Saturday, June 20Malwa News
Shadow

ਗਿੱਪੀ ਗਰੇਵਾਲ ਨੇ ਸੋਨੂੰ ਸੂਦ ਨੂੰ ਕੱਢੀਆਂ ਸੀ ਗਾਲ੍ਹਾਂ, ਸਟਾਰ ਨੇ ਖੁਦ ਕੀਤਾ ਖੁਲਾਸਾ

ਚੰਡੀਗੜ੍ਹ: ਪੰਜਾਬੀ ਅਦਾਕਾਰ, ਗਾਇਕ ਅਤੇ ਨਿਰਮਾਤਾ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਫਿਲਮ ‘ਕੈਰੀ ਔਨ ਜੱਟਾ 4’ ਲਈ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਸ਼ੇਖਰ ਸੁਮਨ ਦੇ ਟੌਕ ਸ਼ੋਅ ਵਿੱਚ ਬੋਲਦਿਆਂ ਗਿੱਪੀ ਗਰੇਵਾਲ ਨੇ ਖੁਲਾਸਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਇੱਕ ਵਾਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਬਿਨਾਂ ਕਿਸੇ ਗਲਤੀ ਦੇ ਗਾਲ੍ਹਾਂ ਕੱਢ ਦਿੱਤੀਆਂ ਸਨ।

ਤੁਹਾਨੂੰ ਦੱਸ ਦੇਈਏ ਕਿ ਸ਼ੇਖਰ ਸੁਮਨ ਦਾ ਟਾਕ ਸ਼ੋਅ ਦਰਸ਼ਕਾਂ ਨੂੰ ਉਨ੍ਹਾਂ ਮਸ਼ਹੂਰ ਹਸਤੀਆਂ ਦੇ ਜੀਵਨ ਦੇ ਪਹਿਲੂਆਂ ਨਾਲ ਜਾਣੂੰ ਕਰਵਾਉਂਦਾ ਹੈ, ਜੋ ਅਕਸਰ ਸੁਰਖੀਆਂ ਤੋਂ ਦੂਰ ਰਹਿੰਦੇ ਹਨ। ਇਸ ਸੰਬੰਧ ਵਿੱਚ ਸ਼ੋਅ ਨੇ ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਦੀਆਂ ਅਣਕਹੀਆਂ ਕਹਾਣੀਆਂ ਦਾ ਵੀ ਖੁਲਾਸਾ ਕੀਤਾ, ਜੋ ਮਹਿਮਾਨ ਵਜੋਂ ਆਏ ਸਨ।

ਗਿੱਪੀ ਗਰੇਵਾਲ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਕੈਰੀ ਔਨ ਜੱਟਾ 4’ ਨਾਲ ਹਲਚਲ ਮਚਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸ਼ੋਅ ਦੇ ਹੋਸਟ ਸ਼ੇਖਰ ਸੁਮਨ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ, ਆਪਣੇ ਸੰਘਰਸ਼ਾਂ ਅਤੇ ਹਰ ਮੁਸ਼ਕਲ ਪੜਾਅ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੇ ਰਿਸ਼ਤੇ ਬਾਰੇ ਚਰਚਾ ਕੀਤੀ।

ਇਸ ਦੌਰਾਨ ਹੀ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇੱਕ ਵਾਰ ਉਸ ਨੇ ਸੋਨੂੰ ਸੂਦ ਨੂੰ ਗਾਲ੍ਹਾਂ ਕੱਢੀਆਂ ਸਨ, ਇਸ ਹਾਸੇ ਵਾਲੇ ਕਿੱਸੇ ਨੂੰ ਬਿਆਨ ਕਰਦੇ ਹੋਏ ਅਦਾਕਾਰ ਨੇ ਕਿਹਾ, “ਪੰਜਾਬ ਵਿੱਚ ਇੱਕ ਬੰਦਾ ਹੈ, ਇੱਕ ਵਾਰ ਮੈਂ ਉਸ ਤੋਂ ਕਾਫੀ ਖਿਝ ਗਿਆ ਸੀ, ਕਿਉਂਕਿ ਉਸ ਨੇ ਇੱਕ ਗੜਬੜ ਕੀਤੀ ਸੀ, ਮੈਂ ਸੋਚਿਆ ਅੱਜ ਮੈਂ ਉਸ ਨੂੰ ਗਾਲ੍ਹਾਂ ਦੇਵਾਂਗਾ। ਉਸਦਾ ਨਾਂਅ ਸੀ ‘ਸੋਨੂੰ’…ਫਿਰ ਮੈਂ ਫੋਨ ਉਤੇ ਸਰਚ ਕੀਤਾ ਸੋਨੂੰ, ਉਪਰ ਆਇਆ ਸੋਨੂੰ ਅਤੇ ਮੈਂ ਸੋਨੂੰ ਨੂੰ ਕਾਲ ਕਰ ਲਈ। ਮੈਂ ਸਿੱਧਾ ਉਸਨੂੰ ਗਾਲ੍ਹਾਂ ਕੱਢਣ ਲੱਗ ਗਿਆ। ਮੈਂ ਉਸਨੂੰ ਮਾਂ-ਭੈਣ ਦੀਆਂ 4-5 ਗਾਲ੍ਹਾਂ ਕੱਢੀਆਂ ਅਤੇ ਉਸਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ। ਫਿਰ ਅੱਗੇ ਤੋਂ ਆਵਾਜ਼ ਆਈ…ਸਤਿ ਸ੍ਰੀ ਅਕਾਲ ਭਾਜੀ, ਮੈਨੂੰ ਲੱਗਦਾ ਤੁਸੀਂ ਗਲਤ ਜਗ੍ਹਾਂ ਫੋਨ ਲਾ ਲਿਆ…ਮੈਂ ਕਿਹਾ ਭਾਜੀ ਕੌਣ ਬੋਲ ਰਿਹਾ, ਕਹਿੰਦਾ ਭਾਜੀ ਮੈਂ ਸੋਨੂੰ ਸੂਦ ਬੋਲ ਰਿਹਾ…ਮੈਂ ਕਿਹਾ ਸੋਨੂੰ ਭਾਜੀ ਮੈਨੂੰ ਮੁਆਫ਼ ਕਰਨਾ ਮੈਂ ਕਿਸੇ ਹੋਰ ਨੂੰ ਫ਼ੋਨ ਲਾਉਣਾ ਸੀ, ਉਹ ਕਹਿੰਦੇ ਠੀਕ ਹੈ, ਮੈਂ ਵੀ ਸੋਚਿਆ ਸੀ ਕਿ ਕਿਸੇ ਹੋਰ ਨੂੰ ਫੋਨ ਲਾਉਣਾ ਹੋਣਾ, ਕਿਉਂਕਿ ਮੈਂ ਅਜਿਹਾ ਕੁੱਝ ਨਹੀਂ ਕੀਤਾ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਦੀਆਂ ਗਾਲ੍ਹਾਂ ਕੱਢੋ।” ਇਸ ਕਿੱਸੇ ਨੂੰ ਸੁਣ ਕੇ ਸ਼ੇਖਰ ਸੁਮਨ ਕਾਫੀ ਜਿਆਦਾ ਹੱਸੇ।

ਇਸ ਦੌਰਾਨ ‘ਕੈਰੀ ਔਨ ਜੱਟਾ 4’ ਬਾਰੇ ਗੱਲ ਕਰੀਏ ਤਾਂ ਫਿਲਮ ਦਾ ਪਹਿਲਾਂ ਭਾਗ 2012 ਵਿੱਚ ਰਿਲੀਜ਼ ਹੋਇਆ ਸੀ। ਦੂਜਾ ਅਤੇ ਤੀਜਾ ਭਾਗ ਕ੍ਰਮਵਾਰ 2018 ਅਤੇ 2023 ਵਿੱਚ ਰਿਲੀਜ਼ ਹੋਇਆ ਸੀ। ਚੌਥਾ ਭਾਗ 26 ਜੂਨ ਨੂੰ ਰਿਲੀਜ਼ ਹੋਵੇਗਾ।

ਗਿੱਪੀ ਬਾਰੇ ਗੱਲ ਕਰੀਏ ਤਾਂ ਉਸਦਾ ਪਹਿਲਾਂ ਹਿੱਟ ਗੀਤ “ਫੁਲਕਾਰੀ” ਸੀ ਅਤੇ 2010 ਵਿੱਚ ਪੰਜਾਬੀ ਫਿਲਮ ‘ਮੇਲ ਕਰਾਂਦੇ ਰੱਬਾ’ ਨਾਲ ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਫਿਰ ਉਹ ‘ਕੈਰੀ ਔਨ ਜੱਟਾ’, ‘ਲੱਕੀ ਦੀ ਅਨਲੱਕੀ ਸਟੋਰੀ’, ‘ਭਾਜੀ ਇਨ ਪ੍ਰੋਬਲਮ’, ‘ਅਕਾਲ ‘ ਅਤੇ ‘ਜੱਟ ਜੇਮਸ ਬਾਂਡ’ ਵਰਗੀਆਂ ਫਿਲਮਾਂ ਵਿੱਚ ਦਿਖਾਈ ਦਿੱਤਾ।