
ਚੰਡੀਗੜ੍ਹ, 29 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਜ਼ਨ 2047 ਤਹਿਤ ਸੇਵਾ, ਪੁਲਿਸ ਅਤੇ ਜੇਲ੍ਹ ਵਿਭਾਗ ਵੱਲੋਂ ਬਣਾਏ ਗਏ ਸ਼ਾਰਟ ਟਰਮ ਐਕਸ਼ਨ ਪਲਾਨ ਰੋਡਮੈਪ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਇਸ ਵਿੱਚ ਹੋਰ ਸੁਧਾਰ ਕਰਨ ਦੇ ਸੁਝਾਅ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਜ਼ਨ 2047 ਵਿੱਚ ਸਾਈਬਰ ਕ੍ਰਾਈਮ ਨੂੰ ਪੂਰੀ ਤਰ੍ਹਾਂ ਰੋਕਣ ਲਈ ਵਿਆਪਕ ਪੱਧਰ ‘ਤੇ ਕੰਮ ਕੀਤਾ ਜਾਵੇਗਾ। ਰਾਤ ਦੇ ਸਮੇਂ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਘਰ ਤੱਕ ਛੱਡਣ ਦੇ ਕੰਮ ਲਈ ਯੋਜਨਾ ਬਣਾਈ ਜਾਵੇ। ਇਸ ਦੇ ਲਈ ਮਹਿਲਾਵਾਂ ਪੋਰਟਲ ਰਾਹੀਂ ਪੁਲਿਸ ਨੂੰ ਜਾਣੂ ਕਰਵਾਉਣਗੀਆਂ। ਅਪਰਾਧ ਨੂੰ ਨੱਥ ਪਾਉਣ ਅਤੇ ਅਪਰਾਧ ਦੀ ਦਰ ਘੱਟ ਕਰਨ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਡਾਇਲ 112 ਦੀ ਸਹੂਲਤ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਨਵੇਂ ਵਾਹਨ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਡਿਜੀਟਲ ਅਪਰਾਧ ਨੂੰ ਰੋਕਣ ਲਈ ਕ੍ਰਾਈਮ ਸੈਲ ਵਿੱਚ ਬੈਂਕ ਕਰਮਚਾਰੀ ਬੈਠਣਗੇ, ਜਦੋਂ ਵੀ ਉਨ੍ਹਾਂ ਕੋਲ ਅਪਰਾਧ ਦੀ ਕਾਲ ਆਉਂਦੀ ਹੈ ਤਾਂ ਸਬੰਧਤ ਬੈਂਕ ਖਾਤੇ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ ਜਿਸ ਨਾਲ ਅਪਰਾਧ ‘ਤੇ ਰੋਕ ਲੱਗੇਗੀ। ਬਾਲ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਵਿੱਚ ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਕੌਂਸਲਰ ਵੀ ਨਿਯੁਕਤ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਨਵੀਨਤਮ ਤਕਨੀਕ ਨਾਲ ਲੈਸ ਹੋਣਾ ਚਾਹੀਦਾ ਹੈ। ਪੁਲਿਸ ਨੇ ਜਨਤਾ ਦਾ ਮਿੱਤਰ ਬਣ ਕੇ ਕੰਮ ਕਰਨਾ ਹੈ, ਇਸ ਦੇ ਲਈ ਪੁਲਿਸ ਕਰਮਚਾਰੀਆਂ ਨੂੰ ਕੈਪੇਸਿਟੀ ਬਿਲਡਿੰਗ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਹਰ ਖੇਤਰ ਵਿੱਚ ਨਿਪੁੰਨ ਹੋ ਕੇ ਕੁਸ਼ਲਤਾ ਨਾਲ ਕੰਮ ਨਿਪਟਾ ਸਕਣ।
ਮੁੱਖ ਮੰਤਰੀ ਨੇ ਦੱਸਿਆ ਕਿ ਫਤਿਹਾਬਾਦ ਵਿੱਚ ਨਵੀਂ ਜੇਲ੍ਹ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਸ ਦਾ 40 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਤੋਂ ਬਾਅਦ ਪੰਚਕੂਲਾ ਵਿੱਚ ਵੀ ਜੇਲ੍ਹ ਕੰਪਲੈਕਸ ਬਣਾਇਆ ਜਾਵੇਗਾ। ਚਰਖੀ ਦਾਦਰੀ ਵਿੱਚ ਵੀ ਨਵੀਂ ਜੇਲ੍ਹ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਵੋਕੇਸ਼ਨਲ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਅਪਰਾਧੀ ਬਾਹਰ ਨਿਕਲਣ ਤੋਂ ਬਾਅਦ ਆਸਾਨੀ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।
ਗਰੀਬੀ ਦੂਰ ਕਰਨ ਲਈ ਸਿੱਖਿਆ ਅਤੇ ਸਿਹਤ ‘ਤੇ ਕੀਤਾ ਜਾਵੇਗਾ ਬਿਹਤਰ ਕੰਮ
ਮੁੱਖ ਮੰਤਰੀ ਨੇ ਸੇਵਾ ਵਿਭਾਗ ਦੇ ਰੋਡਮੈਪ ਦੀ ਸਮੀਖਿਆ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਸਮਾਜਿਕ ਨਿਆਂ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਲਈ ਸੋਸ਼ਲ ਪਰਫਾਰਮੈਂਸ ਨਾਲ ਜੋੜ ਕੇ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰੀਬੀ ਦੂਰ ਕਰਨ ਲਈ ਸਿੱਖਿਆ, ਸਿਹਤ, ਪੀਣ ਵਾਲੇ ਪਾਣੀ ਆਦਿ ‘ਤੇ ਬਿਹਤਰ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਅਤੇ ਪਿੰਡ ਬਣਾਉਣ ਲਈ ਸਕਾਰਾਤਮਕ ਦ੍ਰਿਸ਼ਟੀਕੋਣ ਨਾਲ ਕੰਮ ਕੀਤਾ ਜਾਵੇਗਾ। ਨਸ਼ਿਆਂ ਦੀ ਪ੍ਰਵਿਰਤੀ ਤੋਂ ਸੁਚੇਤ ਕਰਨ ਅਤੇ ਬਚਾਉਣ ਲਈ ਮਿਸ਼ਨ ਮੋਡ ‘ਤੇ ਮੁਹਿੰਮ ਚਲਾ ਕੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਜਾਵੇ। ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਤਕਨੀਕੀ ਅਤੇ ਉੱਦਮਤਾ ਵਾਲੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਕਾਬਲ ਬਣ ਕੇ ਆਤਮ-ਨਿਰਭਰ ਬਣ ਸਕਣ। ਔਰਤਾਂ ਨੂੰ ਡਰੋਨ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਐਸ.ਸੀ./ਬੀ.ਸੀ. ਸ਼੍ਰੇਣੀਆਂ ਲਈ ਫਰੀਦਾਬਾਦ ਅਤੇ ਰੋਹਤਕ ਵਿੱਚ 6 ਨਵੇਂ ਹੋਸਟਲ ਬਣਾਏ ਜਾਣਗੇ ਅਤੇ ਸੀਨੀਅਰ ਸਿਟੀਜ਼ਨਾਂ ਲਈ ਸਿਟੀਜ਼ਨ ਕਲੱਬ ਬਣਾਏ ਜਾਣਗੇ। ਇਸ ਤਰ੍ਹਾਂ ਸਮਾਜਿਕ ਸੰਕਲਪ ‘ਤੇ ਵਿਆਪਕ ਪੱਧਰ ‘ਤੇ ਕੰਮ ਕੀਤਾ ਜਾਵੇਗਾ। ਜੇਕਰ ਸਮਾਜਿਕ ਤਰੱਕੀ ਦਾ ਪੈਮਾਨਾ ਬਿਹਤਰ ਹੋਵੇਗਾ ਤਾਂ ਸਮਾਜ ਅਤੇ ਦੇਸ਼ ਦਾ ਵਿਕਾਸ ਹੋਵੇਗਾ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਜੀ. ਅਨੂਪਮਾ, ਅਨੁਰਾਗ ਅਗਰਵਾਲ, ਡੀ.ਜੀ.ਪੀ ਅਜੈ ਸਿੰਘਲ, ਆਲੋਕ ਮਿੱਤਲ, ਪ੍ਰਧਾਨ ਸਕੱਤਰ ਵਿਜੇ ਦਹੀਆ, ਮੁੱਖ ਮੰਤਰੀ ਦੇ ਓ.ਐਸ.ਡੀ ਰਾਜ ਨਹਿਰੂ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।