Tuesday, March 24Malwa News
Shadow

ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਜਾਂਚ ਕੈਂਪ ਆਯੋਜਿਤ

ਕੀਰਤਪੁਰ ਸਾਹਿਬ 24 ਮਾਰਚ: ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਗਰਭਵਤੀ ਮਹਿਲਾਵਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐਸ.ਐੱਮ.ਓ ਕੀਰਤਪੁਰ ਸਾਹਿਬ ਡਾ. ਸੁਰਜੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
       ਇਹ ਕੈਂਪ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਲਗਾਇਆ ਗਿਆ, ਜਿਸਦਾ ਮੁੱਖ ਉਦੇਸ਼ ਗਰਭਵਤੀ ਮਹਿਲਾਵਾਂ ਅਤੇ ਜਨਮ ਲੈਣ ਵਾਲੇ ਬੱਚਿਆਂ ਦੀ ਸਿਹਤ ਦੀ ਸੰਭਾਲ ਕਰਨਾ ਅਤੇ ਮੌਤ ਦਰ ਨੂੰ ਘਟਾਉਣਾ ਹੈ। ਇਸ ਦੌਰਾਨ ਮਹਿਲਾਵਾਂ ਦੀ ਸੰਪੂਰਨ ਸਿਹਤ ਜਾਂਚ ਕੀਤੀ ਗਈ ਅਤੇ ਲੋੜੀਂਦੇ ਸਾਰੇ ਟੈਸਟ ਮੁਫ਼ਤ ਕੀਤੇ ਗਏ।
       ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਅਨੂ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਗਰਭਵਤੀ ਮਹਿਲਾਵਾਂ ਲਈ ਮੁਫ਼ਤ ਜਾਂਚ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਮਾਂ ਅਤੇ ਬੱਚੇ ਦੀ ਸਿਹਤ ਨੂੰ ਸੁਰੱਖਿਅਤ ਕੀਤਾ ਜਾ ਸਕੇ।
     ਉਨ੍ਹਾਂ ਨੇ ਮਹਿਲਾਵਾਂ ਨੂੰ ਸਲਾਹ ਦਿੱਤੀ ਕਿ ਗਰਭ ਅਵਸਥਾ ਦੌਰਾਨ ਪੋਸ਼ਟਿਕ ਆਹਾਰ ਜਿਵੇਂ ਹਰੀਆਂ ਸਬਜ਼ੀਆਂ, ਦੁੱਧ ਅਤੇ ਪ੍ਰੋਟੀਨ ਵਾਲਾ ਭੋਜਨ ਅਪਣਾਇਆ ਜਾਵੇ। ਇਸ ਦੇ ਨਾਲ ਹੀ ਕੈਂਪ ਦੌਰਾਨ ਮਹਿਲਾਵਾਂ ਨੂੰ ਕੈਲਸ਼ੀਅਮ ਅਤੇ ਆਇਰਨ ਦੀਆਂ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ।
ਇਸ ਮੌਕੇ ਸਟਾਫ਼ ਨਰਸ ਹਰਜੀਤ ਕੌਰ ਅਤੇ ਆਸ਼ਾ ਵਰਕਰਾਂ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਮਹਿਲਾਵਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ।