
ਚੰਡੀਗੜ੍ਹ, 8 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਯੂ.ਪੀ.ਐਸ.ਸੀ. (UPSC), ਐਚ.ਪੀ.ਐਸ.ਸੀ. (HPSC) ਅਤੇ ਜੁਡੀਸ਼ਰੀ ਦੇ ਪ੍ਰੀ-ਐਗਜ਼ਾਮ (Pre-exam) ਪਾਸ ਕਰਨ ਵਾਲੇ ਨੌਜਵਾਨਾਂ ਨੂੰ ਅਗਲੀ ਕੋਚਿੰਗ ਫੀਸ ਦੀ ਭਰਪਾਈ ਕਰਨ ਲਈ ਸੂਬਾ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਮੁੱਖ ਮੰਤਰੀ ਯੁਵਾ ਪ੍ਰਤਿਭਾ ਪ੍ਰੋਤਸਾਹਨ ਯੋਜਨਾ” ਤਹਿਤ ਆਰਥਿਕ ਤੌਰ ‘ਤੇ ਕਮਜ਼ੋਰ ਨੌਜਵਾਨਾਂ ਨੂੰ 25 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਦੀ ਵਿੱਤੀ ਮਦਦ ਦਿੱਤੀ ਜਾਵੇਗੀ।
ਮੁੱਖ ਮੰਤਰੀ ਅੱਜ ਇੱਥੇ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਹਰਿਆਣਾ ਦੇ ਨਵ-ਨਿਯੁਕਤ ਨੌਜਵਾਨਾਂ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਭਾਰਤ ਭੂਸ਼ਣ ਭਾਰਤੀ ਅਤੇ ਸ੍ਰੀ ਰਾਕੇਸ਼ ਸੰਧੂ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਡਾਇਰੈਕਟਰ (ਪ੍ਰਸ਼ਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ, ਸ਼ਹੀਦ ਸਮਾਰਕ ਅੰਬਾਲਾ ਦੇ ਡਾਇਰੈਕਟਰ ਡਾ. ਕੁਲਦੀਪ ਸੈਣੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਸੰਕਲਪ-ਪੱਤਰ ਵਿੱਚ “ਮੁੱਖ ਮੰਤਰੀ ਯੁਵਾ ਪ੍ਰਤਿਭਾ ਪ੍ਰੋਤਸਾਹਨ ਯੋਜਨਾ” ਸ਼ੁਰੂ ਕਰਨ ਦਾ ਸੰਕਲਪ ਲਿਆ ਸੀ, ਜਿਸ ਨੂੰ ਹਕੀਕਤ ਵਿੱਚ ਉਤਾਰਦਿਆਂ। ਹੁਣ ਇਸ ਯੋਜਨਾ ਤਹਿਤ ਆਰਥਿਕ ਤੌਰ ‘ਤੇ ਕਮਜ਼ੋਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ., ਐਚ.ਪੀ.ਐਸ.ਸੀ. ਅਤੇ ਜੁਡੀਸ਼ਰੀ ਦੇ ਪ੍ਰੀ-ਐਗਜ਼ਾਮ ਪਾਸ ਕਰਨ ‘ਤੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੱਕ ਹੈ, ਉਨ੍ਹਾਂ ਦੇ ਬੱਚਿਆਂ ਨੂੰ 70 ਹਜ਼ਾਰ ਰੁਪਏ,1.80 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ 60 ਹਜ਼ਾਰ ਰੁਪਏ,1.80 ਲੱਖ ਤੋਂ 3 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ 50 ਹਜ਼ਾਰ ਰੁਪਏ, 3 ਲੱਖ ਤੋਂ 5 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਰਾਜ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚ ਯੂ.ਪੀ.ਐਸ.ਸੀ. ਅਤੇ ਐਚ.ਪੀ.ਐਸ.ਸੀ. ਪ੍ਰੀਖਿਆਵਾਂ ਦੀ ਕੋਚਿੰਗ ਦਿੱਤੀ ਜਾਵੇਗੀ। ਇਸ ਦੇ ਲਈ ਸ਼ਾਮ ਦੇ ਸੈਸ਼ਨ ਵਿੱਚ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਸੂਬੇ ਦੇ ਵੱਧ ਤੋਂ ਵੱਧ ਨੌਜਵਾਨ ਇਨ੍ਹਾਂ ਪ੍ਰੀਖਿਆਵਾਂ ਵਿੱਚ ਸਫਲ ਹੋ ਸਕਣ।
ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ਦੀ ਸੋਚ, ਉਸ ਦੀਆਂ ਯੋਜਨਾਵਾਂ ਅਤੇ ਫੈਸਲੇ ਭਾਰਤ ਦੇ ਭਵਿੱਖ ਦੀ ਦਿਸ਼ਾ ਤੈਅ ਕਰਦੇ ਹਨ। ਉਨ੍ਹਾਂ ਦੇ ਫੈਸਲਿਆਂ ਨਾਲ ਲੱਖਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਚੁਣੇ ਗਏ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਦਮ ‘ਤੇ ਦੇਸ਼ ਦੀਆਂ ਸਰਵਉੱਚ ਸੇਵਾਵਾਂ ਦੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨਵ-ਨਿਯੁਕਤ ਨੌਜਵਾਨਾਂ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਆਸਾਨ ਨਹੀਂ ਹੁੰਦੀ। ਲੱਖਾਂ ਨੌਜਵਾਨ ਇਸ ਪ੍ਰੀਖਿਆ ਵਿੱਚ ਬੈਠਦੇ ਹਨ, ਪਰ ਸਫਲ ਉਹੀ ਹੁੰਦੇ ਹਨ ਜੋ ਅਰਜੁਨ ਵਾਂਗ ਆਪਣੇ ਟੀਚੇ ਪ੍ਰਤੀ ਸਮਰਪਿਤ ਰਹਿੰਦੇ ਹਨ।
ਉਨ੍ਹਾਂ ਨੇ UPSC ਭਾਰਤੀ ਪ੍ਰਸ਼ਾਸਨਿਕ ਸੇਵਾ ਪ੍ਰੀਖਿਆ ਨਤੀਜਿਆਂ ਵਿੱਚ ਦੇਸ਼ ਭਰ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਵਾਲੇ ਏਕਾਂਸ਼ ਢੁੱਲ ਸਮੇਤ ਹਰਿਆਣਾ ਦੇ ਸਫਲ 77 ਹੋਣਹਾਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਸਿਰਫ਼ ਇੱਕ ਨੌਕਰੀ ਨਹੀਂ ਹੈ, ਇਹ ਇੱਕ ਜ਼ਿੰਮੇਵਾਰੀ ਹੈ, ਇੱਕ ਕਰਤੱਵ ਹੈ ਅਤੇ ਇੱਕ ਸੇਵਾ ਹੈ। ਇਹ ਉਹ ਮੰਚ ਹੈ ਜਿੱਥੇ ਤੁਹਾਡੇ ਫੈਸਲੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਹੁਣ ਤੱਕ ਤੁਹਾਡੀ ਯਾਤਰਾ ਨਿੱਜੀ ਪ੍ਰਾਪਤੀਆਂ ਦੀ ਯਾਤਰਾ ਸੀ, ਪਰ ਹੁਣ ਅੱਗੇ ਦੀ ਯਾਤਰਾ ਜਨ-ਸੇਵਾ ਦੀ ਯਾਤਰਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਤੁਸੀਂ ਕਿਸੇ ਫਾਈਲ ‘ਤੇ ਦਸਤਖਤ ਕਰੋ, ਤਾਂ ਇਹ ਯਾਦ ਰੱਖੋ ਕਿ ਉਸ ਦੇ ਪਿੱਛੇ ਕਿਸੇ ਗਰੀਬ ਦੀ ਉਮੀਦ ਜੁੜੀ ਹੋਈ ਹੈ। ਜਦੋਂ ਵੀ ਕੋਈ ਨੀਤੀ ਲਾਗੂ ਕਰੋ, ਤਾਂ ਇਹ ਸੋਚੋ ਕਿ ਉਸ ਦਾ ਪ੍ਰਭਾਵ ਸਮਾਜ ਦੇ ਅੰਤਿਮ ਵਿਅਕਤੀ ਤੱਕ ਕਿਵੇਂ ਪਹੁੰਚੇਗਾ। ਅਤੇ ਜਦੋਂ ਵੀ ਕੋਈ ਫੈਸਲਾ ਲਓ, ਤਾਂ ਇਹ ਜ਼ਰੂਰ ਵਿਚਾਰ ਕਰੋ ਕਿ ਕੀ ਇਹ ਦੇਸ਼ ਅਤੇ ਸਮਾਜ ਦੇ ਹਿੱਤ ਵਿੱਚ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ਨੇ ਨਾ ਸਿਰਫ਼ ਸਿਵਲ ਸੇਵਾਵਾਂ ਵਿੱਚ, ਸਗੋਂ ਮੈਡੀਕਲ, ਇੰਜੀਨੀਅਰਿੰਗ, ਪ੍ਰਬੰਧਨ ਅਤੇ ਤਕਨੀਕੀ ਖੇਤਰਾਂ ਵਿੱਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਇਹ ਦਰਸਾਉਂਦਾ ਹੈ ਕਿ ਸਾਡੇ ਰਾਜ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਸਿਰਫ਼ ਸਹੀ ਦਿਸ਼ਾ ਅਤੇ ਮੌਕੇ ਦੀ ਲੋੜ ਹੁੰਦੀ ਹੈ ਅਤੇ ਸਾਡੀ ਡਬਲ ਇੰਜਣ ਵਾਲੀ ਸਰਕਾਰ ਉਸੇ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਢੇ 11 ਸਾਲਾਂ ਵਿੱਚ ਹਰਿਆਣਾ ਵਿੱਚ ਇੱਕ ਪਾਰਦਰਸ਼ੀ ਅਤੇ ਨਿਰਪੱਖ ਪ੍ਰਣਾਲੀ ਸਥਾਪਤ ਕੀਤੀ ਗਈ ਹੈ। ਇਹ ਸਿਰਫ਼ ਇੱਕ ਨੀਤੀਗਤ ਫੈਸਲਾ ਨਹੀਂ ਸੀ, ਸਗੋਂ ਇਹ ਨੌਜਵਾਨਾਂ ਦੇ ਆਤਮ-ਵਿਸ਼ਵਾਸ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਸੀ। ਮੌਜੂਦਾ ਸੂਬਾ ਸਰਕਾਰ ਨੇ ‘ਬਿਨਾਂ ਪਰਚੀ, ਬਿਨਾਂ ਖਰਚੀ’ ਦੇ 1 ਲੱਖ 80 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਉਨ੍ਹਾਂ ਨੇ ਨਵੇਂ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਤੁਹਾਡੇ ਜੀਵਨ ਵਿੱਚ ਵੀ ਅਜਿਹੀਆਂ ਕਈ ਰੁਕਾਵਟਾਂ ਆਉਣਗੀਆਂ, ਪ੍ਰਸ਼ਾਸਨਿਕ ਪੇਚੀਦਗੀਆਂ ਹੋਣਗੀਆਂ, ਸਿਆਸੀ ਦਬਾਅ ਹੋਣਗੇ ਅਤੇ ਕਦੇ ਸਮਾਜਿਕ ਹਾਲਾਤ ਪ੍ਰਤੀਕੂਲ ਹੋਣਗੇ। ਪਰ ਤੁਹਾਡੇ ਵਿੱਚੋਂ ਜੋ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰੇਗਾ, ਉਹੀ ਸੱਚਾ ਪ੍ਰਸ਼ਾਸਕ ਕਹਾਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਆਈ.ਏ.ਐਸ. (IAS) ਅਧਿਕਾਰੀ ਦਾ ਸਭ ਤੋਂ ਵੱਡਾ ਮਾਰਗਦਰਸ਼ਕ ਸਾਡਾ ਸੰਵਿਧਾਨ ਹੋਣਾ ਚਾਹੀਦਾ ਹੈ। ਸੰਵਿਧਾਨ ਸਾਨੂੰ ਬਰਾਬਰੀ, ਨਿਆਂ, ਆਜ਼ਾਦੀ ਅਤੇ ਭਾਈਚਾਰੇ ਦਾ ਮਾਰਗ ਦਿਖਾਉਂਦਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਕੰਮ ਕਰਨਾ ਹੈ। ਤੁਹਾਡਾ ਇੱਕੋ-ਇੱਕ ਧਰਮ ਜਨਤਾ ਦੀ ਸੇਵਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਅੱਜ ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ। ਦੁਨੀਆ ਵਿੱਚ ਭਾਰਤ ਦੀ ਸਾਖ ਲਗਾਤਾਰ ਵਧ ਰਹੀ ਹੈ। ਸਾਡਾ ਦੇਸ਼ ‘ਵਿਕਸਿਤ ਭਾਰਤ’ ਦੇ ਟੀਚੇ ਵੱਲ ਵਧ ਰਿਹਾ ਹੈ। ਇਸ ਤਬਦੀਲੀ ਦਾ ਧੁਰਾ ਤੁਹਾਡੇ ਵਰਗੇ ਨੌਜਵਾਨ ਅਧਿਕਾਰੀ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ਸਿਰਫ਼ ਸਿਸਟਮ ਦਾ ਹਿੱਸਾ ਨਹੀਂ ਹਨ, ਸਗੋਂ ਉਸ ਪਰਿਵਰਤਨ ਦੇ ਵਾਹਕ ਹਨ ਜੋ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇਗਾ।
ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਸਮਾਰੋਹ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਨਵ-ਨਿਯੁਕਤ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਰਿਆਣਾ ਸਿਰਫ਼ ਖਿਡਾਰੀਆਂ ਦੇ ਮਾਮਲੇ ਵਿੱਚ ਹੀ ਧਾਕੜ ਨਹੀਂ ਹੈ, ਸਗੋਂ ਬੌਧਿਕ ਵਿਕਾਸ ਵਿੱਚ ਵੀ ਮੋਹਰੀ ਹੈ। ਉਨ੍ਹਾਂ ਨੇ ਨਵੇਂ IAS ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਮੁਹਾਰਤ ਨਾਲ ਦੇਸ਼ ਦੀ ਨੀਤੀ ਘੜਨ ਵਾਲੇ ਦੱਸਦਿਆਂ ਕਿਹਾ ਕਿ ਰਾਜ ਨੂੰ ਇਨ੍ਹਾਂ ਦੀ ਪ੍ਰਤਿਭਾ ਦਾ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ IAS ਦੀ ਸਿਖਲਾਈ ਤੋਂ ਬਾਅਦ ਫੀਲਡ ਵਿੱਚ ਸੰਵੇਦਨਸ਼ੀਲਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਰਾਤ ਨੂੰ 2 ਵਜੇ ਤੱਕ ਲੋਕਾਂ ਨੂੰ ਮਿਲਣ ਤੋਂ ਬਾਅਦ ਸਵੇਰੇ 8 ਵਜੇ ਫਿਰ ਤੋਂ ਜਨ-ਸੇਵਾ ਵਿੱਚ ਜੁੱਟ ਜਾਂਦੇ ਹਨ। ਅਜਿਹੇ ਵਿੱਚ ਅਧਿਕਾਰੀਆਂ ਨੂੰ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨਾ ਪੈਂਦਾ ਹੈ।
ਇਸ ਮੌਕੇ UPSC ਦੇ ਨਤੀਜਿਆਂ ਵਿੱਚ ਦੇਸ਼ ਵਿੱਚ ਤੀਜੇ ਸਥਾਨ ‘ਤੇ ਆਉਣ ਵਾਲੇ ਏਕਾਂਸ਼ ਢੁੱਲ, ਛੇਵੇਂ ਰੈਂਕ ‘ਤੇ ਆਈ ਜਿੰਨੀਆ ਅਰੋੜਾ ਤੋਂ ਇਲਾਵਾ ਨਵ-ਨਿਯੁਕਤ ਨੌਜਵਾਨ ਨਿਤੀਸ਼, ਸ਼ਗੁਨ ਮਹਿਰਾ ਅਤੇ ਸ਼ਿਖਾ ਨੇ ਵੀ ਆਪਣੇ ਟੀਚੇ ਤੱਕ ਪਹੁੰਚਣ ਦੀ ਆਪਣੀ ਯਾਤਰਾ ਸਾਂਝੀ ਕੀਤੀ।