪੂਰਨ ਸਿਹਤ ਸਹੂਲਤਾਂ ਉਪਲਬਧ ਕਰਾਉਣ ਲਈ ਪੂਰੀ ਵਚਨਬੱਧਤਾ ਨਾਲ ਕਾਰਜ ਕਰ ਰਹੀ ਹੈ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਸ਼ੁੱਕਰਵਾਰ ਨੂੰ ਰੇਵਾੜੀ ਵਿੱਚ ਬਾਵਲ ਵਿਧਾਨ ਸਭਾ ਖੇਤਰ ਦੇ ਰਾਮਪੁਰਾ ਪਿੰਡ ਤੋਂ 30 ਐਡਵਾਂਸਡ ਲਾਈਫ ਸਪੋਰਟ (ਏ.ਐੱਲ.ਐੱਸ.) ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਵੱਖ-ਵੱਖ ਜ਼ਿਲ੍ਹਿਆਂ ਲਈ ਰਵਾਨਾ ਕਰਨ ਉਪਰੰਤ ਬੋਲ ਰਹੇ ਸਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੰਬਾਲਾ ਦੇ ਨਰਾਇਣਗੜ੍ਹ ਤੋਂ ਸੂਬੇ ਭਰ ਲਈ 40 ਏ.ਐੱਲ.ਐੱਸ. ਐਂਬੂਲੈਂਸਾਂ ਨੂੰ ਰਵਾਨਾ ਕੀਤਾ ਸੀ। ਇਸ ਤਰ੍ਹਾਂ ਕੁੱਲ 70 ਆਧੁਨਿਕ ਐਂਬੂਲੈਂਸਾਂ ਪ੍ਰਦੇਸ਼ ਵਾਸੀਆਂ ਦੀ ਸੇਵਾ ਲਈ ਸਮਰਪਿਤ ਕੀਤੀਆਂ ਗਈਆਂ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਨਵੀਆਂ ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸਾਂ ਅਤਿਆਧੁਨਿਕ ਡਾਕਟਰੀ ਉਪਕਰਨਾਂ ਨਾਲ ਲੈਸ ਹਨ। ਇਨ੍ਹਾਂ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਜਾਂ ਗੰਭੀਰ ਬਿਮਾਰ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦੌਰਾਨ ਲੋੜੀਂਦਾ ਜੀਵਨ ਰੱਖਿਅਕ ਇਲਾਜ ਉਪਲਬਧ ਕਰਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਐਮਰਜੈਂਸੀ ਡਾਕਟਰੀ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਵਿਸ਼ੇਸ਼ ਤੌਰ ‘ਤੇ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਦੇ ਲੋਕਾਂ ਨੂੰ ਵੀ ਤੁਰੰਤ ਸਿਹਤ ਸੇਵਾਵਾਂ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਹਰਿਆਣਾ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਆਧੁਨਿਕ ਡਾਕਟਰੀ ਸਹੂਲਤਾਂ ਅਤੇ ਬਿਹਤਰ ਬੁਨਿਆਦੀ ਢਾਂਚਾ ਉਪਲਬਧ ਕਰਵਾਇਆ ਜਾ ਰਿਹਾ ਹੈ।

ਮੰਤਰੀ ਆਰਤੀ ਸਿੰਘ ਰਾਓ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ‘ਇੱਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਪੌਦੇ ਵੀ ਲਗਾਏ ਅਤੇ ਸਾਰੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ। ਪੌਦੇ ਲਗਾਉਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਕਰਨ ਦਾ ਵੀ ਸੰਕਲਪ ਲੈਣ ਦੀ ਅਪੀਲ ਕੀਤੀ।