Wednesday, May 13Malwa News
Shadow

ਸਰਹੰਦ ਫਤਿਹ ਦਿਵਸ : ਸਿੱਖ ਇਤਿਹਾਸ ਦਾ ਸੁਨਹਿਰਾ ਪੰਨਾ

ਜਦੋਂ ਵਜ਼ੀਰ ਖਾਨ ਦੀਆਂ ਮੈਦਾਨ-ਏ- ਜੰਗ ਵਿੱਚ ਕਪਟੀ ਚਾਲਾਂ ਇੱਕ ਵਾਰੀ ਫੇਰ ਨਾ ਚੱਲੀਆ ।

Author name- arpan Kaur

ਸਰਹੰਦ ਫਤਿਹ ਸਿੱਖ ਇਤਿਹਾਸ ਦਾ ਇੱਕ ਗੌਰਵਮਈ ਅਤੇ ਸੁਨਹਿਰਾ ਪੰਨਾ ਹੈ। ਇਹ ਉਹ ਇਤਿਹਾਸਕ ਜੰਗ ਸੀ ਜਿਸ ਤੋਂ ਬਾਅਦ ਪਹਿਲੀ ਵਾਰ ਖਾਲਸਾ ਰਾਜ ਦਾ ਐਲਾਨ ਹੋਇਆ ਅਤੇ ਸਿੱਖ ਰਾਜ ਦਾ ਝੰਡਾ ਲਹਿਰਾਇਆ ਗਿਆ। ਇਹ ਜਿੱਤ ਸਿਰਫ਼ ਇੱਕ ਫੌਜੀ ਜਿੱਤ ਨਹੀਂ ਸੀ, ਸਗੋਂ ਜ਼ੁਲਮ ਅਤੇ ਅਨਿਆਂ ਖ਼ਿਲਾਫ਼ ਖਾਲਸਾ ਪੰਥ ਦੀ ਦਲੇਰੀ, ਏਕਤਾ ਅਤੇ ਨਿਆਂਪ੍ਰੀਤਾ ਦਾ ਪ੍ਰਤੀਕ ਵੀ ਸੀ।

ਚੱਪੜ ਚਿੜੀ ਦੀ ਇਤਿਹਾਸਕ ਜੰਗ

ਸਰਹੰਦ ਫਤਿਹ ਦੀ ਲੜਾਈ ਚੱਪੜ ਚਿੜੀ ਦੇ ਮੈਦਾਨ ਵਿੱਚ ਲੜੀ ਗਈ, ਜੋ ਸਰਹੰਦ ਤੋਂ ਲਗਭਗ 10 ਕੋਹ ਦੀ ਦੂਰੀ ’ਤੇ ਸਥਿਤ ਸੀ। ਇਹ ਜੰਗ ਤਿੰਨ ਦਿਨ ਤੱਕ ਚੱਲੀ ਅਤੇ ਇਸ ਨੇ ਪੰਜਾਬ ਦੇ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ।

ਦੱਖਣ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣੇ ਮਹਾਨ ਜਰਨੈਲ ਪੰਜਾਬ ਪਹੁੰਚੇ। ਉਹ ਵਜ਼ੀਰ ਖਾਨ ਦੇ ਜ਼ੁਲਮਾਂ ਖ਼ਿਲਾਫ਼ ਗਹਿਰਾ ਰੋਹ ਆਪਣੇ ਮਨ ਵਿੱਚ ਲੈ ਕੇ ਆਏ ਸਨ। ਪੰਜਾਬ ਪਹੁੰਚਦਿਆਂ ਹੀ ਉਨ੍ਹਾਂ ਨੇ ਗੁਰੂ ਸਾਹਿਬ ਦੇ ਹੁਕਮਨਾਮੇ ਸਿੱਖਾਂ ਤੱਕ ਪਹੁੰਚਾਏ ਅਤੇ ਇੱਕ ਸ਼ਕਤੀਸ਼ਾਲੀ ਫੌਜ ਤਿਆਰ ਕੀਤੀ।

ਫੌਜ ਦੀ ਰਚਨਾ ਅਤੇ ਜੰਗ ਦੀ ਤਿਆਰੀ

ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਇੱਕ ਜਥੇ ਦੀ ਅਗਵਾਈ ਫਤਹ ਸਿੰਘ, ਕਰਮ ਸਿੰਘ, ਧਰਮ ਸਿੰਘ ਅਤੇ ਆਲੀ ਸਿੰਘ ਕਰ ਰਹੇ ਸਨ, ਜਦਕਿ ਦੂਜੇ ਜਥੇ ਵਿੱਚ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਰਾਮ ਸਿੰਘ ਅਤੇ ਸ਼ਾਮ ਸਿੰਘ ਸ਼ਾਮਲ ਸਨ।

12 ਮਈ 1710 ਨੂੰ ਮੁਗਲ ਅਤੇ ਸਿੱਖ ਫੌਜਾਂ ਆਮਣੇ-ਸਾਮਣੇ ਆ ਡਟੀਆ । ਪਰ ਕਪਟੀ ਵਜ਼ੀਰ ਖਾਨ ਨੇ ਇੱਕ ਹੋਰ ਚਾਲ ਚੱਲੀ। ਉਸ ਨੇ ਸੁੱਚਾ ਨੰਦ ਦੇ ਭਤੀਜੇ ਗੰਡਾ ਮਲ ਨੂੰ 1000 ਫੌਜੀਆਂ ਸਮੇਤ ਬੰਦਾ ਸਿੰਘ ਬਹਾਦਰ ਕੋਲ ਭੇਜਿਆ। ਗੰਡਾ ਮਲ ਨੇ ਆ ਕੇ ਕਿਹਾ ਕਿ ਉਹ ਆਪਣੇ ਚਾਚੇ ਦੀਆਂ ਗਲਤੀਆਂ ’ਤੇ ਸ਼ਰਮਿੰਦਾ ਹੈ ਅਤੇ ਸਿੱਖ ਫੌਜ ਵਿੱਚ ਸ਼ਾਮਲ ਹੋ ਕੇ ਪਚਾਤਾਪ ਕਰਨਾ ਚਾਹੁੰਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਫੌਜ ਵਿੱਚ ਸ਼ਾਮਲ ਤਾਂ ਕਰ ਲਿਆ, ਪਰ ਬਾਜ ਸਿੰਘ ਨੂੰ ਉਸ ’ਤੇ ਨਿਗਰਾਨੀ ਰੱਖਣ ਲਈ ਕਿਹਾ।

ਵਜ਼ੀਰ ਖਾਨ ਦੀ ਚਾਲ ਨਾਕਾਮ

ਜੰਗ ਸ਼ੁਰੂ ਹੁੰਦੇ ਹੀ ਗੰਡਾ ਮਲ ਨੇ ਧੋਖੇ ਨਾਲ ਸਿੱਖ ਫੌਜੀਆਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪਰ ਬਾਜ ਸਿੰਘ ਨੇ ਤੁਰੰਤ ਉਸ ਦੀ ਚਾਲ ਨੂੰ ਸਮਝ ਲਿਆ ਅਤੇ ਇੱਕ ਹੀ ਵਾਰ ਨਾਲ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਆਪਣੇ ਆਗੂ ਨੂੰ ਡਿੱਗਦਾ ਦੇਖ ਉਸ ਦੇ ਸਾਥੀ ਵੀ ਮੈਦਾਨ ਛੱਡ ਕੇ ਭੱਜ ਗਏ। ਇਸ ਤਰ੍ਹਾਂ ਵਜ਼ੀਰ ਖਾਨ ਦੀ ਪਹਿਲੀ ਚਾਲ ਉਸੇ ’ਤੇ ਹੀ ਭਾਰੀ ਪੈ ਗਈ।

ਤੋਪਾਂ ਤੋਂ ਹੱਥੋਂ-ਹੱਥੀ ਜੰਗ ਤੱਕ

ਸਿੱਖਾਂ ਕੋਲ ਤੋਪਾਂ ਨਹੀਂ ਸਨ, ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਦੂਰਅੰਦੇਸ਼ੀ ਨੇ ਜੰਗ ਦਾ ਪਾਸਾ ਪਲਟ ਦਿੱਤਾ। ਉਨ੍ਹਾਂ ਨੇ ਸਿੱਖ ਫੌਜ ਨੂੰ ਮੁਗਲਾਂ ਦੀਆਂ ਤੋਪਾਂ ’ਤੇ ਸਿੱਧਾ ਹਮਲਾ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੇ ਦਲੇਰੀ ਨਾਲ ਹਮਲਾ ਕਰਕੇ ਮੁਗਲਾਂ ਦੀਆਂ ਤੋਪਾਂ ਆਪਣੇ ਕਬਜ਼ੇ ਵਿੱਚ ਕਰ ਲਈਆਂ।

ਇਸ ਤੋਂ ਬਾਅਦ ਜੰਗ ਹੱਥੋਂ-ਹੱਥੀ ਹੋ ਗਈ। ਮੈਦਾਨ ਵਿੱਚ ਖੰਡਿਆਂ ਦੀ ਟੱਕਰ, ਲੋਥਾਂ ਦੇ ਢੇਰ ਅਤੇ ਖੂਨ ਦੀਆਂ ਵਗਦੀਆਂ ਨਦੀਆਂ ਜੰਗ ਦੀ ਭਿਆਨਕਤਾ ਦਰਸਾ ਰਹੀਆਂ ਸਨ।

ਵਜ਼ੀਰ ਖਾਨ ਆਪਣੇ ਹਾਥੀ ’ਤੇ ਸਵਾਰ ਹੋ ਕੇ ਫੌਜ ਨੂੰ ਹੱਲਾਸ਼ੇਰੀ ਦੇ ਰਿਹਾ ਸੀ। ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਉੱਚੀ ਟਿੱਬੀ ਤੋਂ ਜੰਗ ਦਾ ਜਾਇਜ਼ਾ ਲੈ ਰਹੇ ਸਨ। ਪਰ ਜਦੋਂ ਹਾਲਾਤ ਗੰਭੀਰ ਹੋਏ ਤਾਂ ਉਹ ਖੁਦ ਮੈਦਾਨ ਵਿੱਚ ਉਤਰ ਆਏ ਅਤੇ ਤਲਵਾਰ ਨਾਲ ਵੈਰੀਆਂ ਦੇ ਆਹੂ ਲਾਉਣ ਲੱਗੇ।

ਵਜ਼ੀਰ ਖਾਨ ਦਾ ਅੰਤ

ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਗ ਕਰਦਾ ਦੇਖ ਸਿੱਖਾਂ ਦਾ ਜੋਸ਼ ਚਰਮ ਸੀਮਾ ’ਤੇ ਪਹੁੰਚ ਗਿਆ। ਇਸ ਦੌਰਾਨ ਬਾਜ ਸਿੰਘ ਅਤੇ ਫਤਿਹ ਸਿੰਘ ਨੇ ਵਜ਼ੀਰ ਖਾਨ ਨੂੰ ਘੇਰ ਲਿਆ। ਫਤਿਹ ਸਿੰਘ ਦੇ ਤੇਜ਼ ਵਾਰ ਨਾਲ ਉਸ ਦੀ ਬਾਂਹ ਕੱਟ ਦਿੱਤੀ ਗਈ ਅਤੇ ਉਹ ਧਰਤੀ ’ਤੇ ਡਿੱਗ ਪਿਆ।

ਸਿੱਖਾਂ ਨੇ ਉਸ ਨੂੰ ਜਿਉਂਦਾ ਕਾਬੂ ਕਰ ਲਿਆ। ਆਪਣੇ ਸੂਬੇਦਾਰ ਨੂੰ ਘਿਰਿਆ ਦੇਖ ਮੁਗਲ ਫੌਜ ਵਿੱਚ ਹਫੜਾ-ਦਫੜੀ ਮਚ ਗਈ ਅਤੇ ਉਹ ਤੋਪਾਂ, ਘੋੜੇ ਅਤੇ ਧਨ-ਦੌਲਤ ਛੱਡ ਕੇ ਭੱਜ ਗਏ।

ਸਿੱਖਾਂ ਨੇ ਸਰਹੰਦ ਫਤਿਹ ਦੇ ਜੈਕਾਰਿਆਂ ਨਾਲ ਨਗਾਰੇ ਵਜਾਏ ਅਤੇ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕੀਤਾ।

ਸੁੱਚਾ ਨੰਦ ਦਾ ਹਸ਼ਰ

ਸਰਹੰਦ ਵਿੱਚ ਦਾਖਲ ਹੋਣ ਤੋਂ ਬਾਅਦ ਸਿੱਖਾਂ ਨੇ ਵਜ਼ੀਰ ਖਾਨ ਅਤੇ ਸੁੱਚਾ ਨੰਦ ਨੂੰ ਉਨ੍ਹਾਂ ਦੀ ਕਰਤੂਤਾਂ ਦੀ ਸਜ਼ਾ ਦਿੱਤੀ। ਸੁੱਚਾ ਨੰਦ ਉਹੀ ਵਿਅਕਤੀ ਸੀ ਜਿਸ ਨੇ ਸਾਹਿਬਜ਼ਾਦਿਆਂ ਖ਼ਿਲਾਫ਼ ਸਰਹੰਦ ਦੀ ਕਚਹਿਰੀ ਵਿੱਚ ਜ਼ਹਿਰ ਉਗਲਿਆ ਸੀ।

ਉਸ ਦੀ ਹਵੇਲੀ ਨੂੰ ਢਾਹ ਦਿੱਤਾ ਗਿਆ ਅਤੇ ਉਸ ਨੂੰ ਲੋਕਾਂ ਦੇ ਸਾਹਮਣੇ ਹਵਾਲੇ ਕੀਤਾ ਗਿਆ। ਆਖ਼ਿਰਕਾਰ ਉਸ ਦਾ ਵੀ ਅੰਤ ਹੋ ਗਿਆ।

ਖਾਲਸਾ ਰਾਜ ਦਾ ਐਲਾਨ

ਸਰਹੰਦ ਫਤਿਹ ਤੋਂ ਬਾਅਦ ਸਿੱਖਾਂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਸਰਬ ਸਾਂਝੇ ਸਿੱਖ ਰਾਜ ਦਾ ਐਲਾਨ ਕੀਤਾ। ਪਹਿਲੀ ਵਾਰ ਸਿੱਖ ਰਾਜ ਦਾ ਝੰਡਾ ਉਸ ਧਰਤੀ ’ਤੇ ਲਹਿਰਾਇਆ ਗਿਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਕੌਮੀ ਜਰਨੈਲ ਵਜੋਂ ਜ਼ਿੰਮੇਵਾਰੀ ਸੰਭਾਲੀ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਨੂੰ ਵਜ਼ੀਰ ਨਿਯੁਕਤ ਕੀਤਾ ਗਿਆ।

ਇਤਿਹਾਸਕਾਰ ਗੰਡਾ ਸਿੰਘ ਦਾ ਵੱਡਾ ਯੋਗਦਾਨ

ਸਰਹੰਦ ਫਤਿਹ ਦਿਵਸ ਅਤੇ ਚੱਪੜ ਚਿੜੀ ਦੇ ਮੈਦਾਨ ਵਿੱਚ ਹੋਈ ਇਸ ਮਹਾਨ ਜੰਗ ਬਾਰੇ ਜਾਣਕਾਰੀ ਸਾਨੂੰ ਮੁੱਖ ਤੌਰ ’ਤੇ ਪ੍ਰਸਿੱਧ ਇਤਿਹਾਸਕਾਰ ਗੰਡਾ ਸਿੰਘ ਵੱਲੋਂ ਪ੍ਰਾਪਤ ਹੁੰਦੀ ਹੈ। ਸਿੱਖ ਇਤਿਹਾਸਕ ਸਰੋਤਾਂ ਵਿੱਚ ਇਸ ਜੰਗ ਦਾ ਜ਼ਿਕਰ ਬਹੁਤ ਘੱਟ ਮਿਲਦਾ ਹੈ, ਪਰ ਫਾਰਸੀ ਦੇ ਇਤਿਹਾਸਕ ਸਰੋਤਾਂ ਵਿੱਚ ਇਸ ਦੇ ਕਾਫ਼ੀ ਹਵਾਲੇ ਮੌਜੂਦ ਹਨ।

ਇਤਿਹਾਸਕਾਰ ਗੰਡਾ ਸਿੰਘ ਨੇ ਵੱਖ-ਵੱਖ ਫਾਰਸੀ ਅਤੇ ਇਤਿਹਾਸਕ ਦਸਤਾਵੇਜ਼ਾਂ ਨੂੰ ਲੱਭ ਕੇ, ਇਕੱਠਾ ਕਰਕੇ ਅਤੇ ਉਨ੍ਹਾਂ ਦਾ ਗਹਿਰਾ ਅਧਿਐਨ ਕਰਕੇ ਇਸ ਮਹਾਨ ਜੰਗ ਦਾ ਇਤਿਹਾਸ ਸਿੱਖ ਕੌਮ ਦੇ ਰੂਬਰੂ ਕੀਤਾ। ਇਸ ਸੁਨਹਿਰੇ ਇਤਿਹਾਸ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ।

ਇਤਿਹਾਸ ਦਾ ਸੁਨਹਿਰਾ ਪੰਨਾ

ਸਰਹੰਦ ਫਤਿਹ ਸਿਰਫ਼ ਇੱਕ ਜੰਗ ਦੀ ਜਿੱਤ ਨਹੀਂ ਸੀ। ਇਹ ਖਾਲਸਾ ਰਾਜ ਦੀ ਨੀਂਹ ਸੀ, ਜਿਸ ਨੇ ਸਿੱਖਾਂ ਦੇ ਮਨਾਂ ਵਿੱਚ ਨਵੀਂ ਆਸ ਅਤੇ ਨਵੇਂ ਸੁਪਨੇ ਜਨਮ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਸਾਬਤ ਕਰ ਦਿੱਤਾ ਕਿ ਨਿਆਂ, ਹੌਸਲੇ ਅਤੇ ਇਕਜੁਟਤਾ ਨਾਲ ਇਤਿਹਾਸ ਰਚਿਆ ਜਾ ਸਕਦਾ ਹੈ।

ਇਹ ਜਿੱਤ ਅੱਜ ਵੀ ਸਿੱਖ ਇਤਿਹਾਸ ਦੇ ਸਭ ਤੋਂ ਗੌਰਵਸ਼ਾਲੀ ਅਧਿਆਇ ਵਿੱਚੋਂ
ਇੱਕ ਮੰਨੀ ਜਾਂਦੀ ਹੈ।