
ਦੁਬਈ : ਪਿਕਸੀ ਜਾਬ ਐਂਡ ਪੰਜ ਦਰਿਆ ਯੂ. ਕੇ. ਵਲੋਂ ਦੁਬਈ ਵਿਖੇ ਕਰਵਾਏ ਗਏ ‘ਦੁਬਈ ਇੰਟਰਨੈਸ਼ਨਲ ਬਿਜਨੈਸ ਐਵਾਰਡ’ ਸਮਾਗਮ ਦੌਰਾਨ ਪੰਜਾਬ ਦੇ ਪ੍ਰਸਿੱਧ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ‘ਬੈਸਟ ਜਰਨਲਿਸਟ ਆਫ ਪੰਜਾਬ ਡਾਇਸਪੋਰਾ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੁਬਈ ਵਿਚ ਇੰਨੇ ਵੱਡੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਣ ਵਾਲਾ ਰਮਨ ਸੋਢੀ ਪਹਿਲਾ ਪੰਜਾਬੀ ਪੱਤਰਕਾਰ ਹੈ।
ਰਮਨਦੀਪ ਸਿੰਘ ਸੋਢੀ ਇਸ ਵੇਲੇ ਜੱਗ ਬਾਣੀ ਟੀ ਵੀ ਵਿਚ ਸੀਨੀਅਰ ਪੱਤਰਕਾਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਹੁਣ ਤੱਕ ਉਹ ਭਾਰਤ ਤੋਂ ਇਲਾਵਾ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਯੂ.ਕੇ. ਅਤੇ ਹੋਰ ਕਈ ਦੇਸ਼ਾਂ ਵਿਚ ਪੰਜਾਬੀ ਪੱਤਰਕਾਰ ਵਜੋਂ ਆਪਣਾ ਜਲਵਾ ਦਿਖਾ ਚੁੱਕਾ ਹੈ। ਰਮਨ ਸੋਢੀ ਦੇ ਪ੍ਰਸਿੱਧ ਟੀ.ਵੀ. ਸ਼ੋਅ ‘ਨੇਤਾ ਜੀ ਸਤਿ ਸ੍ਰੀ ਅਕਾਲੀ’ ਅਤੇ ‘ਜਨਤਾ ਦੀ ਸੱਥ’ ਪੰਜਾਬੀ ਦਰਸ਼ਕਾਂ ਤੋਂ ਇਲਾਵਾ ਹੋਰ ਵਰਗਾਂ ਵਲੋਂ ਵੀ ਬਹੁਤ ਪਸੰਦ ਕੀਤੇ ਜਾ ਚੁੱਕੇ ਹਨ। ਰਮਨਦੀਪ ਸਿੰਘ ਸੋਢੀ ਨੇ ਜਿਥੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਇਮਾਨਦਾਰ, ਦਲੇਰ ਅਤੇ ਲੋਕਪੱਖੀ ਪੱਤਰਕਾਰ ਵਲੋਂ ਆਪਣਾ ਨਾਮ ਬਣਾਇਆ ਉਥੇ ਰਮਨ ਸੋਢੀ ਇਸ ਖੇਤਰ ਵਿਚ ਟਰੈਂਡ ਸੈੱਟਰ ਵੀ ਸਾਬਤ ਹੋਇਆ ਜਿਸ ਨੇ ਪੰਜਾਬੀ ਪੱਤਰਕਾਰੀ ਵਿਚ ਕਈ ਨਵੇਂ ਟਰੈਂਡ ਸਥਾਪਿਤ ਕੀਤੇ।
ਰਮਨ ਸੋਢੀ ਦੀਆਂ ਚੰਗੀਆਂ ਸੇਵਾਵਾਂ ਬਦਲੇ ਹੀ ਅੱਜ ਦੁਬਈ ਵਿਚ ਇਸ ਮਾਨਮੱਤੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਐਵਾਰਡ ਪ੍ਰਾਪਤ ਕਰਨ ਪਿਛੋਂ ਰਮਨ ਸੋਢੀ ਨੇ ਕਿਹਾ ਕਿ ਉਹ ‘ਪਿਕਸੀ ਜੌਬ’ ਅਤੇ ‘ਪੰਜ ਦਰਿਆ ਯੂ.ਕੇ. ਦਾ ਤਹਿ ਦਿਲੋਂ ਧੰਨਵਾਦੀ ਹੈ। ਉਸ ਨੇ ਕਿਹਾ ਕਿ ਦੁਬਈ ਉਸਦਾ ਸ਼ੁਰੂ ਤੋਂ ਹੀ ਪਸੰਦੀਦਾ ਦੇਸ਼ ਰਿਹਾ ਹੈ। ਰਮਨ ਸੋਢੀ ਨੇ ਕਿਹਾ ਕਿ ਇਹ ਐਵਾਰਡ ਉਸਦਾ ਇਕੱਲੇ ਦਾ ਨਹੀਂ ਸਗੋਂ ਪੂਰੇ ਪੰਜਾਬ ਕੇਸਰੀ ਗਰੁੱਪ ਦਾ ਐਵਾਰਡ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਮੌਕਾ ਦੇਣ ਲਈ ਆਪਣੇ ਬੌਸ ਦੇ ਵੀ ਬਹੁਤ ਧੰਨਵਾਦੀ ਹਨ। ਐਵਾਰਡ ਪ੍ਰਾਪਤ ਕਰਨ ਮੌਕੇ ਰਮਨ ਸੋਢੀ ਨੇ ਆਪਣੀ ਪਤਨੀ ਸੰਦੀਪ ਕੌਰ ਅਤੇ ਆਪਣੇ ਮਾਤਾ ਪਿਤਾ ਵੀ ਬੇਹੱਦ ਧੰਨਵਾਦ ਕੀਤਾ, ਜਿਨ੍ਹਾਂ ਦੇ ਹੌਸਲੇ ਨਾਲ ਉਸ ਨੇ ਪੱਤਰਕਾਰੀ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਤਰੱਕੀ ਪਿੱਛੇ ਸਭ ਤੋਂ ਵੱਡਾ ਹੱਥ ਉਸਦੇ ਮਾਂ ਬਾਪ ਦਾ ਹੁੰਦਾ ਹੈ। ਦੁਨੀਆਂ ਉੱਪਰ ਸਿਰਫ ਮਾਤਾ ਪਿਤਾ ਹੀ ਅਜਿਹੇ ਲੋਕ ਹੁੰਦੇ ਨੇ ਜੋ ਤੁਹਾਨੂੰ ਤਰੱਕੀ ਕਰਦੇ ਵੇਖਣਾ ਚਾਹੁੰਦੇ ਹਨ ਅਤੇ ਉਹ ਹੀ ਤੁਹਾਨੂੰ ਆਪਣੇ ਤੋਂ ਉੱਚਾ ਉੱਠਦਿਆਂ ਦੇਖਣਾ ਚਾਹੁੰਦੇ ਹਨ।
ਅੰਤ ਵਿਚ ਰਮਨ ਸੋਢੀ ਨੇ ਸਤਿੰਦਰ ਸਰਤਾਜ ਦੀਆਂ ਸਤਰਾਂ ਨਾਲ ਆਪਣੀ ਸਪੀਚ ਸਮਾਪਤ ਕੀਤੀ
‘ਜਿਨ੍ਹਾਂ ਦੁਨੀਆਂ ‘ਤੇ ਸੱਚਾ ਸੁੱਚਾ ਨਾਮ ਕਮਾਇਆ,
ਉਨ੍ਹਾਂ ਔਕੜਾਂ ਮੁਸੀਬਤਾਂ ਨੂੰ ਪਿੰਡੇ ‘ਤੇ ਹੰਢਾਇਆ
ਉਨ੍ਹਾਂ ਹਰ ਮੋੜ ‘ਤੇ ਇਹ ਸਾਬਤ ਕਰਾਇਆ
ਕਿ ਬੁੱਤਾ ਸੱਟਾਂ ਸਹਿ ਸਹਿ ਕੇ ਹੀ ਤਰਾਸ਼ ਹੁੰਦਾ ਹੈ।


