Saturday, April 18Malwa News
Shadow

ਮੁੱਖ ਮੰਤਰੀ ਨੇ ਰਾਜ ਵਿੱਚ ਉਸਾਰੀ ਅਧੀਨ ਵੱਡੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ, ਵਿਭਾਗਾਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ

ਚੰਡੀਗੜ੍ਹ, 18 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿੱਚ ਇੱਕ ਉੱਚ ਪੱਧਰੀ ‘ਪ੍ਰਗਤੀ’ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਰਾਜ ਭਰ ਵਿੱਚ ਚੱਲ ਰਹੇ 75 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਹਰੇਕ ਪ੍ਰੋਜੈਕਟ ਦਾ ਕੰਮ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੰਦੇ ਹੋਏ ਸਾਰੇ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ਼ਹਿਰੀ ਵਿਕਾਸ, ਸਿਹਤ ਬੁਨਿਆਦੀ ਢਾਂਚਾ, ਸੈਰ-ਸਪਾਟਾ, ਪੁਰਾਤੱਤਵ ਅਤੇ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਪ੍ਰਮੁੱਖ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲਿਆ।

ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਫਰੀਦਾਬਾਦ ਵਿੱਚ 217 ਕਰੋੜ ਰੁਪਏ ਦੀ ਮਾਸਟਰ ਜਲ ਸਪਲਾਈ ਯੋਜਨਾ, ਜਿਸ ਵਿੱਚ ਯਮੁਨਾ ਨਦੀ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ 12 ਰੈਨੀ ਵੈੱਲ (Rainy Wells) ਸਥਾਪਿਤ ਕੀਤੇ ਜਾ ਰਹੇ ਹਨ, 67 ਫੀਸਦੀ ਤੱਕ ਪੂਰੀ ਹੋ ਚੁੱਕੀ ਹੈ। ਦੋ ਰੈਨੀ ਵੈੱਲ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਥਾਵਾਂ ‘ਤੇ ਪੜਾਅਵਾਰ ਕੰਮ ਜਾਰੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੋਧੀ ਹੋਈ ਸਮਾਂ ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਪ੍ਰੋਜੈਕਟ ਦੇ ਸਾਰੇ ਹਿੱਸਿਆਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪਾਣੀ ਦੀ ਗੁਣਵੱਤਾ ਦੇ ਮਾਪਦੰਡਾਂ ‘ਤੇ ਵਿਸਤ੍ਰਿਤ ਜਾਣਕਾਰੀ ਵੀ ਮੰਗੀ ਅਤੇ ਕਿਹਾ ਕਿ ਇਹ ਪ੍ਰੋਜੈਕਟ ਸੁਰੱਖਿਅਤ ਅਤੇ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਸਾਬਤ ਹੋਵੇਗਾ, ਜਿਸ ਨਾਲ ਆਮ ਜਨਤਾ ਨੂੰ ਕਾਫੀ ਲਾਭ ਮਿਲੇਗਾ।

ਸੜਕੀ ਬੁਨਿਆਦੀ ਢਾਂਚੇ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਨੂੰ ਨਿਰਦੇਸ਼ ਦਿੱਤੇ ਕਿ ਉਹ ਰੇਵਾੜੀ ਵਿੱਚ ਬਾਈਪਾਸ ਰੋਡ ਤੋਂ ਨੈਸ਼ਨਲ ਹਾਈਵੇ-8 ਤੱਕ 120 ਮੀਟਰ ਚੌੜੀ ਸੜਕ ਦੇ ਨਿਰਮਾਣ ਕਾਰਜ (ਜੋ ਵਰਤਮਾਨ ਵਿੱਚ 65 ਫੀਸਦੀ ਮੁਕੰਮਲ ਹੈ) ਨੂੰ ਤੇਜ਼ੀ ਨਾਲ ਪੂਰਾ ਕਰਵਾਉਣ। ਅਧਿਕਾਰੀਆਂ ਨੇ ਦੱਸਿਆ ਕਿ ਪੰਚਕੂਲਾ ਵਿੱਚ ਪ੍ਰਸਤਾਵਿਤ ਵਿਸ਼ਵ ਪੱਧਰੀ ਸ਼ੂਟਿੰਗ ਰੇਂਜ ਦੀ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਟੈਂਡਰ ਅਲਾਟਮੈਂਟ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਦਾ ਕੰਮ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਭਿਵਾਨੀ ਵਿੱਚ ‘ਇੰਟੀਗ੍ਰੇਟਿਡ ਐਕਵਾ ਪਾਰਕ ਸੈਂਟਰ ਆਫ ਐਕਸੀਲੈਂਸ’ ਦੀ ਵੀ ਸਮੀਖਿਆ ਕੀਤੀ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਟੈਂਡਰ ਪ੍ਰਵਾਨਗੀ ਤੋਂ ਬਾਅਦ ਜਲਦੀ ਹੀ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ।

ਸਿਹਤ ਬੁਨਿਆਦੀ ਢਾਂਚੇ ਨੂੰ ਮੁੱਖ ਤਰਜੀਹ ਦਿੰਦੇ ਹੋਏ ਮੁੱਖ ਮੰਤਰੀ ਨੇ ਰਾਜ ਭਰ ਵਿੱਚ ਵੱਖ-ਵੱਖ ਸਿਹਤ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਨ੍ਹਾਂ ਵਿੱਚ ਫਤਿਹਾਬਾਦ ਵਿੱਚ 200 ਬਿਸਤਰਿਆਂ ਵਾਲਾ ਹਸਪਤਾਲ, ਟੋਹਾਣਾ ਵਿੱਚ 100 ਬਿਸਤਰਿਆਂ ਵਾਲਾ ਹਸਪਤਾਲ, ਗੁਰੂਗ੍ਰਾਮ ਦੇ ਸਿਵਲ ਹਸਪਤਾਲ ਨੂੰ 100 ਤੋਂ 200 ਬਿਸਤਰਿਆਂ ਤੱਕ ਅਪਗ੍ਰੇਡ ਕਰਨਾ ਅਤੇ ਅੰਬਾਲਾ ਕੈਂਟ ਵਿੱਚ ਕ੍ਰਿਟੀਕਲ ਕੇਅਰ ਬਲਾਕ ਦੀ ਸਥਾਪਨਾ ਸ਼ਾਮਲ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰੋਜੈਕਟਾਂ ਦੇ ਨਿਰਮਾਣ ਕਾਰਜਾਂ ਵਿੱਚ ਉਨ੍ਹਾਂ ਦੀ ਗੁਣਵੱਤਾ ਅਤੇ ਡਾਕਟਰੀ ਬੁਨਿਆਦੀ ਢਾਂਚੇ ਦੇ ਮਾਪਦੰਡਾਂ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕੀਤਾ ਜਾਵੇ।

ਮੁੱਖ ਮੰਤਰੀ ਨੇ ਇਸ ਦੌਰਾਨ ਸੱਭਿਆਚਾਰਕ ਖੇਤਰ ਵਿੱਚ ਪ੍ਰਮੁੱਖ ਵਿਰਾਸਤੀ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਵਿਸਤ੍ਰਿਤ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਰਾਖੀਗੜ੍ਹੀ ਸਾਈਟ ਮਿਊਜ਼ੀਅਮ ਲਗਭਗ ਪੂਰਾ ਹੋਣ ਦੇ ਨੇੜੇ ਹੈ, ਜਿਸ ਵਿੱਚ ਲਗਭਗ 80 ਫੀਸਦੀ ਸਿਵਲ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਹ ਜਲਦੀ ਹੀ ਉਦਘਾਟਨ ਲਈ ਤਿਆਰ ਹੋਵੇਗਾ। ਮੁੱਖ ਮੰਤਰੀ ਨੇ ਵਿਰਾਸਤ ਪ੍ਰਤੀ ਜਾਗਰੂਕਤਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਨਿਰਦੇਸ਼ ਦਿੱਤੇ ਕਿ ਅਜਿਹੀਆਂ ਥਾਵਾਂ ‘ਤੇ ਸਕੂਲੀ ਵਿਦਿਆਰਥੀਆਂ ਲਈ ਵਿਸ਼ੇਸ਼ ਵਿਦਿਅਕ ਦੌਰੇ ਆਯੋਜਿਤ ਕੀਤੇ ਜਾਣ ਤਾਂ ਜੋ ਉਹ ਰਾਜ ਦੀ ਅਮੀਰ ਇਤਿਹਾਸਕ ਵਿਰਾਸਤ ਨੂੰ ਪ੍ਰਤੱਖ ਰੂਪ ਵਿੱਚ ਸਮਝ ਸਕਣ ਅਤੇ ਭਾਰਤ ਦੀ ਪ੍ਰਾਚੀਨ ਸਭਿਅਤਾ ਪ੍ਰਤੀ ਡੂੰਘੀ ਸਮਝ ਵਿਕਸਿਤ ਕਰ ਸਕਣ।

ਸ੍ਰੀ ਨਾਇਬ ਸਿੰਘ ਸੈਣੀ ਨੇ ਸਿੱਖ ਅਜਾਇਬ ਘਰ ਅਤੇ ਗੁਰੂ ਰਵਿਦਾਸ ਭਵਨ ਅਤੇ ਅਜਾਇਬ ਘਰ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਸਾਰੀਆਂ ਲੰਬਿਤ ਪ੍ਰਬੰਧਕੀ ਪ੍ਰਵਾਨਗੀਆਂ ਜਲਦੀ ਮੁਕੰਮਲ ਕਰਨ, ਆਰਕੀਟੈਕਚਰਲ ਅਤੇ ਡਿਜ਼ਾਈਨ ਕਾਰਜਾਂ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਸਮਾਂ ਸੀਮਾ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਰਾਜ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਦਰਸਾਉਣ ਵਾਲੇ ਵਿਸ਼ਵ ਪੱਧਰੀ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਅਧੀਨ ਖਰੀਦ ਨਾਲ ਸਬੰਧਤ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ, ਜਿਸ ਵਿੱਚ ਫੋਮ ਟੈਂਡਰ ਅਤੇ ਹਾਈ-ਰਾਈਜ਼ ਟਰਨ ਟੇਬਲ ਲੈਡਰ ਸ਼ਾਮਲ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸਾਰੀਆਂ ਪ੍ਰਕਿਰਿਆਵਾਂ ਜਲਦੀ ਮੁਕੰਮਲ ਕਰਨ ਅਤੇ ਆਧੁਨਿਕ ਅਗਨੀਸ਼ਮਨ ਬੁਨਿਆਦੀ ਢਾਂਚਾ ਜਲਦੀ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਵਧੀਕ ਮੁੱਖ ਸਕੱਤਰ ਅਪੂਰਵ ਕੁਮਾਰ ਸਿੰਘ, ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਕਮਿਸ਼ਨਰ ਅਤੇ ਸਕੱਤਰ ਵਿਰਾਸਤ ਅਤੇ ਸੈਰ ਸਪਾਟਾ ਵਿਭਾਗ ਡਾ. ਅਮਿਤ ਕੁਮਾਰ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਸਨ।