Tuesday, July 7Malwa News
Shadow

ਪਿੰਡ ਸੱਯਦਵਾਲਾ ਵਿਚ ਨਰਮੇ ਦੀ ਫ਼ਸਲ ਸਬੰਧੀ ਟ੍ਰੇਨਿੰਗ ਕੈਂਪ ਲਗਾਇਆ

ਫਾਜ਼ਿਲਕਾ, 7 ਜੁਲਾਈ: ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ ਦੇ ਹੁਕਮਾਂ ਅਨੁਸਾਰ ਪਿੰਡ ਸੱਯਦਵਾਲਾ ਵਿਚ ਕੈਂਪ ਲਗਾਕੇ ਕਿਸਾਨਾਂ ਨੂੰ ਨਰਮੇਂ ਦੀ ਫ਼ਸਲ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਮੁੱਖ ਤੌਰ ‘ਤੇ ਡਾ. ਜਗਦੀਸ਼ ਕੁਮਾਰ ਅਰੌੜਾ ਫ਼ਾਰਮਰ ਸਲਾਹਕਾਰ ਕੇਂਦਰ ਖੇਤਰੀ ਖੋਜ਼ ਕੇਂਦਰ ਅਬੋਹਰ ਗਗਨਦੀਪ ਏਡੀਓ ਅਤੇ ਪੁਰਖਾ ਰਾਮ ਏ ਐਸ ਆਈ ਵੱਲੋਂ ਸ਼ਮੂਲੀਅਤ ਕੀਤੀ ਗਈ।

                ਇਸ ਕੈਂਪ ਦੀ ਸ਼ੁਰੂਆਤ ਵਿੱਚ ਗਗਨਦੀਪ ਏਡੀਓ ਵੱਲੋਂ ਮਿੱਟੀ ਪਾਣੀ ਪਰਖ ਕਰਵਾਉਣ ਦੀ ਮਹੱਤਤਾ ਅਤੇ ਪਰਖ ਕਰਵਾਉਣ ਲਈ ਨਮੂਨੇ ਇਕੱਤਰ ਕਰਨ ਦੀ ਵਿਧੀ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਨਾਲ ਮਿੱਟੀ ਵਿੱਚ ਜੈਵਿਕ ਮਾਦਾ ਵਧਾਉਣ ਲਈ ਹਰੀ ਖਾਦ ਵਰਮੀ ਕੰਪੋਸਟ ਅਤੇ ਕੁਦਰਤੀ ਖੇਤੀ ਸਬੰਧੀ ਜਾਣੂ ਕਰਵਾਇਆ ਗਿਆ। ਨਰਮੇਂ ਦੀ ਫ਼ਸਲ ਵਿੱਚ ਖੁਰਾਕੀ ਤੱਤਾਂ ਦੀ ਮਹੱਤਤਾ ਅਤੇ ਘਾਟ ਕਾਰਨ ਹੋਣ ਵਾਲੇ ਨੁਕਸਾਨ ਦੇ ਨਾਲ-ਨਾਲ ਘਾਟ ਦੀਆਂ ਨਿਸ਼ਾਨੀਆਂ ਨੂੰ ਸਮਝਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਨਰਮੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਅਨੁਸਾਰ ਖਾਦਾਂ ਦੀ ਵਰਤੋਂ ਜ਼ਰੂਰ ਕਰੋ ਅਤੇ ਚੰਗੀ ਪੈਦਾਵਾਰ ਲੈਣ ਲਈ ਲਗਭਗ ਨਰਮੇ ਦੀ ਫ਼ਸਲ ਦੇ ਬਿਜ਼ਾਈ ਤੋਂ 80-90 ਦਿਨਾਂ ਦੀ ਹੋਣ ਉਪਰੰਤ 13:0:45 ਦੋ ਕਿਲੋ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਜ਼ਰੂਰ ਕਰੋ। ਜਿਹਨਾਂ ਖੇਤਾਂ ਵਿੱਚ ਪੱਤੇ ਲਾਲ ਹੋਣ ਦੀ ਸਮੱਸਿਆ ਆਉਂਦੀ ਹੈ, ਉਹਨਾਂ ਖੇਤਾਂ ਵਿੱਚ ਇਕ ਕਿਲੋ ਮੈਗਨੀਸ਼ੀਅਮ ਸਲਫ਼ੇਟ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ‌।

ਇਸ ਦੌਰਾਨ ਡਾ. ਜਗਦੀਸ਼ ਕੁਮਾਰ ਅਰੌੜਾ ਵੱਲੋਂ ਨਰਮੇ ਦੀ ਫਸਲ ‘ਤੇ ਵੱਖ ਵੱਖ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦਾ ਪ੍ਰਬੰਧਨ ਕਰਨ ਲਈ ਵੱਖ ਵੱਖ ਪੈਸਟੀਸਾਈਡ ਦੀ ਸਹੀ ਮਾਤਰਾ/ਡੋਜ਼ ਅਨੁਸਾਰ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ‌। ਅੰਤ ਵਿੱਚ ਗਗਨਦੀਪ ਏਡੀਓ ਵੱਲੋਂ ਸਾਰੇ ਪਹੁੰਚੇ ਹੋਏ ਮਾਹਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਬੇਨਤੀ ਕੀਤੀ ਗਈ ਕਿ ਸਾਰੇ ਕਿਸਾਨ ਦਿੱਤੀ ਗਈ ਜਾਣਕਾਰੀ ਨੂੰ ਅਪਣਾਉਂਦੇ ਹੋਏ ਖਾਦਾਂ ਅਤੇ ਕੀਟਨਾਸ਼ਕਾਂ ਦਾ ਸਹੀ ਪ੍ਰਬੰਧਨ ਕਰਦੇ ਹੋਏ ਆਪਣੀ ਫ਼ਸਲ ਦੀ ਸੁਚੱਜੀ ਕਾਸ਼ਤ ਕਰਨਗੇ ਅਤੇ ਚੰਗੀ ਪੈਦਾਵਾਰ ਕਰਨ ਵਿੱਚ ਕਾਮਯਾਬ ਹੋਣਗੇ।