Monday, June 15Malwa News
Shadow

ਹਰਿਆਣਾ ਸਰਕਾਰ ਰੋਹਤਕ ਅੱਗਜਨੀ ਦੇ ਪੀੜਤ ਪਰਿਵਾਰਾਂ ਅਤੇ ਵਪਾਰੀਆਂ ਨਾਲ ਮਜ਼ਬੂਤੀ ਨਾਲ ਖੜ੍ਹੀ – ਮੁੱਖ ਮੰਤਰੀ ਸ੍ਰੀ  ਨਾਇਬ ਸਿੰਘ ਸੈਣੀ

ਚੰਡੀਗੜ੍ਹ, 15 ਜੂਨ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਰੋਹਤਕ ਦੇ ਡੀ-ਪਾਰਕ ਖੇਤਰ ਵਿੱਚ ਬੀਤੀ 9 ਜੂਨ ਨੂੰ ਹੋਈ ਭਿਆਨਕ ਅੱਗਜਨੀ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਪ੍ਰਭਾਵਿਤ ਬਾਜ਼ਾਰ ਦਾ ਦੌਰਾ ਕਰਕੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਦੁਕਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਅੱਗਜਨੀ ਵਿੱਚ ਮ੍ਰਿਤਕ ਅਮਨ ਕੁਮਾਰ ਪੁੱਤਰ ਜਗਦੀਸ਼, ਰੋਹਿਤ ਖੁਰਾਣਾ ਅਤੇ ਕਪਿਲ ਕੁਮਾਰ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਗ ਕਾਰਨ ਭਾਰੀ ਨੁਕਸਾਨ ਝੱਲਣ ਵਾਲੇ ਅਦਾਰਿਆਂ ਨੂੰ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਤੁਰੰਤ ਸਹਾਇਤਾ ਦਿੱਤੀ ਜਾਵੇਗੀ।

ਦੌਰੇ ਤੋਂ ਬਾਅਦ ਮੁੱਖ ਮੰਤਰੀ ਸ੍ਰੀ  ਨਾਇਬ ਸਿੰਘ ਸੈਣੀ ਨੇ ਪ੍ਰੈਸ ਪ੍ਰਤੀਨਿਧਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਏ.ਸੀ. ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਈ ਅਦਾਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸ੍ਰੀ  ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਵਿੱਚ ਅਮਨ ਕੁਮਾਰ, ਰੋਹਿਤ ਖੁਰਾਣਾ ਅਤੇ ਕਪਿਲ ਕੁਮਾਰ ਦੀ ਮੌਤ ਹੋਈ ਹੈ। ਉਨ੍ਹਾਂ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਪਰਮਪਿਤਾ ਪ੍ਰਮਾਤਮਾ ਅੱਗੇ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਅਰਦਾਸ ਕੀਤੀ ਅਤੇ ਦੁਖੀ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ।

ਸਰਕਾਰ ਪੀੜਤ ਪਰਿਵਾਰਾਂ ਅਤੇ ਵਪਾਰੀਆਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ

ਸ੍ਰੀ  ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਭਿਆਨਕ ਅੱਗਜਨੀ ਦੇ ਪੀੜਤ ਪਰਿਵਾਰਾਂ ਅਤੇ ਵਪਾਰੀਆਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਜਾਨ ਦੇ ਨੁਕਸਾਨ ਦੀ ਭਰਪਾਈ ਸੰਭਵ ਨਹੀਂ ਹੈ, ਫਿਰ ਵੀ ਰਾਜ ਸਰਕਾਰ ਪੀੜਤ ਪਰਿਵਾਰਾਂ ਅਤੇ ਪ੍ਰਭਾਵਿਤ ਵਪਾਰੀਆਂ ਦੀ ਹਰ ਸੰਭਵ ਸਹਾਇਤਾ ਕਰੇਗੀ। ਸ੍ਰੀ  ਸੈਣੀ ਨੇ ਐਲਾਨ ਕੀਤਾ ਕਿ ਅਗਨਕਾਂਡ ਵਿੱਚ ਮ੍ਰਿਤਕ ਅਮਨ ਕੁਮਾਰ ਪੁੱਤਰ ਜਗਦੀਸ਼, ਰੋਹਿਤ ਖੁਰਾਣਾ ਅਤੇ ਕਪਿਲ ਕੁਮਾਰ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਅੱਗ ਕਾਰਨ ਭਾਰੀ ਨੁਕਸਾਨ ਝੱਲਣ ਵਾਲੇ ਅਦਾਰਿਆਂ ਨੂੰ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਤੁਰੰਤ ਸਹਾਇਤਾ ਦਿੱਤੀ ਜਾਵੇਗੀ। ਸਰਕਾਰ ਵੱਲੋਂ ਇਸ ਘਟਨਾ ਵਿੱਚ ਹੋਏ ਨੁਕਸਾਨ ਦੀ ਪੂਰੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਦੁਕਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਤੁਰੰਤ ਦਿੱਤੀ ਜਾਵੇਗੀ ਵਿੱਤੀ ਸਹਾਇਤਾ

ਮੁੱਖ ਮੰਤਰੀ ਸ੍ਰੀ  ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਘਟਨਾ ਵਿੱਚ ਪ੍ਰਭਾਵਿਤ ‘ਦਿੱਲੀ ਸ਼ੂਜ਼’ ਦੇ ਸੰਚਾਲਕ ਅਮਰਜੀਤ ਸਿੰਘ ਪੁੱਤਰ ਰਾਮਪ੍ਰਕਾਸ਼ ਨੂੰ 5 ਲੱਖ ਰੁਪਏ, ‘ਰੋਹਤਕ ਸ਼ੂਜ਼ ਕੰਪਨੀ’ ਦੇ ਸੰਚਾਲਕ ਸਤੀਸ਼ ਕੁਮਾਰ ਪੁੱਤਰ ਭੂਪ ਸਿੰਘ ਨੂੰ 5 ਲੱਖ ਰੁਪਏ, ‘ਸ਼ੂਜ਼ ਪਲਾਜ਼ਾ’ ਤੋਂ ਗੀਤਾ ਰਾਣੀ ਪਤਨੀ ਜੈ ਕਿਸ਼ਨ ਨੂੰ 5 ਲੱਖ ਰੁਪਏ, ‘ਰੀਗਲ ਸ਼ੂਜ਼’ ਤੋਂ ਇੰਦੂ ਜੁਨੇਜਾ ਪਤਨੀ ਰਾਜੇਸ਼ ਜੁਨੇਜਾ ਨੂੰ 5 ਲੱਖ ਰੁਪਏ, ‘ਸ਼ਿਵ ਜਨਰਲ ਸਟੋਰ’ ਦੇ ਨਵਨੀਤ ਜੁਨੇਜਾ ਪੁੱਤਰ ਹਰੀਸ਼ ਕੁਮਾਰ ਨੂੰ 5 ਲੱਖ ਰੁਪਏ, ‘ਬਿੰਦੂ ਜਨਰਲ ਸਟੋਰ’ ਦੇ ਸੰਚਾਲਕ ਦੇਸ਼ਬੰਧੂ ਜੈਨ ਪੁੱਤਰ ਪ੍ਰਕਾਸ਼ਚੰਦ ਜੈਨ ਨੂੰ 5 ਲੱਖ ਰੁਪਏ, ‘ਫੁੱਟਲੁੱਕ ਫੁੱਟਵੀਅਰ’ ਦੇ ਸੰਚਾਲਕ ਅਸ਼ੋਕ ਕੁਮਾਰ ਜੈਨ ਨੂੰ 5 ਲੱਖ ਰੁਪਏ ਅਤੇ ‘ਕੈਲਾਸ਼ ਬੂਟ ਹਾਊਸ’ ਦੇ ਸੰਚਾਲਕ ਪ੍ਰਿਆਂਸ਼ੂ ਕਾਲੜਾ ਪੁੱਤਰ ਕੈਲਾਸ਼ਚੰਦ ਨੂੰ 5 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਘਟਨਾ ਵਿੱਚ ਪ੍ਰਭਾਵਿਤ ਰੇਹੜੀ-ਫੜੀ ਵਾਲਿਆਂ ਦੀ ਵੀ ਕੀਤੀ ਜਾਵੇਗੀ ਪੂਰੀ ਮਦਦ

ਸ੍ਰੀ  ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਆਨੰਦ ਫਰੂਟ ਜੂਸ’ ਦੀ ਸੰਚਾਲਿਕਾ ਮੀਨਾ ਕੁਮਾਰੀ ਪਤਨੀ ਟੇਕਚੰਦ ਅਤੇ ‘ਸਹਿਗਲ ਫਰੂਟ ਜੂਸ’ ਦੇ ਸੰਚਾਲਕ ਮੁਕੇਸ਼ ਪੁੱਤਰ ਅਸ਼ੋਕ ਕੁਮਾਰ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਰੇਹੜੀ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਰਾਹਤ ਪ੍ਰਦਾਨ ਕੀਤੀ ਜਾਵੇਗੀ। ‘ਅੰਨਪੂਰਨਾ ਭੋਜਨਾਲਿਆ’ (ਰੇਹੜੀ ਰੋਟੀ ਪਰਾਂਠਾ) ਨੂੰ 50 ਹਜ਼ਾਰ ਰੁਪਏ, ‘ਕਿਚਨ ਆਨ ਵ੍ਹੀਲਜ਼’ ਦੇ ਸੰਚਾਲਕ ਗੌਰਵ ਪੁੱਤਰ ਸਤੀਸ਼ ਕੁਮਾਰ ਨੂੰ 50 ਹਜ਼ਾਰ ਰੁਪਏ ਅਤੇ ਕਲੌਥ ਖੋਖਾ ਤੇ ਨਾਰੀਅਲ ਪਾਣੀ ਦੇ ਸੰਚਾਲਕ ਨੀਰਜ ਪੁੱਤਰ ਦਰਸ਼ਨ ਸਿੰਘ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਪ੍ਰਦਾਨ ਕੀਤੀ ਜਾਵੇਗੀ।

ਮੁੱਖ ਮੰਤਰੀ ਸ੍ਰੀ  ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼ਹਿਰੀ ਸਥਾਨਕ ਨਿਕਾਏ ਵਿਭਾਗ ਵੱਲੋਂ ਅੱਗਜਨੀ ਨਾਲ ਹੋਏ ਨੁਕਸਾਨ ਦਾ ਵਿਸਥਾਰ ਮੁਲਾਂਕਣ ਕੀਤਾ ਜਾ ਰਿਹਾ ਹੈ। ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਰਾਜ ਸਰਕਾਰ ਵਾਧੂ ਸਹਾਇਤਾ ਅਤੇ ਮੁਆਵਜ਼ੇ ਦੇ ਸਬੰਧ ਵਿੱਚ ਵੀ ਲੋੜੀਂਦੇ ਫੈਸਲੇ ਲਵੇਗੀ, ਤਾਂ ਜੋ ਪ੍ਰਭਾਵਿਤ ਵਪਾਰੀਆਂ ਨੂੰ ਵੱਧ ਤੋਂ ਵੱਧ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਇੱਕ ਪੁਰਾਣਾ ਬਾਜ਼ਾਰ ਹੈ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਚੌਕਸੀ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੇ ਦੁਹਰਾਅ ਨੂੰ ਰੋਕਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣਗੇ।

ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਲਈ ਕੀਤਾ ਸ਼ਲਾਘਾਯੋਗ ਕੰਮ

ਮੁੱਖ ਮੰਤਰੀ ਨੇ ਫਾਇਰ ਬ੍ਰਿਗੇਡ ਵਿਭਾਗ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਗ ਲੱਗਣ ਦੇ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਲਗਭਗ ਛੇ ਤੋਂ ਸੱਤ ਘੰਟਿਆਂ ਤੱਕ ਲਗਾਤਾਰ ਕੋਸ਼ਿਸ਼ ਕਰਕੇ ਅੱਗ ‘ਤੇ ਕਾਬੂ ਪਾਇਆ। ਜਦੋਂ ਤੱਕ ਅੱਗ ਪੂਰੀ ਤਰ੍ਹਾਂ ਕਾਬੂ ਹੇਠ ਨਹੀਂ ਆਈ, ਉਦੋਂ ਤੱਕ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਡਟੀਆਂ ਰਹੀਆਂ।

ਮੁੱਖ ਮੰਤਰੀ ਨੇ ਅੱਗਜਨੀ ਦੀ ਘਟਨਾ ਵਿੱਚ ਜਾਨ ਗੁਆਉਣ ਵਾਲਿਆਂ ਦੇ ਘਰ ਜਾ ਕੇ ਪ੍ਰਗਟਾਇਆ ਸ਼ੋਕ ਅਤੇ ਦੁਖੀ ਪਰਿਵਾਰਾਂ ਨੂੰ ਬੰਨ੍ਹਾਇਆ ਧੀਰਜ

ਮੁੱਖ ਮੰਤਰੀ ਸ੍ਰੀ  ਨਾਇਬ ਸਿੰਘ ਸੈਣੀ ਨੇ ਸਥਾਨਕ ਡੀ ਪਾਰਕ ਵਿਖੇ ਬੀਤੀ 9 ਜੂਨ ਨੂੰ ਹੋਈ ਮੰਦਭਾਗੀ ਘਟਨਾ ਵਿੱਚ ਜਾਨ ਗੁਆਉਣ ਵਾਲੇ ਤਿੰਨੋਂ ਵਿਅਕਤੀਆਂ ਅਮਨ, ਰੋਹਿਤ ਖੁਰਾਣਾ ਅਤੇ ਕਪਿਲ ਕੁਮਾਰ ਦੇ ਨਿਵਾਸ ਸਥਾਨ ‘ਤੇ ਪਹੁੰਚ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ ਧੀਰਜ ਬੰਨ੍ਹਾਈਆਂ।

ਇਸ ਮੌਕੇ ‘ਤੇ ਸਾਬਕਾ ਮੰਤਰੀ ਮਨੀਸ਼ ਕੁਮਾਰ ਗਰੋਵਰ, ਵਿਧਾਇਕ ਮਹੰਤ ਬਾਲਕ ਨਾਥ, ਡਿਪਟੀ ਕਮਿਸ਼ਨਰ ਸਚਿਨ ਗੁਪਤਾ, ਪੁਲਿਸ ਸੁਪਰਡੈਂਟ ਗੌਰਵ ਰਾਜਪੁਰੋਹਿਤ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।