
ਬਠਿੰਡਾ: 25 ਜੁਲਾਈ – ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਦੇ ਮੌਕੇ ਅਤੇ ‘ਆਪਰੇਸ਼ਨ ਵਿਜੇ’ ਵਿੱਚ ਸ਼ਹੀਦ ਹੋਏ ਨਾਇਕਾਂ ਦੀ ਨਿਰਸਵਾਰਥ ਸੇਵਾ ਨੂੰ ਮਨਾਉਣ ਲਈ, ਚੇਤਕ ਕੋਰ ਨੇ ਅੱਜ ਇੱਥੇ ਬਠਿੰਡਾ ਮਿਲਟਰੀ ਸਟੇਸ਼ਨ ਤੇ ‘ਆਪਣੀ ਫੌਜ ਨੂੰ ਜਾਣੋ’ ਥੀਮ ਹੇਠ ਹਥਿਆਰਾਂ ਅਤੇ ਫੌਜੀ ਸਾਜ਼ੋ-ਸਾਮਾਨ ਦਾ ਇੱਕ ਆਕਰਸ਼ਕ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਵਿੱਚ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਬਠਿੰਡਾ ਦੇ ਵੱਖ-ਵੱਖ ਸਕੂਲਾਂ ਦੇ 1500 ਤੋਂ ਵੱਧ ਵਿਦਿਆਰਥੀ ਅਤੇ ਐਨਸੀਸੀ ਕੈਡਿਟ ਹਾਜ਼ਰ ਸਨ। ਉਥੇ ਮੌਜੂਦ ਲੋਕ ਭਾਰਤੀ ਫੌਜ ਦੇ ਨਵੀਨਤਮ ਹਥਿਆਰਾਂ, ਸਾਜ਼ੋ-ਸਾਮਾਨ ਅਤੇ ਅਤਿ-ਆਧੁਨਿਕ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਤੋਂ ਬਹੁਤ ਪ੍ਰਭਾਵਿਤ ਹੋਏ। ਦੇਸ਼ ਭਗਤੀ ਦੇ ਗੀਤਾਂ ਦੇ ਨਾਲ ਲਾਈਵ ਬੈਂਡ ਦੀ ਪੇਸ਼ਕਾਰੀ ਅਤੇ ਓਪਰੇਸ਼ਨ ਵਿਜੇ ‘ਤੇ ਪ੍ਰੇਰਕ ਫਿਲਮ ਨੇ ਸਮਾਗਮ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ।
ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਬਹਾਦਰ ਸੈਨਿਕਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਜਿਸ ਨੇ ਨੌਜਵਾਨ ਮਨਾਂ ਨੂੰ ਫੌਜੀ ਜੀਵਨ ਦੀ ਝਲਕ ਪ੍ਰਦਾਨ ਕੀਤੀ ਅਤੇ ਸਾਰੇ ਨੌਜਵਾਨਾਂ ਨੂੰ ਭਵਿੱਖ ਵਿੱਚ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ।