
ਜਲੰਧਰ, 21 ਮਈ: ਸਥਾਨਕ ਰੂਡਸੈਟ ਇੰਸਟੀਚਿਊਟ ਵਿਖੇ ਸਿਖ਼ਲਾਈ ਮੁਕੰਮਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਇਕ ਸਮਾਗਮ ਦੌਰਾਨ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਇਹ ਪ੍ਰੋਗਰਾਮ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਕੋਮਲ ਕਸ਼ਯਪ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕੋਮਲ ਕਸ਼ਯਪ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੌਜੂਦਾ ਸਮੇਂ ਵਿੱਚ ਹੁਨਰ ਆਧਾਰਿਤ ਸਿਖ਼ਲਾਈ ਨੌਜਵਾਨਾਂ ਦੇ ਰੌਸ਼ਨ ਭਵਿੱਖ ਲਈ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਖਾਸ ਕਰ ਔਰਤਾਂ ਨੂੰ ਆਤਮਨਿਰਭਰ ਬਣਨ ਅਤੇ ਆਪਣੇ ਹੁਨਰ ਰਾਹੀਂ ਰੋਜ਼ਗਾਰ ਦੇ ਨਵੇਂ ਮੌਕੇ ਸਿਰਜਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਰੂਡਸੈੱਟ ਇੰਸਟੀਚਿਊਟ ਦੇ ਡਾਇਰੈਕਟਰ ਸੰਜੀਵ ਕੁਮਾਰ ਚੌਹਾਨ ਵੱਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਸੰਸਥਾ ਵੱਲੋਂ ਪ੍ਰਦਾਨ ਕੀਤੀ ਗਈ ਸਿਖ਼ਲਾਈ ਦੀ ਪ੍ਰਸ਼ੰਸਾ ਕੀਤੀ।
ਪ੍ਰੋਗਰਾਮ ਦੇ ਅਖੀਰ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਸੀਨੀਅਰ ਫੈਕਲਟੀ ਪ੍ਰਗਟ ਸਿੰਘ, ਮੈਡਮ ਮੀਨਲ, ਦੀਪਿਕਾ, ਦਵਿੰਦਰ ਕੌਰ, ਪੰਕਜ ਦਾਸ, ਵਿਸ਼ਾਲ ਅਤੇ ਸਿਖਿਆਰਥੀ ਮੌਜੂਦ ਸਨ।