
ਚੰਡੀਗੜ੍ਹ, 11 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਮਹਾਤਮਾ ਜੋਤੀਬਾ ਫੂਲੇ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਸੂਬੇ ਨੂੰ ਸਿੱਖਿਅਤ, ਸਿਹਤਮੰਦ, ਸੁਰੱਖਿਅਤ ਅਤੇ ਸਵਾਵਲੰਬੀ ਬਣਾਉਣ ਲਈ ਵਚਨਬੱਧ ਹੈ। ਮਹਾਤਮਾ ਜੋਤੀਬਾ ਫੂਲੇ ਦਾ ਜੀਵਨ ਅਤੇ ਉਨ੍ਹਾਂ ਦੇ ਵਿਚਾਰ ਸਾਡੇ ਲਈ ਮਾਰਗਦਰਸ਼ਕ ਹਨ। ਸਾਨੂੰ ਉਨ੍ਹਾਂ ਦੇ ਦੱਸੇ ਰਸਤੇ ‘ਤੇ ਚੱਲ ਕੇ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਹੈ, ਜੋ ਸਮਾਨਤਾ, ਨਿਆਂ ਅਤੇ ਭਾਈਚਾਰੇ ‘ਤੇ ਅਧਾਰਤ ਹੋਵੇ।
ਮੁੱਖ ਮੰਤਰੀ ਸ਼ਨੀਵਾਰ ਨੂੰ ਕੁਰੂਕਸ਼ੇਤਰ ਦੇ ਬਾਬੈਨ ਵਿੱਚ ਸੈਣੀ ਸਭਾ, ਕੁਰੂਕਸ਼ੇਤਰ ਵੱਲੋਂ ਆਯੋਜਿਤ ਮਹਾਤਮਾ ਜੋਤੀਬਾ ਫੂਲੇ ਜਯੰਤੀ ਸਮਾਰੋਹ ਅਤੇ ਸਾਵਿਤਰੀਬਾਈ ਜੋਤੀਬਾ ਫੂਲੇ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਨੀਂਹ ਪੱਥਰ ਰੱਖਣ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਸਨ। ਇਸ ਦੌਰਾਨ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਪ੍ਰੋਗਰਾਮ ਦੌਰਾਨ ਸੰਸਥਾ ਵੱਲੋਂ ਰੱਖੀ ਸਾਵਿਤਰੀਬਾਈ ਜੋਤੀਬਾ ਫੂਲੇ ਕਾਲਜ ਆਫ ਨਰਸਿੰਗ ਖੋਲ੍ਹੇ ਜਾਣ ਦੀ ਮੰਗ ਨੂੰ ਪੂਰਾ ਕਰਨ ਅਤੇ ਸਵੈ-ਇੱਛੁਕ ਕੋਸ਼ ਵਿੱਚੋਂ 51 ਲੱਖ ਰੁਪਏ ਸੰਸਥਾ ਨੂੰ ਦੇਣ ਦਾ ਐਲਾਨ ਵੀ ਕੀਤਾ। ਨਾਲ ਹੀ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਨਾਗਰਿਕਾਂ ਦੀ ਸਹੂਲਤ ਲਈ ਮਥਾਣਾ-ਬਾਬੈਨ ਮਾਰਗ ਨੂੰ 13.38 ਕਰੋੜ ਦੀ ਲਾਗਤ ਨਾਲ 7 ਮੀਟਰ ਚੌੜਾ ਕਰਨ ਦਾ ਐਲਾਨ ਵੀ ਕੀਤਾ। ਪ੍ਰੋਗਰਾਮ ਦੇ ਆਯੋਜਕ ਅਤੇ ਸੈਣੀ ਸਭਾ ਕੁਰੂਕਸ਼ੇਤਰ ਦੇ ਪ੍ਰਧਾਨ ਸ਼੍ਰੀ ਗੁਰਨਾਮ ਸਿੰਘ ਸੈਣੀ ਨੇ ਇਨ੍ਹਾਂ ਮੰਗਾਂ ਤੋਂ ਇਲਾਵਾ ਜੋ ਮੁੱਖ ਮੰਤਰੀ ਅੱਗੇ ਮੰਗ ਪੱਤਰ ਰੱਖਿਆ, ਉਨ੍ਹਾਂ ਨੂੰ ਵੀ ਪੂਰਾ ਕਰਨ ਦਾ ਭਰੋਸਾ ਮੁੱਖ ਮੰਤਰੀ ਨੇ ਦਿੱਤਾ। ਉੱਥੇ ਹੀ, ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਖੁਦ ਅਤੇ ਕੈਬਨਿਟ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ ਵੱਲੋਂ 11-11 ਲੱਖ ਰੁਪਏ ਸੰਸਥਾ ਨੂੰ ਦੇਣ ਦਾ ਐਲਾਨ ਕੀਤਾ।
ਪ੍ਰੋਗਰਾਮ ਵਿੱਚ ਹਾਜ਼ਰ ਜਨਸਮੂਹ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਅਜਿਹੇ ਮਹਾਪੁਰਖ ਦੀ ਜਯੰਤੀ ਮਨਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਵਿਚਾਰਾਂ, ਆਪਣੇ ਸੰਘਰਸ਼ਾਂ ਅਤੇ ਆਪਣੇ ਕਰਮਾਂ ਨਾਲ ਭਾਰਤ ਦੇ ਸਮਾਜਿਕ ਇਤਿਹਾਸ ਨੂੰ ਨਵੀਂ ਦਿਸ਼ਾ ਦਿੱਤੀ। ਇਸ ਪਾਵਨ ਮੌਕੇ ‘ਤੇ ਮੈਂ ਮਹਾਤਮਾ ਜੋਤੀਬਾ ਫੂਲੇ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਇਹ ਰਾਜ ਪੱਧਰੀ ਸਮਾਰੋਹ ਸਮਾਜਿਕ ਜਾਗਰਣ, ਸਿੱਖਿਆ ਅਤੇ ਸਮਾਨਤਾ ਦੇ ਉਸ ਸੰਕਲਪ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਹੈ, ਜਿਸ ਨੂੰ ਮਹਾਤਮਾ ਫੂਲੇ ਜੀ ਨੇ ਆਪਣੇ ਜੀਵਨ ਦਾ ਉਦੇਸ਼ ਬਣਾਇਆ। ਅਜਿਹੇ ਮਹਾਪੁਰਖਾਂ, ਸੰਤਾਂ ਅਤੇ ਮਹਾਤਮਾਵਾਂ ਦੇ ਸੰਦੇਸ਼ ਨੂੰ ਨਵੀਂਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਸਰਕਾਰ ਉਨ੍ਹਾਂ ਦੀ ਜਯੰਤੀ ਰਾਜ ਪੱਧਰ ‘ਤੇ ਮਨਾਉਂਦੀ ਹੈ। ਇਸ ਦੇ ਲਈ ਸਰਕਾਰ ਨੇ ‘ਸੰਤ-ਮਹਾਪੁਰਖ ਵਿਚਾਰ ਪ੍ਰਸਾਰ ਅਤੇ ਸਨਮਾਨ ਯੋਜਨਾ’ ਚਲਾਈ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮਹਾਤਮਾ ਜੋਤੀਬਾ ਫੂਲੇ ਗਰੁੱਪ ਆਫ ਇੰਸਟੀਚਿਊਸ਼ਨਜ਼ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਸਿੱਖਿਆ ਰਾਹੀਂ ਸਮਾਜ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਜੋ ਸੁਪਨਾ ਮਹਾਤਮਾ ਫੂਲੇ ਨੇ ਦੇਖਿਆ ਸੀ, ਇਹ ਸੰਸਥਾ ਉਸੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ। ਇੱਥੋਂ ਨਿਕਲਣ ਵਾਲੇ ਵਿਦਿਆਰਥੀ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣ ਕੇ, ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਨੇ ਸੈਣੀ ਸਿੱਖਿਆ ਸਮਿਤੀ ਵੱਲੋਂ ਸਮਾਜ ਦੇ ਉਥਾਨ ਲਈ ਲਗਾਤਾਰ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਦਾ ਜੀਵਨ ਉਸ ਦੌਰ ਵਿੱਚ ਇੱਕ ਕ੍ਰਾਂਤੀ ਦੀ ਤਰ੍ਹਾਂ ਸੀ, ਜਦੋਂ ਸਾਡਾ ਦੇਸ਼ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ। ਉਸ ਸਮੇਂ ਸਮਾਜ ਵਿੱਚ ਕਈ ਕੁਰੀਤੀਆਂ, ਰੂੜ੍ਹੀਆਂ ਅਤੇ ਅੰਧ-ਵਿਸ਼ਵਾਸਾਂ ਦਾ ਪ੍ਰਚਲਣ ਸੀ। ਉਨ੍ਹਾਂ ਨੇ ਇਨ੍ਹਾਂ ਕੁਰੀਤੀਆਂ ਨੂੰ ਪਛਾਣਿਆ ਅਤੇ ਉਨ੍ਹਾਂ ਦੇ ਖਿਲਾਫ ਡਟ ਕੇ ਸੰਘਰਸ਼ ਕੀਤਾ। ਬਾਲ ਵਿਆਹ, ਛੂਤ-ਛਾਤ, ਜਾਤੀ ਵਿਤਕਰੇ ਅਤੇ ਮਹਿਲਾਵਾਂ ਦੀ ਅਨਪੜ੍ਹਤਾ ਵਰਗੇ ਮੁੱਦਿਆਂ ‘ਤੇ ਉਨ੍ਹਾਂ ਨੇ ਜੋ ਆਵਾਜ਼ ਚੁੱਕੀ, ਉਹ ਉਸ ਸਮੇਂ ਕਿਸੇ ਦਲੇਰਾਨਾ ਕ੍ਰਾਂਤੀ ਤੋਂ ਘੱਟ ਨਹੀਂ ਸੀ। ਉਨ੍ਹਾਂ ਨੇ ਆਪਣੇ ਕੰਮਾਂ ਨਾਲ ਇਹ ਸਿੱਧ ਕੀਤਾ ਕਿ ਸਮਾਜ ਵਿੱਚ ਬਦਲਾਅ ਸਿਰਫ ਵਿਚਾਰਾਂ ਨਾਲ ਨਹੀਂ ਆਉਂਦਾ, ਸਗੋਂ ਹਿੰਮਤ ਅਤੇ ਲਗਾਤਾਰ ਯਤਨਾਂ ਨਾਲ ਆਉਂਦਾ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਸਿੱਖਿਆ ਵਿੱਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਸਮਾਜ ਨੂੰ ਬਦਲਣਾ ਹੈ, ਤਾਂ ਸਭ ਤੋਂ ਪਹਿਲਾਂ ਸਿੱਖਿਆ ਦਾ ਪ੍ਰਕਾਸ਼ ਹਰ ਘਰ ਤੱਕ ਪਹੁੰਚਾਉਣਾ ਹੋਵੇਗਾ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਸ਼੍ਰੀਮਤੀ ਸਾਵਿਤਰੀਬਾਈ ਫੂਲੇ ਜੀ ਦੇ ਨਾਲ ਮਿਲ ਕੇ ਪੁਣੇ ਵਿੱਚ ਦੇਸ਼ ਦਾ ਪਹਿਲਾ ਬਾਲਿਕਾ ਸਕੂਲ ਸਥਾਪਿਤ ਕੀਤਾ। ਇਹ ਸਿਰਫ ਇੱਕ ਸਕੂਲ ਨਹੀਂ ਸੀ, ਸਗੋਂ ਇਹ ਉਸ ਸਮੇਂ ਦੇ ਸਮਾਜਿਕ ਹਨੇਰੇ ਦੇ ਖਿਲਾਫ ਜਲਾਇਆ ਗਿਆ ਇੱਕ ਦੀਪਕ ਸੀ। ਅੱਜ ਜਦੋਂ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਕੁਸ਼ਲ ਮਾਰਗਦਰਸ਼ਨ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੀਆਂ ਮੁਹਿੰਮਾਂ ਨੂੰ ਅੱਗੇ ਵਧਾ ਰਹੇ ਹਾਂ, ਤਾਂ ਇਹ ਮਹਾਤਮਾ ਫੂਲੇ ਜੀ ਦੇ ਉਸ ਵਿਚਾਰ ਦਾ ਹੀ ਵਿਸਥਾਰ ਹੈ।
ਸੈਣੀ ਸਮਾਜ ਦਾ ਗੌਰਵਮਈ ਇਤਿਹਾਸ
ਮੁੱਖ ਮੰਤਰੀ ਨੇ ਕਿਹਾ ਕਿ ਸੈਣੀ ਸਮਾਜ ਦਾ ਇਤਿਹਾਸ ਗੌਰਵਮਈ ਰਿਹਾ ਹੈ। ਇਸ ਸਮਾਜ ਨੇ ਹਮੇਸ਼ਾ ਮਿਹਨਤ, ਇਮਾਨਦਾਰੀ ਅਤੇ ਸੇਵਾ ਨੂੰ ਆਪਣਾ ਧਰਮ ਮੰਨਿਆ ਹੈ। ਖੇਤੀਬਾੜੀ, ਬਾਗਬਾਨੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਇਸ ਸਮਾਜ ਦਾ ਯੋਗਦਾਨ ਬੇਮਿਸਾਲ ਰਿਹਾ ਹੈ। ਮਹਾਤਮਾ ਜੋਤੀਬਾ ਫੂਲੇ ਅਤੇ ਸਾਵਿਤਰੀਬਾਈ ਫੂਲੇ ਵਰਗੀਆਂ ਮਹਾਨ ਸ਼ਖਸੀਅਤਾਂ ਇਸ ਸਮਾਜ ਦੀ ਵਿਰਾਸਤ ਹਨ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਦਿਸ਼ਾ ਦਿੱਤੀ। ਇਸੇ ਤਰ੍ਹਾਂ, ਸੰਤ ਸ਼੍ਰੀ ਲਖਮੀਦਾਸ ਜੀ, ਬੱਲਭਗੜ੍ਹ ਰਿਆਸਤ ਦੇ ਸੈਨਾਪਤੀ ਗੁਲਾਬ ਚੰਦ ਸੈਣੀ, ਬਿਹਾਰ ਵਿੱਚ ਸਮਾਜਿਕ ਕ੍ਰਾਂਤੀ ਦੇ ਸੂਤਰਧਾਰ ਬਾਬੂ ਜਗਦੇਵ ਪ੍ਰਸਾਦ ਕੁਸ਼ਵਾਹਾ ਵਰਗੇ ਸਮਾਜ ਸੇਵਕ, ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਕੁਸ਼ਵਾਹਾ ਵਰਗੇ ਖਿਡਾਰੀ ਅਤੇ ਚੰਡੀਗੜ੍ਹ ਸਥਿਤ ਰੌਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕ ਚੰਦ ਸੈਣੀ ਵਰਗੇ ਕਲਾਕਾਰ ਵੀ ਇਸੇ ਸਮਾਜ ਦੀ ਦੇਣ ਹਨ। ਸੁਤੰਤਰਤਾ ਅੰਦੋਲਨ ਵਿੱਚ ਵੀ ਸੈਣੀ ਸਮਾਜ ਦਾ ਵੱਡਾ ਯੋਗਦਾਨ ਰਿਹਾ ਹੈ। ਆਜ਼ਾਦ ਹਿੰਦ ਫੌਜ ਦੇ ਸਿਪਾਹੀ ਸਰਦਾਰ ਮਹਿੰਗਾ ਸਿੰਘ ਸੈਣੀ ਅਤੇ ਅਜੀਤ ਸਿੰਘ ਸੈਣੀ ਤੇ ਹਰਿ ਸਿੰਘ ਸੈਣੀ ਵਰਗੇ ਸੁਤੰਤਰਤਾ ਸੈਨਾਨੀ ਵੀ ਇਸੇ ਸਮਾਜ ਨੇ ਦਿੱਤੇ ਹਨ। ਇਹ ਪਰੰਪਰਾ ਅੱਜ ਵੀ ਜਾਰੀ ਹੈ।
ਮਹਾਤਮਾ ਜੋਤੀਬਾ ਫੂਲੇ ਦੀ ਸੋਚ ‘ਤੇ ਚੱਲ ਰਹੇ ਹਨ ਪੀ.ਐਮ. ਮੋਦੀ
ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਫੂਲੇ ਜੀ ਨੇ ਸਿਰਫ ਸਿੱਖਿਆ ਤੱਕ ਹੀ ਆਪਣੇ ਕੰਮ ਨੂੰ ਸੀਮਤ ਨਹੀਂ ਰੱਖਿਆ। ਉਨ੍ਹਾਂ ਨੇ ਸਮਾਜ ਦੇ ਹਰ ਉਸ ਵਰਗ ਲਈ ਆਵਾਜ਼ ਉਠਾਈ, ਜੋ ਸ਼ੋਸ਼ਣ ਅਤੇ ਬੇਇਨਸਾਫੀ ਦਾ ਸ਼ਿਕਾਰ ਸੀ। ਅੱਜ ਜਦੋਂ ਅਸੀਂ 21ਵੀਂ ਸਦੀ ਦੇ ਭਾਰਤ ਵਿੱਚ ਖੜ੍ਹੇ ਹਾਂ, ਤਾਂ ਵੀ ਮਹਾਤਮਾ ਫੂਲੇ ਜੀ ਦੇ ਵਿਚਾਰ ਬਹੁਤ ਢੁਕਵੇਂ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਦੇਸ਼ ‘ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਅਤੇ ਸਭਕਾ ਪ੍ਰਯਾਸ’ ਦੇ ਮੰਤਰ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਹ ਮੰਤਰ ਉਸ ਸਮਾਵੇਸ਼ੀ ਸੋਚ ਦਾ ਪ੍ਰਤੀਕ ਹੈ, ਜਿਸ ਦੀ ਨੀਂਹ ਮਹਾਤਮਾ ਫੂਲੇ ਜੀ ਨੇ ਰੱਖੀ ਸੀ। ਅੱਜ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ – ਚਾਹੇ ਉਹ ਗਰੀਬਾਂ ਲਈ ਮਕਾਨ ਹੋਣ, ਸਿਹਤ ਸਹੂਲਤਾਂ ਹੋਣ ਜਾਂ ਸਵੱਛਤਾ ਮੁਹਿੰਮ – ਸਾਰਿਆਂ ਦਾ ਉਦੇਸ਼ ਸਮਾਜ ਦੇ ਆਖਰੀ ਵਿਅਕਤੀ ਤੱਕ ਵਿਕਾਸ ਦੀ ਰੋਸ਼ਨੀ ਪਹੁੰਚਾਉਣਾ ਹੈ। ਇਸੇ ਉਦੇਸ਼ ਦੇ ਅਨੁਰੂਪ ਅਸੀਂ ਹਰਿਆਣਾ ਵਿੱਚ ਲੋਕ ਹਿੱਤ ਵਿੱਚ ਕਈ ਫੈਸਲੇ ਲਏ ਹਨ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ 217 ਸੰਕਲਪ ਲਏ ਸਨ। ਸਰਕਾਰ ਬਣਨ ਤੋਂ ਬਾਅਦ 1 ਸਾਲ ਪੂਰਾ ਹੋ ਗਿਆ ਹੈ ਅਤੇ ਹੁਣ ਤੱਕ 62 ਸੰਕਲਪ ਪੂਰੇ ਕੀਤੇ ਜਾ ਚੁੱਕੇ ਹਨ, ਜਦਕਿ 157 ‘ਤੇ ਤੇਜ਼ ਗਤੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛੜੀਆਂ ਸ਼੍ਰੇਣੀਆਂ ਲਈ ਕ੍ਰੀਮੀਲੇਅਰ ਦੀ ਆਮਦਨ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਸਾਲਾਨਾ ਕੀਤੀ ਹੈ। ਇਸੇ ਤਰ੍ਹਾਂ ਗਰੀਬ ਮਹਿਲਾਵਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਤਹਿਤ 250 ਕਰੋੜ ਰੁਪਏ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਵੀ ਸਰਕਾਰ ਨੇ ਕੰਮ ਕੀਤੇ ਹਨ ਅਤੇ ਸੂਬੇ ਵਿੱਚ ਫਸਲਾਂ ਦੀ ਖਰੀਦ ਐਮ.ਐਸ.ਪੀ. ‘ਤੇ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛੜੀ ਸ਼੍ਰੇਣੀ-ਬੀ ਨੂੰ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਇਕਾਈਆਂ ਵਿੱਚ ਰਾਖਵਾਂ ਦਿੱਤਾ ਹੈ। ਨਾਲ ਹੀ ਪਿਛੜੀ ਸ਼੍ਰੇਣੀ ਦੇ ਬੀ.ਪੀ.ਐਲ. ਪਰਿਵਾਰਾਂ ਦੀ ਬੇਟੀ ਦੇ ਵਿਆਹ ‘ਤੇ 51 ਹਜ਼ਾਰ ਰੁਪਏ ਦੀ ਸ਼ਗਨ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਉਹ ਮਾਧਿਅਮ ਹੈ, ਜਿਸ ਨਾਲ ਸਮਾਜ ਦੇ ਪੱਛੜੇ ਵਰਗ ਦੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਲਈ ਸਰਕਾਰ ਨੇ ਵਿਦਿਅਕ ਸੰਸਥਾਵਾਂ ਅਤੇ ਨੌਕਰੀਆਂ ਵਿੱਚ 27 ਫੀਸਦੀ ਰਾਖਵਾਂ ਲਾਗੂ ਕੀਤਾ। ਪਿਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਦੇ ਬੱਚਿਆਂ ਦੀ ਦੇਸ਼ ਵਿੱਚ ਪੜ੍ਹਾਈ ਲਈ 15 ਲੱਖ ਰੁਪਏ ਤੱਕ ਅਤੇ ਵਿਦੇਸ਼ ਵਿੱਚ ਪੜ੍ਹਾਈ ਲਈ 20 ਲੱਖ ਰੁਪਏ ਤੱਕ ਦਾ ਕਰਜ਼ਾ 4 ਪ੍ਰਤੀਸ਼ਤ ਸਾਲਾਨਾ ਵਿਆਜ ‘ਤੇ ਦਿੱਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀ-ਮੈਟ੍ਰਿਕ ਵਜ਼ੀਫ਼ਾ ਯੋਜਨਾ ਦੇ ਤਹਿਤ ਹੋਰ ਪਿਛੜੀਆਂ ਸ਼੍ਰੇਣੀਆਂ, ਜਿਨ੍ਹਾਂ ਦੀ ਪਰਿਵਾਰਕ ਆਮਦਨ 2 ਲੱਖ 50 ਹਜ਼ਾਰ ਰੁਪਏ ਤੱਕ ਹੈ, ਉਨ੍ਹਾਂ ਦੇ 9ਵੀਂ ਅਤੇ 10ਵੀਂ ਕਲਾਸ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ 4,000 ਰੁਪਏ ਸਾਲਾਨਾ ਵਿਦਿਅਕ ਭੱਤਾ ਦਿੱਤਾ ਜਾਂਦਾ ਹੈ। ਪੀ.ਐਮ. ਯਸ਼ਸਵੀ ਯੋਜਨਾ ਦੇ ਤਹਿਤ ਹੋਰ ਪਿਛੜੀਆਂ ਸ਼੍ਰੇਣੀਆਂ, ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 2 ਲੱਖ 50 ਹਜ਼ਾਰ ਰੁਪਏ ਤੱਕ ਹੈ, ਦੇ ਵਿਦਿਆਰਥੀਆਂ ਨੂੰ 5 ਹਜ਼ਾਰ ਰੁਪਏ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਵਿਦਿਅਕ ਭੱਤਾ ਅਤੇ ਟਿਊਸ਼ਨ ਫੀਸ ਪ੍ਰਦਾਨ ਕੀਤੀ ਜਾਂਦੀ ਹੈ। ਪੋਸਟ ਮੈਟ੍ਰਿਕ ਵਜ਼ੀਫ਼ਾ ਯੋਜਨਾ ਦੇ ਤਹਿਤ ਪਿਛੜੀ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ 160 ਰੁਪਏ ਤੋਂ 750 ਰੁਪਏ ਤੱਕ ਮਾਸਿਕ ਵਜ਼ੀਫ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਸਾਰੀਆਂ ਨਾਨ-ਰਿਫੰਡੇਬਲ ਫੀਸਾਂ ਦੀ ਪ੍ਰਤੀਪੂਰਤੀ ਵੀ ਕੀਤੀ ਜਾਂਦੀ ਹੈ। ਉੱਥੇ ਹੀ, ‘ਡਾ. ਅੰਬੇਡਕਰ ਮੇਧਾਵੀ ਵਿਦਿਆਰਥੀ ਸੋਧੀ ਹੋਈ ਯੋਜਨਾ’ ਤਹਿਤ ਪਿਛੜੀ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ 8 ਹਜ਼ਾਰ ਰੁਪਏ ਸਾਲਾਨਾ ਤੱਕ ਦਾ ਵਜ਼ੀਫ਼ਾ ਦਿੱਤਾ ਜਾਂਦਾ ਹੈ।
1 ਲੱਖ 80 ਹਜ਼ਾਰ ਤੱਕ ਵਧੇਗਾ ਲਾਡੋ ਲਕਸ਼ਮੀ ਯੋਜਨਾ ਦਾ ਦਾਇਰਾ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 1 ਲੱਖ 80 ਹਜ਼ਾਰ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਵਿਦਿਆਰਥੀਆਂ ਦੀ 12ਵੀਂ ਕਲਾਸ ਤੱਕ ਫੀਸ ਮਾਫ ਕੀਤੀ ਗਈ ਹੈ ਅਤੇ ਮੁਫਤ ਕਿਤਾਬਾਂ, ਵਰਦੀ ਅਤੇ ਲੇਖਣ ਸਮੱਗਰੀ ਵੀ ਦਿੱਤੀ ਜਾਂਦੀ ਹੈ। ਅਜਿਹੇ ਪਰਿਵਾਰਾਂ ਦੀਆਂ ਬੇਟੀਆਂ ਦੀ ਕਾਲਜ ਅਤੇ ਯੂਨੀਵਰਸਿਟੀ ਦੀ ਫੀਸ ਵੀ ਮਾਫ ਕੀਤੀ ਗਈ ਹੈ। ਗਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਸਾਲਾਨਾ 5 ਲੱਖ ਰੁਪਏ ਤੱਕ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਾਵਾਂ-ਭੈਣਾਂ ਦੇ ਸਮਾਜਿਕ ਅਤੇ ਆਰਥਿਕ ਉਥਾਨ ਲਈ ਦੀਨ ਦਿਆਲ ਲਾਡੋ ਲੱਛਮੀ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ 2100 ਰੁਪਏ ਦੀ ਮਾਸਿਕ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤਹਿਤ 6 ਕਿਸ਼ਤਾਂ ਵਿੱਚ 10 ਲੱਖ ਭੈਣਾਂ ਨੂੰ 1 ਹਜ਼ਾਰ 38 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਇਸ ਦੇ ਲਈ 6500 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ ਅਤੇ ਜਲਦੀ ਹੀ 1 ਲੱਖ 80 ਹਜ਼ਾਰ ਰੁਪਏ ਆਮਦਨ ਵਾਲੇ ਪਰਿਵਾਰਾਂ ਤੱਕ ਇਸ ਦਾ ਦਾਇਰਾ ਵਧਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਕਿੱਲ ਡਿਵੈਲਪਮੈਂਟ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਸੂਬੇ ਵਿੱਚ ਹੁਣ ਤੱਕ 1 ਲੱਖ 56 ਹਜ਼ਾਰ ਨੌਜਵਾਨਾਂ ਨੂੰ ਸਕਿਲ ਸਿਖਲਾਈ ਦਿੱਤੀ ਜਾ ਚੁੱਕੀ ਹੈ। ਸਿਖਲਾਈ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਤਕਨੀਕੀ ਸਕਿਲ ਸਿਖਾਏ ਜਾ ਰਹੇ ਹਨ। ਪੀ.ਐਮ. ਵਿਸ਼ਵਕਰਮਾ ਯੋਜਨਾ ਤਹਿਤ ਕੁਸ਼ਲ ਕਾਰੀਗਰਾਂ ਨੂੰ ਪ੍ਰੋਤਸਾਹਿਤ ਕਰਨਾ ਸਰਕਾਰ ਦੀਆਂ ਪ੍ਰਾਥਮਿਕਤਾ ਵਿੱਚ ਸ਼ਾਮਲ ਹੈ। ਇਸ ਯੋਜਨਾ ਤਹਿਤ ਸੂਬੇ ਵਿੱਚ ਹੁਣ ਤੱਕ 30 ਹਜ਼ਾਰ 555 ਸ਼ਿਲਪਕਾਰਾਂ ਨੂੰ ਸਕਿੱਲ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 50 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਕਰਜ਼ੇ ਵੀ ਦਿੱਤੇ ਜਾ ਚੁੱਕੇ ਹਨ।
ਮਹਾਤਮਾ ਜੋਤੀਬਾ ਫੂਲੇ ਦੇ ਦਿਖਾਏ ਮਾਰਗ ਦਾ ਸਰਕਾਰ ਕਰ ਰਹੀ ਹੈ ਅਨੁਸਰਣ – ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ
ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਦੇ ਦਿਖਾਏ ਮਾਰਗ ਦਾ ਹੀ ਮੌਜੂਦਾ ਸਰਕਾਰ ਅਨੁਸਰਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੀਆਂ ਹੀ ਸਿੱਖਿਆਵਾਂ ‘ਤੇ ਚੱਲਦੇ ਹੋਏ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦਾ ਆਗਾਜ਼ ਕੀਤਾ। ਮਹਾਤਮਾ ਜੋਤੀਬਾ ਫੂਲੇ ਨੇ ਉਸ ਵੇਲੇ ਕਿਹਾ ਸੀ ਕਿ ਸਿੱਖਿਆ ਤੋਂ ਬਗੈਰ ਵਿਅਕਤੀ ਅਧੂਰਾ ਹੈ। ਅੱਜ ਸਾਵਿਤਰੀਬਾਈ ਜੋਤੀਬਾ ਫੂਲੇ ਗਰੁੱਪ ਆਫ ਇੰਸਟੀਚਿਊਸ਼ਨਜ਼ ਦਾ ਨੀਂਹ ਪੱਥਰ ਮੁੱਖ ਮੰਤਰੀ ਵੱਲੋਂ ਰੱਖਿਆ ਗਿਆ ਹੈ, ਜੋ ਉਸ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਇਸ ਮੌਕੇ ਹਰਿਆਣਾ ਰਾਜ ਬਾਲ ਭਲਾਈ ਕੌਂਸਲ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੁਮਨ ਸੈਣੀ, ਮੁੱਖ ਮੰਤਰੀ ਦਫਤਰ ਇੰਚਾਰਜ ਸ਼੍ਰੀ ਕੈਲਾਸ਼ ਸੈਣੀ, ਸਾਬਕਾ ਸੰਸਦ ਮੈਂਬਰ ਕੈਲਾਸ਼ੋ ਸੈਣੀ, ਸਾਬਕਾ ਸੰਸਦ ਮੈਂਬਰ ਗੁਰਦਿਆਲ ਸੈਣੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।