Friday, May 29Malwa News
Shadow

ਯੋਗ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਹਰਿਆਣਾ ਸਰਕਾਰ ਵਚਨਬੱਧ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 29 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੰਤਰਰਾਸ਼ਟਰੀ ਯੋਗ ਦਿਵਸ-2026 ਦੀਆਂ ਤਿਆਰੀਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸਾਲ ਵੀ ਕੌਮਾਂਤਰੀ ਯੋਗ ਦਿਵਸ ਨੂੰ ਪੂਰੇ ਸੂਬੇ ਵਿੱਚ ਵਿਆਪਕ ਜਨ-ਭਾਗੀਦਾਰੀ ਨਾਲ ਸ਼ਾਨਦਾਰ ਪੱਧਰ ‘ਤੇ ਆਯੋਜਿਤ ਕੀਤਾ ਜਾਵੇ। ਇਸ ਸਾਲ ਯੋਗ ਦਿਵਸ ਦਾ ਥੀਮ “ਸਵੱਸਥ ਬੁਢਾਪੇ ਲਈ ਯੋਗ” ਹੋਵੇਗਾ। ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਨਲਾਈਨ ਮਾਧਿਅਮ ਰਾਹੀਂ ਜੁੜੇ।

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਪੱਧਰੀ ਮੁੱਖ ਪ੍ਰੋਗਰਾਮ ਇਸ ਵਾਰ ਪੰਚਕੂਲਾ ਵਿੱਚ ਆਯੋਜਿਤ ਕੀਤਾ ਜਾਵੇਗਾ, ਜਦੋਂ ਕਿ ਜ਼ਿਲ੍ਹਾ, ਸਬ-ਡਿਵੀਜ਼ਨ ਅਤੇ ਗ੍ਰਾਮ ਪੰਚਾਇਤ ਪੱਧਰ ਤੱਕ ਵਿਸ਼ੇਸ਼ ਯੋਗ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਯੋਗ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ “ਸਵੱਸਥ ਬੁਢਾਪੇ ਲਈ ਯੋਗ” ਨਿਰਧਾਰਤ ਕੀਤਾ ਗਿਆ ਹੈ। ਇਸੇ ਥੀਮ ਦੇ ਅਨੁਸਾਰ ਪ੍ਰਦੇਸ਼ ਭਰ ਵਿੱਚ ਯੋਗ ਕੈਂਪ, ਜਾਗਰੂਕਤਾ ਮੁਹਿੰਮਾਂ ਅਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਤਾਂ ਜੋ ਲੋਕਾਂ, ਖ਼ਾਸ ਕਰਕੇ ਬਜ਼ੁਰਗ ਨਾਗਰਿਕਾਂ ਨੂੰ ਯੋਗ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ ਅਤੇ ਸਵੱਸਥ ਜੀਵਨ ਸ਼ੈਲੀ ਨੂੰ ਉਤਸ਼ਾਹ ਮਿਲੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਯੋਗ ਨੂੰ ਕੌਮਾਂਤਰੀ ਪੱਧਰ ‘ਤੇ ਬੇਮਿਸਾਲ ਪਛਾਣ ਅਤੇ ਸਨਮਾਨ ਮਿਲਿਆ ਹੈ। ਅੱਜ ਪੂਰੀ ਦੁਨੀਆ ਭਾਰਤ ਦੀ ਇਸ ਪ੍ਰਾਚੀਨ ਸੰਸਕ੍ਰਿਤੀ ਅਤੇ ਜੀਵਨ ਪੱਧਤੀ ਨੂੰ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੌਜਵਾਨਾਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਦੇ ਹੋਏ ਸਵੱਸਥ ਭਾਰਤ ਅਤੇ ਸਵੱਸਥ ਹਰਿਆਣਾ ਦੇ ਨਿਰਮਾਣ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਯੋਗ ਦਿਵਸ ਪ੍ਰੋਗਰਾਮ ਸਿਰਫ਼ ਰਸਮੀ ਆਯੋਜਨ ਤੱਕ ਸੀਮਤ ਨਾ ਰਹਿਣ, ਸਗੋਂ ਇਸ ਨੂੰ ਇੱਕ ਜਨ-ਅੰਦੋਲਨ ਦਾ ਰੂਪ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ, ਪੰਚਾਇਤਾਂ, ਸਮਾਜਿਕ ਸੰਗਠਨਾਂ ਅਤੇ ਸਵੈ-ਸੇਵੀ ਸੰਸਥਾਵਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਨਾਲ ਜੋੜਿਆ ਜਾਵੇ।

ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਮੀਟਿੰਗ ਵਿੱਚ ਦੱਸਿਆ ਕਿ ਯੋਗ ਦਿਵਸ ਦੇ ਸਫ਼ਲ ਆਯੋਜਨ ਲਈ ਵਿਆਪਕ ਪੱਧਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਵਿਸਥਾਰ ਨਾਲ ਯੋਗ ਦਿਵਸ ਮਨਾਉਣ ਦੀ ਰੂਪ-ਰੇਖਾ ਪੇਸ਼ ਕੀਤੀ।

ਹਰਿਆਣਾ ਯੋਗ ਕਮਿਸ਼ਨ ਦੇ ਪ੍ਰਧਾਨ ਜੈਦੀਪ ਆਰਿਆ ਨੇ ਦੱਸਿਆ ਕਿ ਯੋਗ ਦਿਵਸ ਦੇ ਸਫ਼ਲ ਆਯੋਜਨ ਲਈ ਸਾਰਿਆਂ ਦੀ ਭਾਗੀਦਾਰੀ ਹੋਣੀ ਜ਼ਰੂਰੀ ਹੈ। ਯੋਗ ਨਾਲ ਸਕੂਲ, ਕਾਲਜ, ਯੂਨੀਵਰਸਿਟੀਆਂ, ਪੰਚਾਇਤਾਂ, ਨਗਰ ਪਾਲਿਕਾਵਾਂ, ਨਗਰ ਕੌਂਸਲਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਜੋੜਿਆ ਗਿਆ ਹੈ। ਯੋਗ ਪ੍ਰਤੀ ਜਾਗਰੂਕਤਾ ਲਈ ਰੈਲੀਆਂ ਕੱਢੀਆਂ ਜਾਣਗੀਆਂ। 19 ਜੂਨ ਨੂੰ ਯੋਗ ਦਿਵਸ ਲਈ ਫਾਈਨਲ ਰਿਹਰਸਲ ਦਾ ਆਯੋਜਨ ਹੋਵੇਗਾ। ਉਨ੍ਹਾਂ ਦੱਸਿਆ ਕਿ 8 ਜੂਨ ਤੋਂ 10 ਜੂਨ ਤੱਕ ਯੋਗ ਜਾਗਰਣ ਯਾਤਰਾਵਾਂ ਕੱਢੀਆਂ ਜਾਣਗੀਆਂ। ਇਸ ਤੋਂ ਇਲਾਵਾ 15 ਜੂਨ ਨੂੰ ਯੋਗ ਮੈਰਾਥਨ ਦਾ ਆਯੋਜਨ ਹੋਵੇਗਾ। 16 ਜੂਨ ਤੋਂ 18 ਜੂਨ ਤੱਕ ਸਿਖਲਾਈ ਕੈਂਪ ਲਗਾਏ ਜਾਣਗੇ, ਜਿੱਥੇ ਯੋਗ ਪ੍ਰੋਟੋਕੋਲ ਦੀ ਸਿਖਲਾਈ ਦਿੱਤੀ ਜਾਵੇਗੀ।

ਮੀਟਿੰਗ ਵਿੱਚ ਕੈਬਨਿਟ ਮੰਤਰੀ ਆਰਤੀ ਸਿੰਘ ਰਾਓ, ਮੁੱਖ ਸਕੱਤਰ ਅਨੁਰਾਗ ਰਸਤੋਗੀ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।