Thursday, February 26Malwa News
Shadow

ਹਲਕੇ ਦੇ ਪੰਜ ਵਾਰਡਾਂ ਅਤੇ ਤਿੰਨ ਪਿੰਡਾਂ ਚ ਮੁੱਖ ਮੰਤਰੀ ਸਿਹਤ ਯੋਜਨਾ ਕੈਂਪ ਦਾ ਆਯੋਜਨ – ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ, 26 ਫਰਵਰੀ- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੱਜ ਹਲਕਾ ਸ੍ਰੀ ਮੁਕਤਸਰ ਸਾਹਿਬ ਵਿੱਚ “ਮੁੱਖ ਮੰਤਰੀ ਸਿਹਤ ਯੋਜਨਾ ਕੈਂਪ” ਦਾ ਆਯੋਜਨ ਸ਼ਹਿਰ ਦੇ ਪੰਜ ਵਾਰਡਾਂ ਅਤੇ ਤਿੰਨ ਪਿੰਡਾਂ ‘ਚ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਵਾਰਡ ਨੰਬਰ 6 ‘ਚ ਰਿੰਕੂ ਬਾਂਸਲ ਦੇ ਗ੍ਰਹਿ ਅਤੇ ਵੋਹਰਾ ਕਲੋਨੀ ਵਿਖੇ ਲੱਗੇ ਕੈਂਪ ਵਿੱਚ ਹਲਕੇ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਕੈਂਪ ਦਾ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸਿਹਤ ਸੇਵਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਟੈਸਟ, ਦਵਾਈਆਂ ਅਤੇ ਆਪ੍ਰੇਸ਼ਨ ਦਾ ਪੂਰਾ ਖਰਚ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਧੀਨ ਪੂਰਾ ਪਰਿਵਾਰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੋਜਨਾ ਅਧੀਨ ਰਾਜ ਦੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਵੀ ਸ਼ਾਮਲ ਕੀਤੇ ਗਏ ਹਨ ਤਾਂ ਜੋ ਮਰੀਜਾਂ ਨੂੰ ਕੋਈ ਖੱਜਲ-ਖੁਆਰੀ ਨਾ ਝਲਣੀ ਪਵੇ।

ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਗਰੀਬ ਅਤੇ ਪਿੱਛੜੇ ਵਰਗਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਕੋਈ ਵੀ ਵਿਅਕਤੀ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਇਨ੍ਹਾਂ ਸਿਹਤ ਕੈਂਪਾਂ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਇਹ ਕੈਂਪ ਇੱਕ ਥਾਂ ਤੇ ਲਗਾਤਾਰ 6 ਦਿਨ ਲਗੇਗਾ ਅਤੇ ਇਨ੍ਹਾਂ ਦਿਨਾਂ ਵਿਚ ਇਕ ਵਾਰਡ ਨੂੰ ਕਵਰ ਕਰ ਦਿੱਤਾ ਜਾਵੇਗਾ।

ਇਸ ਮੌਕੇ ਰਿੰਕੂ ਬਾਂਸਲ, ਇਕਬਾਲ ਸਿੰਘ ਬਰਾੜ, ਬਲਰਾਜ ਸਿੰਘ ਭੁੱਲਰ, ਸੁਮਿਤ ਗਰਗ, ਸਨੀ ਕੁੱਕੜ, ਨਿਰੰਜਨ ਸਿੰਘ ਰੱਖੜਾ, ਸਾਹਿਲ ਕੁੱਬਾ, ਪਵਨ ਕੁੱਕੜ, ਗੁਰਦੀਪ ਸਿੰਘ ਸਰਪੰਚ ਰੋੜਾਂਵਾਲਾ ਅਤੇ ਸ਼ਹਿਰ ਵਾਸੀ ਹਾਜ਼ਰ ਸਨ।