
ਨੰਗਲ 12 ਜੂਨ: ਜਿਲ੍ਹਾ ਰੂਪਨਗਰ ਵਿੱਚ ਉਸ ਵੇਲੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣ ਗਿਆ ਜਦੋਂ ਸ੍ਰੀ ਦੀਪਕ ਸੋਨੀ ਨੂੰ ਖੱਤਰੀ ਅਰੋੜਾ ਵੈਲਫੇਅਰ ਬੋਰਡ ਪੰਜਾਬ ਦਾ ਜਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਹ ਮਹੱਤਵਪੂਰਨ ਫੈਸਲਾ ਮੁੱਖ ਮੰਤਰੀ ਦਫਤਰ ਪੰਜਾਬ ਵੱਲੋਂ ਲਿਆ ਗਿਆ, ਜਿਸਨੂੰ ਇਲਾਕੇ ਦੇ ਲੋਕਾਂ ਵੱਲੋਂ ਖੁੱਲ੍ਹ ਕੇ ਸਵਾਗਤ ਕੀਤਾ ਗਿਆ। ਇਸ ਨਿਯੁਕਤੀ ਨੂੰ ਜਿਲ੍ਹੇ ਦੇ ਸਮਾਜਿਕ ਵਿਕਾਸ ਅਤੇ ਭਲਾਈ ਲਈ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਦੀਪਕ ਸੋਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦੀਪਕ ਸੋਨੀ ਨੇ ਲੰਬੇ ਸਮੇਂ ਤੱਕ ਇਮਾਨਦਾਰੀ, ਲਗਨ ਅਤੇ ਨਿਸ਼ਠਾ ਨਾਲ ਲੋਕ ਸੇਵਾ ਕੀਤੀ ਹੈ ਅਤੇ ਪਾਰਟੀ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸੇ ਕਾਰਨ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ। ਮੰਤਰੀ ਬੈਂਸ ਨੇ ਉਮੀਦ ਜਤਾਈ ਕਿ ਉਹ ਆਪਣੇ ਨਵੇਂ ਅਹੁਦੇ ਨੂੰ ਪੂਰੀ ਨਿਭਾਅ ਨਾਲ ਨਿਭਾਉਣਗੇ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਣਗੇ।
ਸ੍ਰੀ ਦੀਪਕ ਸੋਨੀ ਇਸ ਸਮੇਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮੀਡੀਆ ਕੋਆਰਡੀਨੇਟਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਉਹ ਇੱਕ ਪ੍ਰਸਿੱਧ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਵਜੋਂ ਜਾਣੇ ਜਾਂਦੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਸਰਗਰਮ ਹਨ ਅਤੇ ਆਪਣੀ ਮਿਹਨਤ, ਇਮਾਨਦਾਰੀ ਅਤੇ ਵਫਾਦਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ।
ਉਨ੍ਹਾਂ ਦੀ ਇਸ ਨਿਯੁਕਤੀ ਨਾਲ ਜਿੱਥੇ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ, ਉੱਥੇ ਹੀ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਵੀ ਇਸ ਫੈਸਲੇ ਦਾ ਭਰਪੂਰ ਸਵਾਗਤ ਕੀਤਾ ਗਿਆ ਹੈ। ਇਲਾਕੇ ਦੇ ਆਗੂਆਂ, ਅਹੁਦੇਦਾਰਾਂ, ਪੰਚਾਂ ਅਤੇ ਸਰਪੰਚਾਂ ਨੇ ਦੀਪਕ ਸੋਨੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਲੋਕਾਂ ਨੂੰ ਆਸ ਹੈ ਕਿ ਉਹ ਆਪਣੇ ਅਹੁਦੇ ਰਾਹੀਂ ਹੋਰ ਵਧੀਆ ਢੰਗ ਨਾਲ ਸਮਾਜ ਦੀ ਸੇਵਾ ਕਰਨਗੇ।
ਇਸ ਮੌਕੇ ਸਰਪੰਚ ਲੱਕੀ ਕਪਿਲਾ, ਕੌਂਸਲਰ ਦੀਪਕ ਆਂਗਰਾ, ਪੰਚਾਇਤ ਮੈਂਬਰ ਰਾਹੁਲ ਸੋਨੀ, ਲਾਲਾ ਮਨੂ ਪੁਰੀ, ਅਜੇ ਪੁਰੀ ਹਾਜ਼ਰ ਸਨ