Friday, April 17Malwa News
Shadow

ਯੁੱਧ ਨਸ਼ਿਆਂ ਵਿਰੁੱਧ; ਨਸ਼ਿਆਂ ਖਿਲਾਫ਼ ਜਾਗਰੂਕਤਾ ਦਾ ਸੁਨੇਹਾ ਦਿੰਦੀ ਸਵੇਰੇ 6 ਵਜੇ ਰਵਾਨਾ ਹੋਵੇਗੀ ਸਾਈਕਲੋਥਾਨ

ਜਲੰਧਰ, 17 ਅਪ੍ਰੈਲ : ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏ.ਪੀ.ਜੇ. ਸਕੂਲ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ‘ਸਾਈਕਲੋਥਾਨ 4.0’ 18 ਅਪ੍ਰੈਲ ਨੂੰ ਸਵੇਰੇ 6 ਵਜੇ ਰਵਾਨਾ ਹੋਵੇਗੀ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਅੱਜ ਸਾਈਕਲੋਥਾਨ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਸਾਈਕਲੋਥਾਨ ਦੇ ਰੂਟ ’ਤੇ ਸੁਚਾਰੂ ਟ੍ਰੈਫਿਕ ਵਿਵਸਥਾ, ਮੋੜਾਂ ’ਤੇ ਸਾਈਨੇਜ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਲੋੜੀਂਦੀਆਂ ਮੈਡੀਕਲ ਟੀਮਾਂ ਤੇ ਐਂਬੂਲੈਂਸ ਦੀ ਤਾਇਨਾਤੀ ਆਦਿ ਸਮੇਤ ਹੋਰ ਲੋੜੀਂਦੇ ਇੰਤਜ਼ਾਮ ਪੁਖ਼ਤਾ ਹੋਣੇ ਚਾਹੀਦੇ ਹਨ, ਤਾਂ ਜੋ ਸਾਈਕਲੋਥਾਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਕੋਈ ਅਸੁਵਿਧਾ ਨਾ ਹੋਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੇਜਦੀਪ ਸਿੰਘ ਸੈਣੀ ਵੀ ਮੌਜੂਦ ਸਨ। 

ਸ਼੍ਰੀ ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਇਹ ਉਪਰਾਲਾ ਕੀਤਾ ਗਿਆ ਹੈ। ਰਾਜ ਸਰਕਾਰ ਦੀ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਮਾਜ ਦੇ ਹਰ ਵਰਗ ਦੀ ਸਰਗਰਮ ਭਾਗੀਦਾਰੀ ਨਾਲ ਨਸ਼ਿਆਂ ਖਿਲਾਫ਼ ਇਕ ਮਜ਼ਬੂਤ ਲੋਕ ਲਹਿਰ ਉਸਾਰਨਾ ਅਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਿਤ ਕਰਨਾ ਹੈ। 

ਉਨ੍ਹਾਂ ਨਸ਼ਿਆਂ ਖਿਲਾਫ਼ ਇਕਜੁੱਟਤਾ ਦਾ ਸੱਦਾ ਦਿੰਦਿਆਂ ਜਲੰਧਰ ਵਾਸੀਆਂ ਨੂੰ ਸਾਈਕਲੋਥਾਨ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਈਕਲੋਥਾਨ ਤਿੰਨ ਸ਼੍ਰੇਣੀਆਂ 5 ਕਿਲੋਮੀਟਰ, 10 ਕਿਲੋਮੀਟਰ ਅਤੇ 21 ਕਿਲੋਮੀਟਰ ਵਿੱਚ ਕਰਵਾਈ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਸਥਾਨਕ ਏ.ਪੀ.ਜੇ. ਸਕੂਲ, ਮਾਡਲ ਟਾਊਨ (ਗੀਤਾ ਮੰਦਰ ਦੇ ਨੇੜੇ) ਤੋਂ ਸਵੇਰੇ 6 ਹੋਵੇਗੀ। ਸਮਾਗਮ ਦੌਰਾਨ ਨਸ਼ਿਆਂ ਖਿਲਾਫ਼ ਸਹੁੰ ਵੀ ਚੁਕਾਈ ਜਾਵੇਗੀ।

21 ਕਿਲੋਮੀਟਰ ਸਾਈਕਲੋਥਾਨ ਏ.ਪੀ.ਜੇ. ਸਕੂਲ ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਗੀਤਾ ਮੰਦਿਰ, ਈ.ਡੀ. ਦਫ਼ਤਰ, ਬਿੱਟੂ ਪਰਦੇਸੀ, ਸ਼ਹੀਦ ਮੇਜਰ ਕਪਿਲ ਵਿਨਾਇਕ ਚੌਕ, ਤਾਜ ਫਾਸਟ ਫੂਡ (ਅਰਬਨ ਇਸਟੇਟ-2), ਹਵੇਲੀ-ਕਿਊਰੋ ਰੋਡ, ਵਾਈਟ ਡਾਇਮੰਡ, ਸੀ.ਟੀ. ਸ਼ਾਹਪੁਰ ਕੈਂਪਸ ਤੋਂ ਵਾਪਸ ਏ.ਪੀ.ਜੇ. ਸਕੂਲ ਵਿਖੇ ਸਮਾਪਤ ਹੋਵੇਗੀ। ਇਸੇ ਤਰ੍ਹਾਂ 10 ਕਿਲੋਮੀਟਰ ਸਾਈਕਲੋਥਾਨ ਉਕਤ ਰੂਟ ‘ਤੇ ਵਾਈਟ ਡਾਇਮੰਡ ਤੋਂ ਵਾਪਸ ਮੁੜ ਕੇ ਏ.ਪੀ.ਜੇ. ਸਕੂਲ ਵਿਖੇ ਸਮਾਪਤ ਹੋਵੇਗੀ। ਜਦਕਿ 5 ਕਿਲੋਮੀਟਰ ਸਾਈਕਲੋਥਾਨ ਵੀ ਇਸੇ ਰੂਟ ‘ਤੇ ਤਾਜ ਫਾਸਟ ਫੂਡ ਤੋਂ ਵਾਪਸ ਮੁੜ ਕੇ ਏ.ਪੀ.ਜੇ. ਸਕੂਲ ਵਿਖੇ ਸਮਾਪਤ ਹੋਵੇਗੀ। 

ਮੀਟਿੰਗ ਵਿੱਚ ਐਸ.ਡੀ.ਐਮ. ਨਵਦੀਪ ਸਿੰਘ ਤੇ ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਏ.ਪੀ.ਜੇ. ਸਕੂਲ ਦੇ ਪ੍ਰਿੰ.  ਡਾ. ਰਾਜੇਸ਼ ਚੰਦੇਲ, ਸਕੱਤਰ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਵੀ ਮੌਜੂਦ ਸਨ।