Friday, May 1Malwa News
Shadow

ਅੰਤਿਮ ਛੋਰ ਵਿੱਚ ਖੜ੍ਹੇ ਵਿਅਕਤੀ ਤੱਕ ਸੁਸ਼ਾਸਨ ਦਾ ਲਾਭ ਪਹੁੰਚਾਉਣਾ ਹੀ ਸਾਡਾ ਸੰਕਲਪ – ਕੇਂਦਰੀ ਮੰਤਰੀ ਮਨੋਹਰ ਲਾਲ

ਚੰਡੀਗੜ੍ਹ, 1 ਮਈ – ਕੇਂਦਰੀ ਊਰਜਾ, ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕਰਨਾਲ ਦੌਰੇ ਦੌਰਾਨ ਪੇਂਡੂ ਵਿਕਾਸ ਨੂੰ ਹੁਲਾਰਾ ਦੇਣ ਲਈ ਪਾਇਲਟ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ 40 ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਤ ਕਰਨ ਦੇ ਉਦੇਸ਼ ਨਾਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ, ਸਰਪੰਚਾਂ ਅਤੇ ਪਿੰਡ ਦੇ ਮਾਣਯੋਗ ਵਿਅਕਤੀਆਂ ਨਾਲ ਵੱਖ-ਵੱਖ 3 ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਅਤੇ ਜਨ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਵਿਸਥਾਰ ਮੁਲਾਂਕਣ ਕੀਤਾ ਅਤੇ ਪੰਚਾਇਤਾਂ ਦੀ ਆਮਦਨ ਦੇ ਸਰੋਤ ਵਧਾਉਣ ‘ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਨੇ ਜਿਨ੍ਹਾਂ ਗ੍ਰਾਮ ਪੰਚਾਇਤਾਂ ਕੋਲ ਵਿਕਾਸ ਕਾਰਜਾਂ ਲਈ ਜਗ੍ਹਾ ਉਪਲਬਧ ਨਹੀਂ ਹੈ, ਉਨ੍ਹਾਂ ਨੂੰ ਵੀ ਸਾਲਾਨਾ ਬਜਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਭਰੋਸਾ ਦਿੱਤਾ ਕਿ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਬਜਟ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਕੇਂਦਰ ਅਤੇ ਰਾਜ ਸਰਕਾਰ ਤੋਂ ਇਲਾਵਾ ਸੰਸਦ ਮੈਂਬਰ ਫੰਡ, ਵਿਧਾਇਕ ਫੰਡ ਅਤੇ ਸੀ.ਐਸ.ਆਰ. ਫੰਡ ਵੀ ਉਪਲਬਧ ਕਰਵਾਏ ਜਾਣਗੇ, ਤਾਂ ਜੋ ਪਿੰਡ ਵਾਸੀਆਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਸਰਪੰਚਾਂ ਅਤੇ ਪਿੰਡ ਦੇ ਮਾਣਯੋਗ ਵਿਅਕਤੀਆਂ ਨਾਲ ਵੱਖ-ਵੱਖ ਮੀਟਿੰਗਾਂ ਕਰਨ ਬਾਅਦ ਮੀਡੀਆ ਨਾਲ ਮੁਖ਼ਾਤਬ ਹੋ ਰਹੇ ਸਨ।

ਉਨ੍ਹਾਂ ਦੱਸਿਆ ਕਿ ਵਿਕਾਸ ਯੋਜਨਾਵਾਂ ਨੂੰ ਪ੍ਰਭਾਵੀ, ਪਾਰਦਰਸ਼ੀ ਅਤੇ ਸਮੇਂ ਸਿਰ ਲਾਗੂ ਕਰਨ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਮੀਖਿਆ ਮੀਟਿੰਗ ਵਿੱਚ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਅਤੇ ਜਿਹੜੇ ਕੰਮ ਸ਼ੁਰੂ ਨਹੀਂ ਹੋਏ, ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਲਈ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ 40 ਪਿੰਡਾਂ ਤੋਂ ਬਾਅਦ ਜ਼ਿਲ੍ਹੇ ਦੀਆਂ ਸਾਰੀਆਂ 395 ਗ੍ਰਾਮ ਪੰਚਾਇਤਾਂ ਵਿੱਚ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਤ ਭਾਰਤ – ਵਿਕਸਤ ਹਰਿਆਣਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਅਸੀਂ ਸਾਰੇ ਮਿਲ ਕੇ ਲਗਾਤਾਰ ਕੰਮ ਕਰ ਰਹੇ ਹਾਂ। ਕੋਈ ਵੀ ਯੋਗ ਵਿਅਕਤੀ ਸ਼ਾਸਨ ਦੀ ਸਕੀਮ ਤੋਂ ਵਾਂਝਾ ਨਾ ਰਹੇ, ਅੰਤਿਮ ਛੋਰ ਵਿੱਚ ਖੜ੍ਹੇ ਵਿਅਕਤੀ ਤੱਕ ਸੁਸ਼ਾਸਨ ਦਾ ਲਾਭ ਪਹੁੰਚੇ, ਇਹੀ ਸਾਡਾ ਸੰਕਲਪ ਹੈ।

ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਚੁਣੇ ਗਏ 40 ਪਿੰਡਾਂ ਵਿੱਚ ਮੁੱਖ ਤੌਰ ‘ਤੇ ਗ੍ਰਾਮ ਸਕੱਤਰੇਤ, ਵਿਆਯਾਮਸ਼ਾਲਾ, ਸ਼ਿਵਧਾਮ, ਫਿਰਨੀ, ਸਟ੍ਰੀਟ ਲਾਈਟ, ਸਕੂਲ ਅਤੇ ਈ-ਲਾਈਬ੍ਰੇਰੀ, ਤਾਲਾਬ, ਸੀਵਰੇਜ ਆਦਿ ਨੂੰ ਪ੍ਰਾਥਮਿਕਤਾ ਅਧਾਰ ‘ਤੇ ਦਰੁਸਤ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਸਾਰੇ ਕੰਮ ਜਮੀਨੀ ਪੱਧਰ ‘ਤੇ ਨਜ਼ਰ ਆਉਣ ਅਤੇ ਲੋਕਾਂ ਨੂੰ ਸਹੂਲਤਾਂ ਦਾ ਲਾਭ ਮਿਲੇ। ਉਨ੍ਹਾਂ ਕਿਹਾ ਕਿ ਜੋ ਵਿਕਾਸ ਕਾਰਜ ਹੋ ਚੁੱਕੇ ਹਨ ਉਨ੍ਹਾਂ ਦੀ ਨਿਗਰਾਨੀ ਵੀ ਰੱਖੀ ਜਾਵੇ ਅਤੇ ਸਮੇਂ ਸਿਰ ਮੁਰੰਮਤ ਯਕੀਨੀ ਬਣਾਈ ਜਾਵੇ।

ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸੰਜੇ ਭਾਟੀਆ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਨੀਲੋਖੇੜੀ ਦੇ ਵਿਧਾਇਕ ਸ੍ਰੀ ਭਗਵਾਨ ਦਾਸ ਕਬੀਰਪੰਥੀ, ਕਰਨਾਲ ਦੇ ਵਿਧਾਇਕ ਸ੍ਰੀ ਜਗਮੋਹਨ ਆਨੰਦ, ਅਸੰਧ ਦੇ ਵਿਧਾਇਕ ਸ੍ਰੀ ਯੋਗਿੰਦਰ ਰਾਣਾ, ਡੀ.ਸੀ. ਡਾ. ਆਨੰਦ ਕੁਮਾਰ ਸ਼ਰਮਾ, ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ ਅਮਿਤ ਕੁਮਾਰ ਤੋਂ ਇਲਾਵਾ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।