Thursday, April 23Malwa News
Shadow

ਪੂਰੇ ਰਾਜ ਵਿੱਚ ਪਹੁੰਚ, ਬਿਮਾਰੀ ਦਾ ਜਲਦੀ ਪਤਾ ਲਗਾਉਣਾ ਅਤੇ 70 ਉਮਰ ਵਰਗ ਦੇ ਨਾਗਰਿਕਾਂ ਤੱਕ ਵਿਸਤਾਰ, ਨਿਵਾਰਕ ਸਿਹਤ ਸੇਵਾ ਵਿੱਚ ਇੱਕ ਵੱਡਾ ਕਦਮ – ਡਾ. ਸੁਮਿਤਾ ਮਿਸ਼ਰਾ

ਚੰਡੀਗੜ੍ਹ, 23 ਅਪ੍ਰੈਲ – ਹਰਿਆਣਾ ਸਰਕਾਰ ਦੇ ਪ੍ਰਮੁੱਖ ਨਿਵਾਰਕ ਸਿਹਤ ਪ੍ਰੋਗਰਾਮ ‘ਨਿਰੋਗੀ ਹਰਿਆਣਾ’ ਨੇ ਇੱਕ ਮਹੱਤਵਪੂਰਨ ਉੱਪਲਬਧੀ ਹਾਸਲ ਕੀਤੀ ਹੈ। ਇਸ ਯੋਜਨਾ ਤਹਿਤ ਹੁਣ ਤੱਕ ਇੱਕ ਕਰੋੜ ਤੋਂ ਵੱਧ ਲੋਕਾਂ ਦੀ ਸਿਹਤ ਜਾਂਚ (ਸਕ੍ਰੀਨਿੰਗ) ਕੀਤੀ ਜਾ ਚੁੱਕੀ ਹੈ, ਜਦਕਿ 5.86 ਕਰੋੜ ਤੋਂ ਵੱਧ ਲੈਬ ਟੈਸਟ ਮੁਫ਼ਤ ਕੀਤੇ ਗਏ ਹਨ। ਇਸ ਨਾਲ ਰਾਜ ਵਿੱਚ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਿਆਪਕ ਮਜ਼ਬੂਤੀ ਮਿਲੀ ਹੈ।

ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਇਹ ਗੱਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਕਹੀ।

ਉਨ੍ਹਾਂ ਦੱਸਿਆ ਕਿ 21 ਅਪ੍ਰੈਲ, 2026 ਤੱਕ ਇਸ ਯੋਜਨਾ ਦੇ ਅਧੀਨ ਅੰਤੋਦਿਆ ਪਰਿਵਾਰਾਂ ਦੇ 1,00,07,430 ਲਾਭਕਾਰਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਸ਼ੁਰੂ ਕੀਤੀ ਗਈ ਇਸ ਪਹਿਲ ਤਹਿਤ 5,86,60,875 ਮੁਫ਼ਤ ਲੈਬ ਟੈਸਟ ਕੀਤੇ ਗਏ ਹਨ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦਾ ਹੋਣ ਵਾਲਾ ਖਰਚਾ ਘਟਿਆ ਹੈ।

ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਇਹ ਯੋਜਨਾ ਉਨ੍ਹਾਂ ਪਰਿਵਾਰਾਂ ਲਈ ਲਾਗੂ ਕੀਤੀ ਗਈ ਸੀ, ਜਿਨ੍ਹਾਂ ਦੀ ਸਾਲਾਨਾ ਆਮਦਨ 1.8 ਲੱਖ ਰੁਪਏ ਤੱਕ ਸੀ। ਹੁਣ ਇਸ ਦਾ ਵਿਸਤਾਰ ਕਰਕੇ 3 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਬਦਲਾਅ ਨਾਲ ਲਾਭਕਾਰਾਂ ਦੀ ਗਿਣਤੀ 1.59 ਕਰੋੜ ਤੋਂ ਵਧ ਕੇ ਲਗਭਗ 2.30 ਕਰੋੜ ਹੋ ਗਈ ਹੈ। ਤੀਜੇ ਪੜਾਅ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ 70 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ, ਚਾਹੇ ਉਨ੍ਹਾਂ ਦੀ ਆਮਦਨ ਕਿੰਨੀ ਵੀ ਹੋਵੇ, ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਕਦਮ ਬਜ਼ੁਰਗਾਂ ਦੀ ਸਿਹਤ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਮੰਨਿਆ ਜਾ ਰਿਹਾ ਹੈ।

ਡਾ. ਮਿਸ਼ਰਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਹੁਣ ਕੇਵਲ ਹਸਪਤਾਲਾਂ ਤੱਕ ਸੀਮਤ ਨਹੀਂ ਹੈ, ਸਗੋਂ ਲੋਕਾਂ ਦੇ ਘਰ-ਘਰ ਤੱਕ ਪਹੁੰਚ ਬਣਾ ਰਿਹਾ ਹੈ। ਇਸ ਦੇ ਤਹਿਤ 1,11,116 ਆਊਟਰੀਚ ਕੈਂਪ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ 38.63 ਲੱਖ ਤੋਂ ਵੱਧ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ। ਮੋਬਾਈਲ ਮੈਡੀਕਲ ਯੂਨਿਟਾਂ ਰਾਹੀਂ 12,579 ਕੈਂਪ ਲਗਾ ਕੇ ਲਗਭਗ 2.8 ਲੱਖ ਲੋਕਾਂ ਤੱਕ ਸੇਵਾਵਾਂ ਪਹੁੰਚਾਈਆਂ ਗਈਆਂ। ਨਾਲ ਹੀ, 25,907 ਆਂਗਣਵਾੜੀਆਂ, 14,316 ਸਕੂਲਾਂ ਅਤੇ 13,034 ਉਦਯੋਗਿਕ ਅਤੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਵੀ ਸਕ੍ਰੀਨਿੰਗ ਕੀਤੀ ਗਈ ਹੈ, ਤਾਂ ਜੋ ਸਾਰੇ ਉਮਰ ਵਰਗਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ।

ਉਨ੍ਹਾਂ ਦੱਸਿਆ ਕਿ ‘ਨਿਰੋਗੀ ਹਰਿਆਣਾ’ ਪ੍ਰੋਗਰਾਮ ਉਮਰ ਵਰਗ ਅਨੁਸਾਰ ਵਿਸ਼ੇਸ਼ ਸਿਹਤ ਜਾਂਚ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਸ ਵਿੱਚ ਸਰੀਰਕ ਜਾਂਚ, ਜ਼ਰੂਰੀ ਸੰਕੇਤਾਂ ਦੀ ਨਿਗਰਾਨੀ, ਲੈਬ ਜਾਂਚ, ਬੀਮਾਰੀਆਂ ਦੀ ਪਛਾਣ, ਇਲਾਜ ਅਤੇ ਲੋੜ ਅਨੁਸਾਰ ਉੱਚ ਸੰਸਥਾਵਾਂ ਵਿੱਚ ਰੈਫਰਲ ਵਰਗੀਆਂ ਸੇਵਾਵਾਂ ਸ਼ਾਮਲ ਹਨ। ਇਹ ਪ੍ਰੋਗਰਾਮ ਐਨੀਮੀਆ, ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਕੈਂਸਰ ਅਤੇ ਜਨਮਜਾਤ ਵਿਕਾਰਾਂ ਵਰਗੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਯਕੀਨੀ ਬਣਾਉਂਦਾ ਹੈ।

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਇਸ ਰਾਹੀਂ ਕਈ ਗੰਭੀਰ ਬਿਮਾਰੀਆਂ ਦਾ ਸ਼ੁਰੂਆਤੀ ਪੜਾਅ ਵਿੱਚ ਹੀ ਪਤਾ ਲੱਗ ਸਕਿਆ ਹੈ। ਕੈਂਸਰ, ਦਿਲ ਦੇ ਰੋਗ, ਦਿਮਾਗੀ ਪ੍ਰਣਾਲੀ ਨਾਲ ਸਬੰਧਤ ਦੁਰਲੱਭ ਬਿਮਾਰੀਆਂ ਅਤੇ ਗੰਭੀਰ ਐਨੀਮੀਆ ਤੋਂ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਉੱਚ ਪੱਧਰੀ ਮੈਡੀਕਲ ਸੰਸਥਾਵਾਂ ਵਿੱਚ ਭੇਜ ਕੇ ਇਲਾਜ ਮੁਹੱਈਆ ਕਰਵਾਇਆ ਗਿਆ, ਜਿਸ ਨਾਲ ਕਈ ਜਾਨਾਂ ਬਚਾਉਣ ਵਿੱਚ ਮਦਦ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਸਾਲ 2026-27 ਦੇ ਬਜਟ ਵਿੱਚ ਕੀਤੀ ਗਈ ਘੋਸ਼ਣਾ ਅਨੁਸਾਰ, ਹੁਣ ਇਹ ਪ੍ਰੋਗਰਾਮ 70 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਕਵਰ ਕਰੇਗਾ, ਚਾਹੇ ਉਨ੍ਹਾਂ ਦੀ ਆਮਦਨ ਕਿੰਨੀ ਵੀ ਹੋਵੇ। ਇਸ ਕਦਮ ਨਾਲ ਬਜ਼ੁਰਗ ਨਾਗਰਿਕਾਂ ਨੂੰ ਸੁਰੱਖਿਆ ਦਾ ਇੱਕ ਵੱਡਾ ਸਹਾਰਾ ਮਿਲੇਗਾ। ਇਸ ਯੋਜਨਾ ਤਹਿਤ ਹੁਣ ਤੱਕ ਕੁੱਲ 8,69,966 ਬੀਮਾਰੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਐਨੀਮੀਆ ਦੇ 2,99,090, ਹਾਈ ਬਲੱਡ ਪ੍ਰੈਸ਼ਰ ਦੇ 1,33,528, ਡਾਇਬੀਟੀਜ਼ ਦੇ 1,05,238, ਦਿਲ ਦੇ ਰੋਗ ਦੇ 6,410, ਕੈਂਸਰ ਦੇ 1,257 ਅਤੇ ਟੀਬੀ ਦੇ 3,518 ਮਾਮਲੇ ਸ਼ਾਮਲ ਹਨ।

ਇਹ ਪਹਿਲ ਸ਼ੁਰੂਆਤੀ 32 ਸਥਾਨਾਂ ਤੋਂ ਵਧ ਕੇ ਹੁਣ ਪੂਰੇ ਰਾਜ ਵਿੱਚ 2,000 ਤੋਂ ਵੱਧ ਸਿਹਤ ਕੇਂਦਰਾਂ ਤੱਕ ਫੈਲ ਚੁੱਕੀ ਹੈ। ਇਸ ਪ੍ਰੋਗਰਾਮ ਦੇ ਸਫਲਤਾਪੂਰਵਕ ਲਾਗੂਕਰਨ ਵਿੱਚ ਡਿਜੀਟਲ ਪਲੇਟਫਾਰਮ, ਮਜ਼ਬੂਤ ਲੈਬਾਰਟਰੀ ਨੈੱਟਵਰਕ, ਸਿਖਲਾਈ ਪ੍ਰਾਪਤ ਸਿਹਤ ਕਰਮਚਾਰੀਆਂ ਅਤੇ ਲਗਾਤਾਰ ਨਿਗਰਾਨੀ ਪ੍ਰਣਾਲੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਕਾਰਜਕੁਸ਼ਲਤਾ ਯਕੀਨੀ ਹੋ ਰਹੀ ਹੈ।