Friday, September 19Malwa News
Shadow

ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ ‘ਸਿੱਖ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ

ਚੰਡੀਗੜ੍ਹ, 4 ਮਈ, 2024 – ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇਵਾਲ ਨੂੰ ਬੀਤੇ ਦਿਨ ਮੁੰਬਈ ਸਥਿਤ ਸ਼੍ਰੀ ਸ਼ਨਮੁਖਾਨੰਦ ਚੰਦਰਸ਼ੇਖਰੇਂਦਰ ਸਰਸਵਤੀ ਆਡੀਟੋਰੀਅਮ ਵਿਖੇ ਆਯੋਜਿਤ ਇੱਕ ਵੱਕਾਰੀ ਸਮਾਗਮ ਦੌਰਾਨ ‘ਸਿੱਖ ਅਚੀਵਰਜ਼ ਐਵਾਰਡ’ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦੁਬਈ ਵਿਖੇ ‘ਸੇਵਾ ਐਵਾਰਡ’ ਅਤੇ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਸਤਿ ਸ੍ਰੀ ਅਕਾਲ ਚੈਰੀਟੇਬਲ ਟਰੱਸਟ ਮੁੰਬਈ ਦੁਆਰਾ ਆਯੋਜਿਤ ਇਸ ਸਲਾਨਾ ਸਮਾਗਮ ਵਿੱਚ ਉਨ੍ਹਾਂ ਸੱਤ ਉੱਘੇ ਸਿੱਖਾਂ ਨੂੰ ਬਿਹਤਰੀਨ ਸਮਾਜਿਕ ਯੋਗਦਾਨ ਪਾਉਣ ਬਦਲੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਮਾਜ ਨੂੰ ਮਹੱਤਵਪੂਰਨ ਦੇਣ ਦਿੱਤੀ ਹੈ। ਇਸ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਸ਼ਮਸ਼ੇਰ ਲਹਿਰੀ ਅਤੇ ਬੀਰੇਂਦਰ ਢਿੱਲੋਂ ਦੇ ਸੂਫੀ ਗੀਤਾਂ ਅਤੇ ਉੱਘੀ ਸਟੇਜ ਕਲਾਕਾਰ ਸਤਿੰਦਰ ਕੌਰ ਸੱਤੀ ਦੀ ਬਾਖੂਬੀ ਪੇਸ਼ਕਾਰੀ ਨੇ ਸਮਾਰੋਹ ਦੀ ਰੌਣਕ ਵਿੱਚ ਹੋਰ ਵਾਧਾ ਕੀਤਾ।

ਸਨਮਾਨ ਪ੍ਰਾਪਤ ਕਰਨ ਉਪਰੰਤ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਗਰੇਵਾਲ ਨੇ ਪ੍ਰਬੰਧਕਾਂ ਅਤੇ ਟਰੱਸਟ ਦੇ ਚੇਅਰਮੈਨ ਪੂਰਨ ਸਿੰਘ ਬਾਂਗਾ ਦਾ ਧੰਨਵਾਦ ਕਰਦਿਆਂ ਕਿਹਾ ਇਹ ਸਨਮਾਨ ਉਨ੍ਹਾਂ ਨੂੰ ਵਧ-ਚੜ੍ਹ ਕੇ ਸਮਾਜ ਸੇਵਾ ਕਰਨ ਲਈ ਪ੍ਰਤੀਬੱਧਤਾ, ਜ਼ਿੰਮੇਵਾਰੀ ਵਿੱਚ ਹੋਰ ਵਾਧਾ ਕਰਨ ਅਤੇ ਗੱਤਕੇ ਪ੍ਰਤੀ ਭਵਿੱਖੀ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦਾ ਰਹੇਗਾ।

ਜਿਕਰਯੋਗ ਹੈ ਕਿ ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਇਸ ਵਿਰਾਸਤੀ ਸਿੱਖ ਮਾਰਸ਼ਲ ਆਰਟ ਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਤ ਕਰਨ ਅਤੇ ਸੰਭਾਲਣ ਪ੍ਰਤੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵਜੋਂ ਉਨ੍ਹਾਂ ਦੀ ਅਗਵਾਈ ਹੇਠ ਗੱਤਕਾ ਖੇਡ ਨੂੰ ਨੈਸ਼ਨਲ ਸਕੂਲ ਗੇਮਜ਼, ਆਲ ਇੰਡੀਆ ਇੰਟਰ-ਯੂਨੀਵਰਸਿਟੀ ਗੱਤਕਾ ਟੂਰਨਾਮੈਂਟ, ਖੇਲੋ ਇੰਡੀਆ ਯੂਥ ਗੇਮਜ਼ ਅਤੇ ਨੈਸ਼ਨਲ ਖੇਡਾਂ ਸਮੇਤ ਵੱਖ-ਵੱਖ ਖੇਡਾਂ ਵਿੱਚ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਦਿਵਾਈ ਗਈ ਹੈ।

ਹਰਜੀਤ ਗਰੇਵਾਲ ਦੀਆਂ ਪਹਿਲਕਦਮੀਆਂ ਨੇ ਗੱਤਕੇ ਨੂੰ ਪੰਜਾਬ ਖੇਡ ਵਿਭਾਗ ਦੀ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਲ ਕਰਵਾਇਆ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠਕ੍ਰਮ ਵਿੱਚ ਗੱਤਕੇ ਬਾਰੇ ਇੱਕ ਪਾਠ ਸ਼ਾਮਲ ਕਰਵਾਇਆ। ਭਵਿੱਖ ਬਾਰੇ ਗੱਲਬਾਤ ਕਰਦਿਆਂ ਪੰਜਾਬ ਰਾਜ ਪੁਰਸਕਾਰ ਜੇਤੂ ਗਰੇਵਾਲ ਗੱਤਕਾ ਖੇਡ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ ਅਤੇ ਗੱਤਕੇ ਨੂੰ ਪੜਾਅਵਾਰ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਬਾਅਦ ਵਿੱਚ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਾਉਣ ਦੀ ਯੋਜਨਾ ਹੈ।