
ਸ੍ਰੀ ਮੁਕਤਸਰ ਸਾਹਿਬ, 30 ਮਈ- ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਬਰੀਕੀ ਨਾਲ ਸੁਧਾਈ ਦੀ ਸੋਧੀ ਹੋਈ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਰੀ ਪ੍ਰੋਗਰਾਮ ਅਨੁਸਾਰ 1 ਅਕਤੂਬਰ 2026 ਨੂੰ ਯੋਗਤਾ ਮਿਤੀ ਮੰਨਦਿਆਂ ਵੋਟਰ ਸੂਚੀਆਂ ਦੀ ਮੁੜ ਜਾਂਚ ਅਤੇ ਅਪਡੇਟ ਕਰਨ ਦੀ ਕਾਰਵਾਈ ਵਿੱਢੀ ਜਾਵੇਗੀ।
ਜ਼ਿਲ੍ਹਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 15 ਜੂਨ ਤੋਂ 24 ਜੂਨ 2026 ਤੱਕ ਤਿਆਰੀ, ਸਿਖਲਾਈ ਅਤੇ ਛਪਾਈ ਦਾ ਕੰਮ ਕੀਤਾ ਜਾਵੇਗਾ, ਜਦਕਿ 25 ਜੂਨ ਤੋਂ 24 ਜੁਲਾਈ 2026 ਤੱਕ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਕਰਨਗੇ ਅਤੇ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਨਗੇ। ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਅਧੀਨ ਹੀ ਪੋਲਿੰਗ ਸਟੇਸ਼ਨਾ ਨੂੰ ਤਰਕ ਸੰਗਤ ਕਰਨ ਦਾ ਕਾਰਜ 24 ਜੁਲਾਈ 2026 ਤੱਕ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਪੋਲਿੰਗ ਸਟੇਸ਼ਨ ਤੇ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਨਾ ਹੋਵੇ। 3 ਅਗਸਤ 2026 ਨੂੰ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ, ਜਦਕਿ ਇਨ੍ਹਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਲ 753 ਬੂਥਾਂ ‘ਤੇ 753 ਬੀ.ਐਲ.ਓਜ਼. 81 ਬੀ.ਐਲ.ਓ. ਸੁਪਰਵਾਈਜ਼ਰ ਅਤੇ 4 ਚੋਣਕਾਰ ਰਜਿਸ਼ਰਸਨ ਅਫ਼ਸਰ, 8 ਸਹਾਇਕ ਚੋਣਕਾਰ ਰਜਿਸ਼ਟ੍ਰੇਸ਼ਨ ਅਫ਼ਸਰ ਲਗਾਏ ਗਏ ਹਨ। ਜ਼ਿਲ੍ਹੇ ਵਿੱਚ 6,93,302 ਵੋਟਰਾਂ ਵਿੱਚੋਂ 6,40,274 ਵੋਟਰ 2003 ਦੀ ਵੋਟਰ ਸੂਚੀ ਨਾਲ ਮੈਪ ਕਰ ਦਿੱਤੇ ਗਏ ਹਨ, ਜੋ ਕਿ ਤਕਰੀਬਨ 92.35 ਪ੍ਰਤੀਸ਼ਤ ਬਣਦਾ ਹੈ।
ਓਹਨਾਂ ਕਿਹਾ ਕਿ ਜੇਕਰ ਕੋਈ ਵੋਟਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਅਧੀਨ ਐਨੁਮਿਰੇਸ਼ਨ ਫਾਰਮ ਨਹੀ ਭਰਦਾ ਹੈ ਤਾ ਉਸ ਨੂੰ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀ ਕੀਤਾ ਜਾਵੇਗਾ ਜੋ ਮਿਤੀ 03.08.2026 ਨੂੰ ਪ੍ਰਕਾਸਿਤ ਕੀਤੀ ਜਾਵੇਗੀ। ਮੈਪ ਹੋ ਚੁੱਕੇ ਵੋਟਰਾਂ ਨੂੰ ਵੀ ਐਨੁਮਿਰੇਸ਼ਨ ਫਾਰਮ ਭਰਨਾ ਜ਼ਰੂਰੀ ਹੈ।
ਓਹਨਾਂ ਦੱਸਿਆ ਕਿ ਬੀ.ਐਲ.ਓਜ਼. ਲਈ ਮਿਤੀ 16 ਜੂਨ 2026 ਤੋਂ ਮਿਤੀ 20 ਜੂਨ 2026 ਤੱਕ ਸਪੈਸਲ ਟ੍ਰੇਨਿੰਗ ਰੱਖੀ ਗਈ ਹੈ। ਇਸ ਦੇ ਨਾਲ ਨਾਲ ਰਾਜਨੀਤਿਕ ਪਾਰਟੀਆਂ ਨੂੰ ਬੀ.ਐਲ.ਏ. ਨਿਯੁਕਤ ਕਰਨ ਲਈ ਅਪੀਲ ਕੀਤੀ ਜਾਂਦੀ ਹੈ।
ਐੱਸ ਆਈ ਆਰ ਦੌਰਾਨ ਵੋਟਰਾਂ ਨੂੰ ਆਪਣੀ ਯੋਗਤਾ ਸਾਬਤ ਕਰਨ ਲਈ ਬੀ.ਐਲ.ਓ. ਨੂੰ ਨਿਰਧਾਰਤ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ। ਇਨ੍ਹਾਂ ਵਿੱਚ ਜਨਮ ਸਰਟੀਫਿਕੇਟ, ਪਾਸਪੋਰਟ, ਮੈਟ੍ਰਿਕ/ਵਿਦਿਅਕ ਸਰਟੀਫਿਕੇਟ, ਸਥਾਈ ਨਿਵਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਸਰਕਾਰੀ ਕਰਮਚਾਰੀ ਜਾਂ ਪੈਨਸ਼ਨਰ ਪਛਾਣ ਪੱਤਰ, ਸਰਕਾਰੀ ਅਥਾਰਟੀ ਵੱਲੋਂ ਜਾਰੀ ਹੋਰ ਪਛਾਣ ਦਸਤਾਵੇਜ਼, ਜ਼ਮੀਨ ਜਾਂ ਮਕਾਨ ਅਲਾਟਮੈਂਟ ਸਰਟੀਫਿਕੇਟ ਆਦਿ ਸ਼ਾਮਲ ਹਨ।
ਓਹਨਾਂ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੇਰਵਿਆਂ ਦੀ ਤਸਦੀਕ ਕਰਵਾਉਣ ਅਤੇ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਬੀ.ਐਲ.ਓ. ਨੂੰ ਮੁਹੱਈਆ ਕਰਵਾਉਣ, ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ ਬਣਾਇਆ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਵੋਟਰ ਹੈਲਪਲਾਈਨ ਨੰਬਰ 1950 ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।