
ਹੁਸ਼ਿਆਰਪੁਰ, 18 ਮਈ : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਰੈੱਡ ਕਰਾਸ ਸੁਸਾਇਟੀ ਵੱਲੋਂ ਸ਼੍ਰੀ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ, ਜੈਪੁਰਦੇ ਸਹਿਯੋਗ ਨਾਲ ਬੀ.ਡੀ.ਪੀ.ਓ. ਦਫ਼ਤਰ, ਤਲਵਾੜਾ ਵਿਖੇ ਇੱਕ ਵਿਸ਼ੇਸ਼ ਦੋ ਰੋਜ਼ਾ ਕੈਂਪ ਦਾ ਲਗਾਇਆ ਗਿਆ। ਕੈਂਪ ਦੌਰਾਨ ਦਿਵਆਂਗਜਨਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, ਵੀਲ੍ਹ ਚੇਅਰਜ਼, ਬੈਸਾਖੀਆਂ, ਟ੍ਰਾਈਸਾਈਕਲ, ਕੈਲੀਪਰਸ ਅਤੇ ਬਣਾਉਟੀ ਅੰਗ ( ਲੱਤਾਂ ਅਤੇ ਬਾਹਾਂ) ਮੁਹੱਈਆ ਕਰਵਾਏ ਗਏ ਹਨ, ਤਾਂ ਜੋ ਉਹ ਆਤਮ-ਨਿਰਭਰ ਹੋ ਕੇ ਸਨਮਾਨਜਨਕ ਜੀਵਨ ਬਤੀਤ ਕਰ ਸਕਣ। ਇਸ ਕੈਂਪ ਨੂੰ ਲੋਕਾਂ ਵੱਲੋਂ ਭਰਪੂਰ ਸਹਿਯੋਗ ਅਤੇ ਸ਼ਾਨਦਾਰ ਪ੍ਰਤੀਕਿਰਿਆ ਮਿਲੀ । ਕਈ ਲਾਭਪਾਤਰੀਆਂ ਨੇ ਜੋ ਕਿ ਕਈ ਸਾਲਾਂ ਤੋਂ ਚੱਲਣ-ਫਿਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ, ਇਸ ਕੈਂਪ ਰਾਹੀਂ ਮਿਲੀ ਸਹਾਇਤਾ ਲਈ ਦਿਲੋਂ ਧੰਨਵਾਦ ਕੀਤਾ।
ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਰੈੱਡ ਕਰਾਸ, ਹੁਸ਼ਿਆਰਪੁਰ ਵੱਲੋਂ ਲਗਾਏ ਗਏ ਕੈਂਪਾ ਵਿੱਚੋਂ ਇਹ ਚੌਥਾ ਵੱਡਾ ਪੀ.ਡਬਲਿਊ.ਡੀ. ਕੈਂਪ ਸੀ , ਜਿਸ ਵਿੱਚ 58 ਲੋੜਵੰਦਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, 24 ਦਿਵਆਂਗਜਨਾਂ ਨੂੰ ਵੀਲ੍ਹ ਚੇਅਰਜ਼ ,12 ਕੈਲੀਪਰਸ ,10 ਟ੍ਰਾਈਸਾਈਕਲ ,17 ਦਿਵਆਂਗਜਨਾਂ ਨੂੰ ਬਣਾਉਟੀ ਹੱਥ ਅਤੇ ਪੈਰ, 4 ਜੋੜੇ ਸਪੈਸ਼ਲ ਬੈਸਾਖੀਆਂ,31 ਲੋੜਵੰਦਾਂ ਨੂੰ ਸਟਿੱਕਸ ਅਤੇ ਗਲਵਜ਼ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਗਏ । ਉਹਨਾਂ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਲਕਾ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ, ਬੀ.ਡੀ.ਪੀ.ਓ. ਤਲਵਾੜਾ ਵਿਕਰਮ ਕੁਮਾਰ, ਜੁਆਇੰਟ ਸਕੱਤਰ ਅਦਿੱਤਿਆ ਰਾਣਾ ਅਤੇ ਹਸਪਤਾਲ ਵੈਲਫੇਅਰ ਸੈਕਸ਼ਨ ,ਰੈੱਡ ਕਰਾਸ ਦੇ ਵਾਈਸ ਚੇਅਰਮੈਨ ਰਾਜੀਵ ਬਜਾਜ ਨੇ ਸਾਂਝੇ ਤੌਰ ‘ਤੇ ਦਿਵਿਆਂਗਜਨਾਂ ਨੂੰ ਸਮਾਨ ਵੰਡਣ ਦੀ ਰਸਮ ਨਿਭਾਈ।
ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹਮੇਸ਼ਾ ਹੀ ਦਿਵਿਆਂਗਜਨਾਂ ਅਤੇ ਸਮਾਜ ਦੇ ਪੱਛੜੇ ਲੋੜਵੰਦ ਵਰਗਾਂ ਦੀ ਸੇਵਾ ਲਈ ਦਿਨ-ਰਾਤ ਤਤਪਰ ਰਹਿੰਦੀ ਹੈ। ਉਨ੍ਹਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਸਿਵਲ ਹਸਪਤਾਲ, ਹੁਸ਼ਿਆਰਪੁਰ ਦੇ ਆਡੀਓਲੋਜਿਸਟ ਡਾ. ਮਨੂ , ਜੈਪੁਰ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੀ ਡਾਕਟਰਾਂ ਤੇ ਟੈਕਨੀਸ਼ੀਅਨਾਂ ਦੀ ਟੀਮ ,ਰੈੱਡ ਕਰਾਸ ਦੇ ਸਮੂਹ ਵਾਲੰਟੀਅਰਾਂ , ਸ਼੍ਰੀ ਸ਼ਿਵਮ ਬਖਸ਼ੀ ਮੁੱਖੀ ਪ੍ਰਤੀਗਿਆ ਨਵੀਂ ਸੋਚ ਸੋਸਾਇਟੀ , ਤਲਵਾੜਾ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਲਾਭਪਾਤਰੀਆਂ ਦੀ ਮੋਬਿਲਾਈਜ਼ੇਸ਼ਨ ਅਤੇ ਕੈਂਪ ਦੇ ਸੁਚੱਜੇ ਪ੍ਰਬੰਧਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ, ਜਿਸ ਕਾਰਨ ਇਹ ਕੈਂਪ ਬੇਹੱਦ ਸਫਲ ਰਿਹਾ।